ਸ੍ਰੀ ਮੁਕਤਸਰ ਸਾਹਿਬ ''ਚ ਝਪਟਮਾਰਾਂ ਦੀਆਂ ਦੋ ਵਾਰਦਾਤਾਂ, ਮਾਮਲਾ ਦਰਜ

Wednesday, Sep 23, 2020 - 02:26 PM (IST)

ਸ੍ਰੀ ਮੁਕਤਸਰ ਸਾਹਿਬ ''ਚ ਝਪਟਮਾਰਾਂ ਦੀਆਂ ਦੋ ਵਾਰਦਾਤਾਂ, ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅਣਪਛਾਤੇ ਝਪਟਮਾਰਾਂ ਦਾ ਖੌਫ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਝਪਟਮਾਰ ਦੀਆਂ ਦੋ ਵਾਰਦਾਤਾਂ ਮੰਗਲਵਾਰ ਨੂੰ ਸ਼ਹਿਰ ਅੰਦਰ ਹੋਈਆਂ ਹਨ, ਜਿਸ ਵਿਚ ਇਕ ਸਕੂਟਰੀ ਸਵਾਰ ਔਰਤ ਤੋਂ ਦੋ ਅਣਪਛਾਤੇ ਮੋਟਰਸਾਇਕਲ ਸਵਾਰ ਝਪਟਮਾਰ ਪੈਸਿਆਂ ਵਾਲਾ ਪਰਸ ਖ਼ੋਹ ਕੇ ਰਫੂ ਚੱਕਰ ਹੋ ਗਏ, ਜਦਕਿ ਦੂਜੇ ਮਾਮਲੇ ਵਿਚ ਰਾਤ ਸਮੇਂ ਜਾ ਰਹੇ ਇਕ ਮੋਟਰਸਾਇਕਲ ਸਵਾਰ ਤੋਂ ਤਿੰਨ ਅਣਪਛਾਤਿਆਂ ਨੇ ਪੈਸੇ ਖ਼ੋਹ ਲਏ ਹਨ। ਪਹਿਲੇ ਮਾਮਲੇ ਵਿਚ ਪੀੜਤਾ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਸਦਰ ਵਿਖੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਸ ਨੇ ਝਪਟਮਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

ਪੁਲਸ ਕੋਲ ਦਰਜ ਕਰਾਈ ਸ਼ਿਕਾਇਤ ਵਿਚ ਪਿੰਡ ਉਦੇਕਰਨ ਦੀ ਰਹਿਣ ਵਾਲੀ ਹਰਵਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੀ ਐਕਟਿਵ ਸਕੂਟਰੀ ਨੰਬਰ ਪੀਬੀ 30ਪੀ 0630 'ਤੇ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਵਾਪਿਸ ਪਿੰਡ ਨੂੰ ਆ ਰਹੀ ਸੀ। ਜਦੋਂ ਉਹ ਫ਼ਿਰੋਜ਼ਪੁਰ ਰੋਡ 'ਤੇ ਬਣੇ ਰੇਲਵੇ ਫਾਟਕ 'ਤੇ ਪੁੱਜੀ ਤਾਂ ਸਪੀਡ ਬ੍ਰੇਕਰ ਕੋਲ ਉਸਨੇ ਆਪਣੀ ਸਕੂਟਰੀ ਦੀ ਰਫ਼ਤਾਰ ਹੌਲੀ ਕੀਤੀ ਸੀ, ਇਸ ਦੌਰਾਨ ਪਿੱਛੋਂ ਇਕ ਮੋਟਰਸਾਇਕਲ ਆਇਆ, ਜਿਸ 'ਤੇ ਦੋ ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਮੋਟਰਸਾਇਕਲ ਉਸ ਦੀ ਸਕੂਟਰੀ ਦੇ ਬਰਾਬਰ ਕਰਕੇ ਉਸਨੂੰ ਧੱਕਾ ਮਾਰਿਆ, ਜਿਸ ਨਾਲ ਉਸਦੀ ਸਕੂਟਰੀ ਦੀ ਚਾਲ ਵਿਗੜ ਗਈ ਤੇ ਉਹ ਰੁਕ ਗਈ, ਇੰਨੇ ਵਿਚ ਦੋਵੇਂ ਅਣਪਛਾਤੇ ਝਪਟਮਾਰਾਂ ਨੇ ਉਸਦਾ ਪਰਸ ਖ਼ੋਹ ਲਿਆ ਤੇ ਦੇਖਦੇ ਹੀ ਦੇਖਦੇ ਉਹ ਰਫੂ ਚੱਕਰ ਹੋ ਗਏ। ਪੀੜ੍ਹਤਾ ਨੇ ਦੱਸਿਆ ਕਿ ਪਰਸ ਵਿੱਚ 5 ਹਜ਼ਾਰ ਦੀ ਨਗਦੀ, ਐਪਲ ਕੰਪਨੀ ਦਾ ਫ਼ੋਨ ਤੇ ਜ਼ਰੂਰੀ ਕਾਗਜ਼ਾਤ ਸਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਝਪਟਮਾਰਾਂ ਨੂੰ ਖੋਜਣ ਵਿੱਚ ਲੱਗੀ ਹੋਈ ਹੈ।

ਰਾਤ ਸਮੇਂ ਮੋਟਰਸਾਇਕਲ ਸਵਾਰ ਤੋਂ ਵੀ ਖ਼ੋਹੇ ਪੈਸੇ
ਥਾਣਾ ਸਦਰ ਵਿਖੇ ਦਰਜ ਹੋਏ ਦੂਜੇ ਮਾਮਲੇ ਵਿਚ ਪੁਲਸ ਨੇ ਤਿੰਨ ਅਜਿਹੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਨੇ ਰਾਤ ਸਮੇਂ ਰਾਹ ਜਾਂਦੇ ਇਕ ਵਿਅਕਤੀ ਤੋਂ ਪੈਸੇ ਖ਼ੋਹੇ ਸਨ। ਪਿੰਡ ਸੋਥਾ ਦੇ ਰਹਿਣ ਵਾਲੇ ਸੁਖਦੀਪ ਸਿੰਘ ਪੁੱਤਰ ਦਲੇਰ ਸਿੰਘ ਨੇ ਪੁਲਸ ਕੋਲ ਦਰਜ ਕਰਾਈ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਹ ਕੰਡਕਟਰ ਹੈ ਤੇ ਆਪਣੀ ਡਿਊਟੀ ਕਰਕੇ ਰਾਤ ਦੇ ਕਰੀਬ ਸਵਾ 9 ਕੁ ਵਜੇ ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਰੁਪਾਣਾ ਤੋਂ ਸੋਥਾ ਵਾਲੀ ਸੜਕ 'ਤੇ ਚੜ੍ਹਿਆ ਤਾਂ ਇਕ ਮੋਟਰਸਾਇਕਲ, ਜਿਸ 'ਤੇ ਤਿੰਨ ਨੌਜਵਾਨ ਸਵਾਰ ਸਨ, ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ, ਜਦੋਂ ਉਹ ਰੁਕਿਆ ਤਾਂ ਇਕ ਨੇ ਉਸਦੀ ਜੇਬ ਵਿਚ ਪਿਆ ਦੋ ਹਜ਼ਾਰ ਰੁਪਇਆ ਕੱਢ ਲਿਆ ਤੇ ਫ਼ਿਰ ਉਹ ਤਿੰਨੇ ਜਣੇ ਫਰਾਰ ਹੋ ਗਏ। ਪੁਲਸ ਨੇ ਮੋਟਰਸਾਇਕਲ ਸਵਾਰਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਕਾਲੀ ਪੁੱਤਰ ਹਰਚਰਨ ਸਿੰਘ, ਮੁਕੇਸ਼ ਕੁਮਾਰ ਉਰਫ਼ ਬਾਲੂ ਪੁੱਤਰ ਬਲਦੇਵ ਸਿੰਘ ਤੇ ਜਸ਼ਨਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਗੋਨਿਆਣਾ ਵਜੋਂ ਕੀਤੀ ਹੈ, ਜਿਸ ਵਿਚੋਂ ਦੋ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਦੋਂਕਿ ਇਕ ਫਰਾਰ ਹੈ।


author

Gurminder Singh

Content Editor

Related News