ਸ੍ਰੀ ਮੁਕਤਸਰ ਸਾਹਿਬ : ਮਲੋਟ ਮੁੱਖ ਮਾਰਗ ''ਤੇ ਨਿਜੀ ਬੱਸ ਨੇ ਦਰੜੀ ਔਰਤ, ਮੌਤ
Wednesday, Jul 04, 2018 - 07:58 AM (IST)

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ)—ਸ੍ਰੀ ਮੁਕਤਸਰ ਸਾਹਿਬ-ਮਲੋਟ ਮੁੱਖ ਮਾਰਗ 'ਤੇ ਇੱਕ ਨਿੱਜੀ ਬੱਸ ਵਲੋਂ ਸੜਕ ਕਿਨਾਰੇ ਲੱਕੜਾਂ ਚੁੱਗ ਰਹੀ ਇਕ ਔਰਤ ਨੂੰ ਦਰੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਪਿੰਡ ਗੋਨਿਆਣਾ ਦੀ ਰਹਿਣ ਵਾਲੀ ਰਾਣੀ ਕੌਰ (55) ਪਤਨੀ ਬਿੰਦਰ ਸਿੰਘ ਬਾਲਣ ਲਈ ਸੜਕ ਕਿਨਾਰੇ ਲੱਕੜਾਂ ਚੁੱਗ ਰਹੀ ਸੀ, ਅਚਾਨਕ ਹੀ ਸਤਨਾਮ ਟਰਾਸਪੋਰਟ ਕੰਪਨੀ ਦੀ ਮਿੰਨੀ ਬੱਸ ਬੇਕਾਬੂ ਹੋ ਕੇ ਔਰਤ 'ਤੇ ਆ ਚੜੀ। ਬੱਸ ਇਕ ਮੋਟੇ ਸਫੇਦੇ ਦੇ ਨਾਲ ਬਿਲਕੁਲ ਖਹਿ ਕੇ ਲੰਘੀ, ਜਿਸ ਕਾਰਨ ਔਰਤ ਬੱਸ ਅਤੇ ਸਫੇਦੇ ਦੇ ਵਿਚਕਾਰ ਬੁਰੀ ਤਰ੍ਹਾਂ ਦਰੜੀ ਗਈ ਅਤੇ ਉਸ ਦੇ ਚਿਥੜੇ ਉੱਡ ਗਏ। ਉਸ ਦੀਆਂ ਦੋਹੇ ਲੱਤਾਂ ਧੜ ਨਾਲੋਂ ਅਲੱਗ ਹੋ ਗਈਆਂ, ਚਿਹਰਾ ਫਿੱਸ ਗਿਆ ਅਤੇ ਧੜ ਵੀ ਬੁਰੀ ਤਰ੍ਹਾਂ ਫਿੱਸ ਗਿਆ।
ਮੌਕੇ 'ਤੇ ਮੌਜੂਦ ਮ੍ਰਿਤਕ ਔਰਤ ਦੇ ਵਰ ਸਤਪਾਲ ਸਿੰਘ ਨੇ ਦੱਸਿਆ ਕਿ ਰਾਣੀ ਕੌਰ ਦੇ ਇੱਕ ਲੜਕਾ ਅਤੇ ਇਕ ਲੜਕੀ ਹੈ, ਜੋ ਵਿਆਹੇ ਹੋਏ ਹਨ। ਰਾਣੀ ਕੌਰ ਦਾ ਪਤੀ ਬਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਰਿਕਸ਼ਾ ਚਲਾਉਂਦਾ ਹੈ। ਅਤੀ ਗਰੀਬ ਹੋਣ ਕਰਕੇ ਉਹਨਾਂ ਦੇ ਘਰ ਰਸੋਈ ਗੈਸ ਨਹੀਂ ਸੀ, ਇਸ ਲਈ ਰਾਣੀ ਕੌਰ ਬਾਲਣ ਲਈ ਲੱਕੜਾਂ ਚੁੱਗਣ ਇੱਥੇ ਆਈ ਸੀ। ਬੱਸ ਵਿਚਲੀਆਂ ਸਵਾਰੀਆਂ ਨੇ ਦੱਸਿਆ ਕਿ ਬੱਸ ਤੇਜ਼ ਰਫਤਾਰ ਨਾਲ ਪਿੰਡ ਲੱਕੜ ਵਾਲਾ- ਤਾਮਕੋਟ ਨੂੰ ਜਾ ਰਹੀ ਸੀ, ਬੱਸ 'ਚ ਕਰੀਬ 30 ਸਵਾਰੀਆਂ ਬੈਠੀਆਂ ਹੋਈਆਂ ਸਨ। ਅਚਾਨਕ ਬੱਸ ਦੇ ਖਤਾਨਾਂ 'ਚ ਡਿੱਗਣ ਕਾਰਨ ਜੋ ਝਟਕਾ ਲੱਗਿਆ ਉਸ ਨਾਲ ਕਰੀਬ ਅੱਧੀ ਦਰਜਨ ਸਵਾਰੀਆਂ ਦੇ ਸੱਟਾਂ ਵੀ ਲੱਗੀਆਂ। ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਭੇਜਿਆ ਗਿਆ। ਜਿਸ ਦੌਰਾਨ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਸੜਕ 'ਤੇ ਹੋਇਆ ਇਹ ਐਕਸੀਡੈਂਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਥਾਣਾ ਸਦਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।