24 ਘੰਟਿਆਂ ''ਚ ਸੁਲਝੀ ਨੌਜਵਾਨ ਦੇ ਕਤਲ ਦੀ ਗੁੱਥੀ, ਨਾਜਾਇਜ਼ ਸਬੰਧ ਬਣੇ ਮੌਤ ਦਾ ਕਾਰਨ

11/22/2019 6:09:16 PM

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ/ ਸੁਖਪਾਲ ਢਿੱਲੋਂ/ਖੁਰਾਣਾ, ਰਿਣੀ) - ਮੁਕਤਸਰ-ਬਠਿੰਡਾ ਰੋਡ ਹਰਿਆਲੀ ਪੰਪ ਤੋਂ ਮਲੋਟ ਰੋਡ ਨੂੰ ਮਿਲਾਉਣ ਵਾਲੀ ਮੁੱਖ ਸੜਕ ਦੇ ਕਿਨਾਰਿਉਂ, ਜਿਸ ਨੌਜਵਾਨ ਦੀ ਲਾਸ਼ ਪੁਲਸ ਨੂੰ ਮਿਲੀ ਸੀ, ਦੇ ਕਤਲ ਦੀ ਗੁੱਥੀ 24 ਘੰਟਿਆਂ ’ਚ ਸੁਲਝ ਗਈ ਹੈ। ਨੌਜਵਾਨ ਰਜੀਵ ਕੁਮਾਰ ਪੁੱਤਰ ਰੌਸ਼ਨ ਲਾਲ ਦੇ ਕਤਲ ਕਰਨ ਦੇ ਦੋਸ਼ ’ਚ ਮੁਕਤਸਰ ਦੀ ਪੁਲਸ ਨੇ 4 ਦੋਸ਼ੀਆਂ ’ਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ 2 ਦੀ ਭਾਲ ਜਾਰੀ ਹੈ। ਉਪਰੋਕਤ ਜਾਣਕਾਰੀ ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ। 

PunjabKesari

ਉਨ੍ਹਾਂ ਦੱਸਿਆ ਕਿ ਨੌਜਵਾਨ ਦਾ ਕਤਲ ਔਰਤ ਸਰਬਜੀਤ ਕੌਰ ਕਬਰਵਾਲਾ ਨਾਲ ਨਾਜਾਇਜ਼ ਸਬੰਧ ਹੋਣ ਕਰਕੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਦੇ ਮੁੱਖ ਦੋਸ਼ੀ ਜਗਸੀਰ ਸਿੰਘ ਉਰਫ਼ ਸੀਰਾ ਨਾਲ ਨਾਜਾਇਜ਼ ਸਬੰਧ ਸਨ। ਜਗਸੀਰ ਨੂੰ ਸ਼ੱਕ ਹੋ ਗਿਆ ਕਿ ਸਰਬਜੀਤ ਦੇ ਰਜੀਵ ਕੁਮਾਰ ਨਾਲ ਸਬੰਧ ਹਨ ਅਤੇ ਉਸ ਨੇ ਸਰਬਜੀਤ ਕੋਲੋਂ 40 ਹਜ਼ਾਰ ਰੁਪਏ ਉਧਾਰ ਵੀ ਲਏ ਸਨ। ਪੈਸੇ ਮੰਗਣ ’ਤੇ ਰਜੀਵ ਉਸ ਨੂੰ ਬਲੈਕਮੇਲ ਕਰਨ ਦੀਆਂ ਧਮਕੀਆਂ ਦਿੰਦਾ ਸੀ। ਇਸੇ ਕਾਰਨ ਔਰਤ ਨੇ ਜਗਸੀਰ ਨਾਲ ਮਿਲ ਰਜੀਵ ਨੂੰ ਖਤਮ ਕਰਨ ਦਾ ਪ੍ਰੋਗਰਾਮ ਬਣਾਇਆ। ਰਜੀਵ ਨੂੰ ਫੋਨ ਕਰਕੇ ਉਹ ਰੋਟੀ ਖਾਣ ਦੇ ਬਹਾਨੇ ਦੇਰ ਸ਼ਾਮ ਮਲੋਟ ਰੋਡ ’ਤੇ ਸਥਿਤ ਇਕ ਹੋਟਲ ’ਤੇ ਲੈ ਗਈ ਅਤੇ ਪੈਸੇ ਵੀ ਆਪ ਦਿੱਤੇ।

ਉਲੀਕੇ ਪ੍ਰੋਗਰਾਮ ਮੁਤਾਬਕ ਜਗਸੀਰ ਸਿੰਘ ਆਪਣੇ ਦੋਸਤਾਂ ਅਰਸ਼ਦੀਪ ਸਿੰਘ ਪੁੱਤਰ ਜਸਵੰਤ ਸਿੰਘ ਤੇ ਸੰਨੀ ਗਿੱਦੜਬਾਹਾ ਨੂੰ ਲੈ ਕੇ ਅੱਗੇ ਖੜਾ ਸੀ। ਜਗਸੀਰ ਨੇ ਆਪਣੇ ਦੋਸਤਾਂ ਨਾਲ ਮਿਲ ਰਜੀਵ ਦਾ ਮੋਟਰਸਾਈਕਲ ਰੋਕ ਲਿਆ, ਜਿਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਉਨ੍ਹਾਂ ਨੇ ਰਜੀਵ ਦਾ ਕਤਲ ਕਰ ਦਿੱਤਾ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਪੁਲਸ ਨੇ ਮੁੱਖ ਦੋਸ਼ੀ ਜਗਸੀਰ ਸਿੰਘ ਤੇ ਉਸ ਦੀ ਸਾਥਣ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਸਨੀ ਤੇ ਅਰਸ਼ਦੀਪ ਫਰਾਰ ਹਨ। ਇਸ ਮੌਕੇ ਐੱਸ.ਪੀ.ਡੀ. ਗੁਰਮੇਲ ਸਿੰਘ, ਡੀ ਐੱਸ.ਡੀ. ਜਸਮੀਤ ਸਿੰਘ ਥਾਣਾ ਸਦਰ ਦੇ ਮੁਖੀ ਪਰਮਜੀਤ ਸਿੰਘ ਤੇ ਸੀ.ਆਈ.ਏ. ਸਟਾਫ਼ ਦੇ ਮੁੱਖੀ ਪ੍ਰਤਾਪ ਸਿੰਘ ਮੌਜੂਦ ਸਨ।


rajwinder kaur

Content Editor

Related News