ਪੰਜਾਬ ਮਾਡਲ ’ਚ ਦਾਲ, ਤੇਲ-ਬੀਜ, ਮੱਕੀ ਦੀ ਫਸਲ ’ਤੇ ਮਿਲੇਗਾ ਘੱਟ ਤੋਂ ਘੱਟ ਸਮਰਥਨ ਮੁੱਲ : ਨਵਜੋਤ ਸਿੱਧੂ
Thursday, Jan 20, 2022 - 02:44 PM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਅਧੀਨ ਰਾਜ ’ਚ ਦਾਲ, ਤੇਲ-ਬੀਜ ਅਤੇ ਮੱਕੀ ਦੀ ਫਸਲ ’ਤੇ ਘੱਟ ਤੋਂ ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ। ਪੰਜਾਬ ਕਾਂਗਰਸ ਭਵਨ ’ਚ ਸਿੱਧੂ ਨੇ ਪੰਜਾਬ ਮਾਡਲ ਨੂੰ ਕਿਸਾਨ-ਮਜ਼ਦੂਰ ਹਿਤੈਸ਼ੀ ਦੱਸਿਆ। ਕਾਂਗਰਸ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ ਨੇ ਵੀ ਪੰਜਾਬ ਮਾਡਲ ’ਤੇ ਕਿਹਾ ਕਿ ਇਸ ਨਾਲ ਪ੍ਰਦੇਸ਼ ਦੇ ਕਿਸਾਨਾਂ ਨੂੰ ਆਰਥਿਕ ਬਲ ਮਿਲੇਗਾ। ਇਸ ਦੌਰਾਨ ਪਾਰਟੀ ਵਲੋਂ ਆਮਦਨੀ ਤਾਂ ਦੁੱਗਣੀ ਨਹੀਂ ਹੋਈ ਪਰ ਦਰਦ ਜ਼ਰੂਰ 100 ਗੁਣਾ ਹੋ ਗਿਆ, ਨਾਮ ਨਾਲ ਇਕ ਟੈਂਪਲੇਟ ਜਾਰੀ ਕੀਤਾ। ਇਸ ਦੌਰਾਨ ਸੂਰਜੇਵਾਲਾ ਨੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਕਿਸਾਨ ਵਿਰੋਧੀ ਦੱਸਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨ ਲਾਗੂ ਕਰਵਾਉਣ ’ਚ ਇਨ੍ਹਾਂ ਪਾਰਟੀਆਂ ਨੇ ਅਹਿਮ ਭੂਮਿਕਾ ਨਿਭਾਈ। ਸੂਰਜੇਵਾਲਾ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ਕਿਸਾਨ ਵਿਰੋਧੀ ਭਾਜਪਾ ਤੇ ਮੋਦੀ ਸਰਕਾਰ ਨੂੰ ਜਨਤਾ ਸੱਚਾਈ ਦਾ ਸ਼ੀਸ਼ਾ ਦਿਖਾਏਗੀ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਵਿਧਾਇਕਾਂ ਤੇ ਮੰਤਰੀਆਂ ਦੀਆਂ ਪੈਨਸ਼ਨਾਂ ਸਬੰਧੀ ਫਿਰ ਉੱਠਿਆ ਸਵਾਲ
ਸੂਰਜੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ’ਤੇ ਜੀ. ਐੱਸ. ਟੀ. ਤੱਕ ਲਾਗੂ ਕਰ ਦਿੱਤਾ। ਸਰਕਾਰ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕਿਸਾਨਾਂ ਦੀ ਔਸਤ ਆਮਦਨ 27 ਰੁਪਏ ਰੋਜ਼ਾਨਾ ਰਹਿ ਗਈ ਹੈ ਅਤੇ ਪ੍ਰਤੀ ਕਿਸਾਨ ਔਸਤ ਕਰਜ਼ਾ 74 ਹਜ਼ਾਰ ਰੁਪਏ ਹੋ ਗਿਆ ਹੈ। ਸੂਰਜੇਵਾਲਾ ਨੇ ਕੁਝ ਕਿਸਾਨ ਸੰਗਠਨਾਂ ਦੇ ਚੋਣ ਲੜਨ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕਤੰਤਰ ’ਚ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ, ਉਥੇ ਹੀ, ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਪ੍ਰਦੇਸ਼ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਬਣਾਉਣ ਦੀ ਯੋਜਨਾ ਪੇਸ਼ ਕਰੇਗਾ। ਸਿੱਧੂ ਨੇ ਕਿਹਾ ਕਿ ਸਰਕਾਰ ਆਉਣ ’ਤੇ ਫਸਲ ਨੂੰ ਸਟੋਰ ਕਰਨ ਲਈ ਹਰ ਇਕ 10 ਪਿੰਡਾਂ ’ਤੇ ਇਕ ਕੋਲਡ ਸਟੋਰ ਖੋਲ੍ਹਿਆ ਜਾਵੇਗਾ। ਨਾਲ ਹੀ ਸ਼ਾਪਿੰਗ ਮਾਲ ’ਚ ਬਾਬਾ ਨਾਨਕ ਫਾਰਮਰ ਸਟੋਰ ਖੋਲ੍ਹੇ ਜਾਣਗੇ, ਜਿਸ ਨਾਲ ਨੌਜਵਾਨਾਂ ਨੂੰ ਨੌਕਰੀ ਮਿਲੇਗੀ। ਇਸ ਦੌਰਾਨ ਸਿੱਧੂ ਨੇ ਬੇਅਦਬੀ ਮਾਮਲੇ ’ਤੇ ਕਿਹਾ ਕਿ ਜੋ ਗੁਰੂ ਨੂੰ ਇਨਸਾਫ਼ ਨਹੀਂ ਦੇ ਸਕਦੇ, ਉਨ੍ਹਾਂ ਦਾ ਬਰਬਾਦ ਹੋਣਾ ਤੈਅ ਹੈ। ਇਨਸਾਫ਼ ਲਈ ਜੰਗ ਜਾਰੀ ਰਹੇਗੀ, ਉਥੇ ਹੀ, 1984 ਦੇ ਦੋਸ਼ੀਆਂ ’ਤੇ ਬੋਲਦਿਆਂ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਸੂਰਤ ’ਚ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਸਮਝੌਤੇ ਵਾਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੇ ਮੈਦਾਨ ਛੱਡ ਕੇ ਭੱਜੀ : ਸੁਖਬੀਰ ਬਾਦਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ