MP ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਰਿੰਕੂ ਨੇ ਮੰਤਰੀਆਂ ਅੱਗੇ ਚੁੱਕੇ ਅਹਿਮ ਮੁੱਦੇ, ਹੁਣ ਸਿੰਧੀਆ ਨਾਲ ਕਰਨਗੇ ਮੁਲਾਕਾਤ
Friday, Jun 16, 2023 - 04:31 AM (IST)
ਜਲੰਧਰ (ਧਵਨ)– ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਪਿਛਲੇ 2 ਦਿਨਾਂ ਦੌਰਾਨ ਦਿੱਲੀ ਵਿਚ ਰਹਿ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗਾਂ ਕਰ ਕੇ ਜਲੰਧਰ ਨਾਲ ਜੁੜੇ ਕਈ ਮੁੱਦਿਆਂ ਸਬੰਧੀ ਗੱਲਬਾਤ ਕੀਤੀ, ਜਿਸ ਵਿਚ ਮੁੱਖ ਰੂਪ ਨਾਲ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਸ਼ਾਮਲ ਹੈ।
ਸੰਸਦ ਮੈਂਬਰ ਰਿੰਕੂ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਵੀ ਮੁਲਾਕਾਤ ਕੀਤੀ ਸੀ, ਜਿਸ ਦੌਰਾਨ ਆਦਮਪੁਰ ਵਿਚ ਸੜਕ ਅਤੇ ਫਲਾਈਓਵਰ ਦੇ ਮੁੱਦਿਆਂ ’ਤੇ ਚਰਚਾ ਹੋਈ ਸੀ। ਬੀਤੇ ਦਿਨੀਂ ਵੀ ਸੁਸ਼ੀਲ ਰਿੰਕੂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਜਿਸ ਵਿਚ ਆਦਮਪੁਰ ਏਅਰਪੋਰਟ ਦੇ ਮੁੱਦੇ ’ਤੇ ਵੀ ਗੱਲਬਾਤ ਹੋਈ। ਜਲਦ ਮੁੱਖ ਮੰਤਰੀ ਭਗਵੰਤ ਮਾਨ ਸੁਸ਼ੀਲ ਰਿੰਕੂ ਨੂੰ ਨਾਲ ਲੈ ਕੇ ਕੇਂਦਰੀ ਹਵਾਬਾਜ਼ੀ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਜਾ ਵੜੇ 2 ਅਣਪਛਾਤੇ ਵਿਅਕਤੀ, 'ਮਾਸਟਰ' ਬੈੱਡਰੂਮ 'ਚ ਕੀਤੀ ਫ਼ਰੋਲਾ-ਫ਼ਰਾਲੀ
ਆਦਮਪੁਰ ਵਿਚ ਏਅਰਪੋਰਟ ’ਤੇ ਸਿਵਲ ਟਰਮੀਨਲ ਬਣ ਚੁੱਕਾ ਹੈ ਅਤੇ ਹੁਣ ਲੋਕ ਵੀ ਘਰੇਲੂ ਉਡਾਣਾਂ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਇਸੇ ਤਰ੍ਹਾਂ ਸੁਸ਼ੀਲ ਰਿੰਕੂ ਨੇ ਮੁੱਖ ਮੰਤਰੀ ਨਾਲ ਜਲੰਧਰ ਸ਼ਹਿਰ ਅਤੇ ਦਿਹਾਤੀ ਵਿਧਾਨ ਸਭਾ ਹਲਕਿਆਂ ਵਿਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਵੀ ਚਰਚਾ ਕੀਤੀ।
ਦੂਜੇ ਪਾਸੇ ਸੁਸ਼ੀਲ ਰਿੰਕੂ ਸੰਸਦ ਭਵਨ ਗਏ। ਉਨ੍ਹਾਂ ਸੰਸਦ ਮੈਂਬਰ ਹੋਣ ਦੇ ਨਾਤੇ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਰਸਮੀ ਕਾਰਵਾਈਆਂ ਨੂੰ ਪੂਰਾ ਕੀਤਾ। ਉਨ੍ਹਾਂ ਸੰਸਦ ਭਵਨ ਕੰਪਲੈਕਸ ਵਿਚ ਡਾ. ਅੰਬੇਡਕਰ ਦੇ ਬੁੱਤ ਅੱਗੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਹ ਖ਼ਬਰ ਵੀ ਪੜ੍ਹੋ - ਰੇਲ ਹਾਦਸਿਆਂ 'ਚ ਪੀੜਤਾਂ ਦਾ ਸਹਾਰਾ ਬਣ ਸਕਦੈ 35 ਪੈਸੇ ਦਾ ਬੀਮਾ, ਦਿੰਦਾ ਹੈ ਲੱਖਾਂ ਰੁਪਏ ਦੀ ਰਾਹਤ
ਸੁਸ਼ੀਲ ਰਿੰਕੂ ਦਾ ਸੰਸਦ ਵਿਚ ਦਾਖਲ ਹੋਣ ਲਈ ਪਛਾਣ ਪੱਤਰ ਬਣਨਾ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਦਿੱਲੀ ਵਿਚ ਕੋਠੀ ਦੀ ਅਲਾਟਮੈਂਟ ਹੋਣੀ ਹੈ ਅਤੇ ਨਾਲ ਹੀ ਸੰਸਦ ਭਵਨ ਅੰਦਰ ਕਾਰ ਨੂੰ ਲਿਜਾਣ ਲਈ ਸੁਰੱਖਿਆ ਸਟਿੱਕਰ ਆਦਿ ਵੀ ਮੁਹੱਈਆ ਕਰਵਾਏ ਜਾਣੇ ਹਨ, ਜਿਸ ਸਬੰਧੀ ਉਨ੍ਹਾਂ ਫਾਰਮ ਭਰ ਕੇ ਰਸਮੀ ਕਾਰਵਾਈਆਂ ਨੂੰ ਪੂਰਾ ਕੀਤਾ। ਸੰਸਦ ਮੈਂਬਰ ਰਿੰਕੂ ਬਤੌਰ ਲੋਕ ਸਭਾ ਮੈਂਬਰ ਜੁਲਾਈ ਵਿਚ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਸਹੁੰ ਚੁੱਕਣਗੇ। ਲੋਕ ਸਭਾ ਵਿਚ ਆਮ ਆਦਮੀ ਪਾਰਟੀ ਦੇ ਉਹ ਇਕਲੌਤੇ ਮੈਂਬਰ ਵਜੋਂ ਸ਼ਾਮਲ ਹੋਣ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।