ਮੁਕਤਸਰ 'ਚ ਮੀਂਹ ਦਾ ਕਹਿਰ, ਲੋਕ ਸ਼ਮਸ਼ਾਨ ਘਾਟ 'ਚ ਰਹਿਣ ਨੂੰ ਮਜਬੂਰ (ਵੀਡੀਓ)

07/18/2019 4:14:54 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਪਿਛਲੇ ਕਈ ਦਿਨਾਂ ਤੋਂ ਪੈ ਰਹੀ ਮੁਸਲਾਧਾਰ ਬਾਰਿਸ਼ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਹਾਲਾਤ ਖਰਾਬ ਹੋ ਚੁੱਕੇ ਹਨ। ਬਰਸਾਤ ਦੇ ਪਾਣੀ ਕਾਰਨ ਲੋਕਾਂ ਦੇ ਘਰ ਅਤੇ ਖੇਤ ਨੱਕੋ-ਨੱਕ ਭਰ ਗਏ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਕਾਰਨ ਪਿੰਡਾਂ ਦੇ ਹੜ੍ਹ ਵਰਗੇ ਹਾਲਾਤ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੇ ਇਕ ਵਾਰੀ ਵੀ ਲੋਕਾਂ ਅਤੇ ਪਿੰਡਾਂ ਦੀ ਸਾਰ ਨਹੀਂ ਲਈ। ਇਸ ਸਬੰਧ 'ਚ ਲੋਕਾਂ ਨੇ ਕਿਹਾ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਡੇ ਪਿੰਡਾਂ ਦਾ ਜਾਇਜ਼ਾ ਲੈਣ ਨਹੀਂ ਆਇਆ। ਪਿੰਡ ਦੇ ਲੋਕਾਂ ਨੇ ਕਿਹਾ ਕਿ ਪਾਣੀ ਭਰ ਜਾਣ ਕਾਰਨ ਉਹ ਸ਼ਮਸ਼ਾਨਘਾਟ 'ਚ ਰਹਿਣ ਲਈ ਮਜ਼ਬੂਰ ਹੋ ਰਹੇ ਹਨ।

PunjabKesari

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਹੜ੍ਹ ਪ੍ਰਭਾਵਿਤ ਨੰਬਰਾਂ 'ਤੇ ਜਦੋਂ ਵੀ ਅਸੀਂ ਫੋਨ ਕਰਦੇ ਹਾਂ ਤਾਂ ਸਾਨੂੰ ਸਮੱਸਿਆ ਦਾ ਹੱਲ ਜਲਦ ਕਰਨ ਦੀ ਗੱਲ ਕਹਿ ਦਿੰਦੇ ਹਨ, ਜੋ ਕਦੇ ਪੂਰੀ ਨਹੀਂ ਹੁੰਦੀ। ਪੀੜਤ ਕਿਸਾਨਾਂ ਨੇ ਕਿਹਾ ਕਿ ਸਾਡੇ ਘਰਾਂ ਅਤੇ ਖੇਤਾਂ 'ਚ ਖੜੀ ਫ਼ਸਲ, ਜੋ ਬਰਸਾਤੀ ਪਾਣੀ 'ਚ ਡੁੱਬ ਗਈ ਹੈ, ਦੇ ਕਾਰਨ ਸਾਨੂੰ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ। ਜੇਕਰ ਪਾਣੀ ਸੁੱਕ ਜਾਂਦਾ ਹੈ ਤਾਂ ਅਗਲੀ ਫ਼ਸਲ ਦੀ ਬਿਜਾਈ ਸਮੇਂ ਸਿਰ ਨਹੀਂ ਹੋਵੇਗੀ। ਇਸ ਦੌਰਾਨ ਆਮ ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਪਿੰਡਾਂ ਦੇ ਨਾਲ ਲਗਦੇ ਸੇਮ ਨਾਲਿਆ ਦੀ ਸਫ਼ਾਈ ਕੀਤੀ ਹੁੰਦੀ ਤਾਂ ਅੱਜ ਹੜ੍ਹ ਵਰਗੇ ਹਾਲਾਤ ਨਹੀਂ ਸੀ ਹੋਣੇ। ਦੂਜੇ ਪਾਸੇ ਇਸ ਸਮੱਸਿਆ ਦੇ ਹੱਲ ਲਈ ਜਦੋਂ ਐੱਸ.ਡੀ.ਐੱਮ. ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕੈਮਰੇ ਤੋਂ ਬਚਦੇ ਹੋਏ ਨਜ਼ਰ ਆਏ।


rajwinder kaur

Content Editor

Related News