ਹਾਦਸੇ ਵਿਚ ਅਕਾਲੀ ਆਗੂ ਤੇ ਪਤਨੀ ਸਮੇਤ ਪਰਿਵਾਰ ਦੇ 4 ਮੈਬਰਾਂ ਦੀ ਮੌਤ
Monday, May 06, 2019 - 10:40 AM (IST)

ਮੋਰਿੰਡਾ/ਰੋਪੜ-ਪਿੰਡ ਗਡ਼ਾਂਗਾ ਨੇਡ਼ੇ ਵਾਪਰੇ ਇਕ ਹਾਦਸੇ ਵਿਚ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਦੇ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ, ਪਤਨੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਸਮੇਤ ਉਨ੍ਹਾਂ ਦੀ ਨੂੰਹ ਅਤੇ ਪੋਤਰੀ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਦੇ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ ਉਸ ਦੀ ਪਤਨੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਆਪਣੀ ਨੂੰਹ ਅਤੇ ਪੋਤਰੀ ਨਾਲ ਅਪਣੀ ਫੋਰਡ ਫਿਸਤਾ ਗੱਡੀ ਵਿਚ ਸਵਾਰ ਹੋ ਕੇ ਜਦੋਂ ਪਿੰਡ ਗਡ਼ਾਂਗਾਂ ਨੇਡ਼ੇ ਪਹੁੰਚੇ ਤਾਂ ਹਾਦਸਾ ਵਾਪਰ ਗਿਆ ਅਤੇ ਗੱਡੀ ਨੇਡ਼ੇ ਬਣੇ ਡੂੰਘੇ ਖਤਾਨਾ ਵਿਚ ਖਡ਼੍ਹੇ ਪਾਣੀ ਵਿਚ ਜਾ ਡਿੱਗੀ ਜਿਸ ਨੂੰ ਸਥਾਨਕ ਲੋਕਾਂ ਨੇ ਬਾਹਰ ਕੱਢਿਆ, ਜਿਨ੍ਹਾਂ ਵਿਚੋਂ ਮੇਜਰ ਹਰਜੀਤ ਸਿੰਘ ਕੰਗ, ਪਤਨੀ ਕੁਲਦੀਪ ਕੌਰ ਕੰਗ ਅਤੇ ਨੂੰਹ ਨਵਨੀਤ ਕੌਰ ਪਤਨੀ ਤੇਜਪਾਲ ਸਿੰਘ ਵਾਸੀ ਮੋਰਿੰਡਾ ਨੂੰ ਸਰਕਾਰੀ ਹਸਪਤਾਲ ਫਤਿਹਗਡ਼੍ਹ ਸਾਹਿਬ ਅਤੇ ਪੋਤਰੀ ਇਵਾਦਤ (11) ਪੁੱਤਰੀ ਤੇਜਪਾਲ ਸਿੰਘ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਚਾਰਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਮੌਕੇ ਘਟਨਾ ਸਥੱਲ ’ਤੇ ਮੌਜੂਦ ਦੁਕਾਨਦਾਰ ਜੁਝਾਰ ਸਿੰਘ ਨੇ ਦੱਸਿਆ ਕਿ ਫੋਰਡ ਫਿਸਤਾ ਗੱਡੀ ਚੁੰਨੀ ਵੱਲ ਤੋਂ ਆ ਰਹੀ ਸੀ ਤੇ ਅਚਾਨਕ ਖਤਾਨਾਂ ਵਿਚ ਖਡ਼੍ਹੇ ਪਾਣੀ ਵਿਚ ਜਾ ਡਿੱਗੀ ਜਿਸ ਨੂੰ ਟਰੈਕਟਰ ਦੀ ਮੱਦਦ ਨਾਲ ਬਾਹਰ ਕੱਢਿਆ ਤੇ ਕਾਰ ਦੇ ਸ਼ੀਸ਼ੇ ਤੋਡ਼ ਕੇ ਚਾਰਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲਾਂ ਵਿਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਸਬੰਧੀ ਐੱਸ. ਐੱਚ. ਓ. ਘਡ਼ੰੂਆਂ ਅਮਨਦੀਪ ਕੌਰ ਬਰਾਡ਼ ਨੇ ਦੱਸਿਆ ਕਿ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋਈ ਹੈ ਪ੍ਰੰਤੂ ਹਾਦਸੇ ਦੇ ਕਾਰਨਾਂ ਦਾ ਪਤਾ ਨਹੀ ਲੱਗਿਆ, ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਦੇ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ, ਪਤਨੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਅਤੇ ਪਰਿਵਾਰ ਦੇ 2 ਹੋਰ ਮੈਬਰਾਂ ਦੀ ਮੌਤ ਦੀ ਸੂਚਨਾ ਦਾ ਪਤਾ ਚਲਦਿਆਂ ਹੀ ਮੋਰਿੰਡਾ ਸ਼ਹਿਰ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।