ਕਿਸਾਨੀ ਘੋਲ ਦੌਰਾਨ ਜਾਨ ਗੁਆਉਣ ਵਾਲੇ ਨਵਜੋਤ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ ਸੰਸਦ ਪ੍ਰਨੀਤ ਕੌਰ ਤੇ ਧਰਮਸੋਤ
Friday, Mar 05, 2021 - 01:08 PM (IST)
ਭਾਦਸੋਂ / ਪਟਿਆਲਾ (ਅਵਤਾਰ): ਕਿਸਾਨੀ ਸੰਘਰਸ਼ ’ਚ ਸ਼ਹੀਦ ਹੋਏ ਛੋਟੀ ਉਮਰ ਦੇ ਸ਼ਹੀਦ ਨੌਜਵਾਨ ਨਵਜੋਤ ਸਿੰਘ ਦੇ ਘਰ ਪਿੰਡ ਖੇੜੀ ਜੱਟਾਂ ਵਿਖੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਵਜੋਤ ਸਿੰਘ ਦੇ ਮਾਤਾ-ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ। ਇਸ ਮੌਕੇ ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਸਹਾਇਤਾ ਰਾਸ਼ੀ 5 ਲੱਖ ਰੁਪਏ ਦੇਣ ਅਤੇ ਨੌਜਵਾਨ ਦੇ ਨਾਮ ’ਤੇ ਪਿੰਡ ਨੂੰ ਲੌਟ ਮੰਡੀ ਨਾਲ ਜੋੜਦੀ 2 ਕਿਲੋਮੀਟਰ ਸੜਕ ਬਣਾਉਣ ਦਾ ਵੀ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ 18 ਸਾਲਾ ਨੌਜਵਾਨ ਨਵਜੋਤ ਸਿੰਘ, ਜਿਸ ਦਾ ਬੀਤੀ 26 ਫਰਵਰੀ ਨੂੰ ਸਿੰਘੂ ਬਾਰਡਰ ’ਤੇ ਅਚਾਨਕ ਦਿਹਾਂਤ ਹੋ ਗਿਆ ਸੀ, ਆਪਣੇ ਮਾਪਿਆਂ ਜਸਵਿੰਦਰ ਸਿੰਘ ਅਤੇ ਬਲਜੀਤ ਕੌਰ ਦੀ ਇਕਲੌਤੀ ਸੰਤਾਨ ਸੀ।
ਇਹ ਵੀ ਪੜ੍ਹੋ ਪੰਜਾਬ ਸਿਰ ਚੜ੍ਹੇ 31 ਹਜ਼ਾਰ ਕਰੋੜ ਦੇ ਕਰਜ਼ੇ ਨੂੰ ਲੈ ਕੇ ਜਾਖੜ ਨੇ ਘੇਰੇ ਅਕਾਲੀ
ਇਸ ਮੌਕੇ ਦੁੱਖ ਸਾਂਝਾ ਕਰਦਿਆਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਦਾ ਅੜੀਅਲ ਵਤੀਰਾ ਕਿਸਾਨਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਜਵਾਨ ਪੁੱਤਰ ਦੀ ਮੌਤ ਮਾਪਿਆਂ ਲਈ ਪਹਾੜ ਟੁੱਟਣ ਦੀ ਤਰ੍ਹਾਂ ਹੈ ਪਰੰਤੂ ਉਹ ਪ੍ਰਮਾਤਮਾ ਦੇ ਚਰਨਾਂ ’ਚ ਇਸ ਅਸਿਹ ਦੁੱਖ ਨੂੰ ਸਹਿਣ ਦਾ ਬਲ ਬਖ਼ਸ਼ਣ ਲਈ ਅਰਦਾਸ ਕਰਦੇ ਹਨ। ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਪਰਿਵਾਰ ਦੀ ਇਸ ਦੁੱਖ ਦੀ ਘੜੀ ’ਚ ਉਹ ਖ਼ੁਦ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿੱਥੇ ਇਸ ਪਰਿਵਾਰ ਦੇ ਨਾਲ ਖੜ੍ਹੀ ਹੈ ਉਥੇ ਹੀ ਸਰਕਾਰ ਸੰਘਰਸ਼ ਕਰ ਰਹੇ ਕਿਸਾਨਾਂ ਫ਼ਿਰ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਸੰਸਦ ਮੈਂਬਰਾਂ ਨੂੰ ਵਿਕਾਸ ਲਈ ਦਿੱਤਾ ਜਾਂਦਾ ਐਮ.ਪੀ. ਲੈਡ ਫੰਡ ਵੀ ਬੰਦ ਕਰਕੇ ਵਿਕਾਸ ਦੀ ਗਤੀ ਰੋਕ ਦਿੱਤੀ।
ਇਹ ਵੀ ਪੜ੍ਹੋ ਬੇਅਦਬੀ ਕਾਂਡ: ਭਗੌੜੇ ਐਲਾਨੇ 3 ਡੇਰਾ ਸਿਰਸਾ ਪ੍ਰੇਮੀਆਂ ’ਤੇ ਮੁਕੱਦਮਾ ਦਰਜ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਸੰਸਦ ’ਚ ਸਵਾਲ ਵੀ ਕੀਤਾ ਸੀ ਪਰੰਤੂ ਅਜੇ ਤੱਕ ਇਸਦਾ ਜਵਾਬ ਨਹੀਂ ਦਿੱਤਾ ਗਿਆ। ਸੰਸਦ ਮੈਂਬਰ ਨੇ ਇੱਕ ਹੋਰ ਸਵਾਲ ਦੇ ਜਵਾਬ ’ਚ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਤਾਂ ਕੀ ਕਰਨੀ ਸੀ ਸਗੋਂ ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਸਸਤਾ ਅਨਾਜ ਮੁਹੱਈਆ ਕਰਵਾਉਣ ਲਈ ਸਹਾਈ ਐਫ਼.ਸੀ.ਆਈ. ਨੂੰ ਹੀ ਤੋੜਿਆ ਜਾ ਰਿਹਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੂਰੇ ਹਿੰਦਸਤਾਨ ’ਚ ਨਿਵੇਕਲੀ ਪਹਿਲ ਕਦਮੀ ਕਰਦਿਆਂ ਕਿਸਾਨੀ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿਤੀ ਸਹਾਇਤਾ ਅਤੇ ਇੱਕ ਪਰਿਵਾਰਕ ਜੀਅ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ’ਚ ਕਾਂਗਰਸ ਪਾਰਟੀ ਨੂੰ 65 ਫੀਸਦੀ ਮਤਦਾਨ ਦੇ ਕੇ ਪੰਜਾਬ ’ਚ ਵਿਰੋਧੀ ਪਾਰਟੀਆਂ ਨੂੰ ਸੀਸ਼ਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹੋ ਵਿਰੋਧੀ ਪਾਰਟੀਆਂ, ਜਿਨ੍ਹਾਂ ਕੋਲ ਸੂਬੇ ਦੇ ਲੋਕਾਂ ਦੇ ਹਿੱਤਾਂ ਲਈ ਕੋਈ ਮੁੱਦਾ ਨਹੀਂ, ਅੱਜ ਵਿਧਾਨ ਸਭਾ ’ਚ ਬਹਿਸ ਤੋਂ ਭੱਜ ਰਹੀਆਂ ਹਨ। ਇਸ ਮੌਕੇ ਨਵਜੋਤ ਸਿੰਘ ਦੀ ਦਾਦੀ ਅਮਰਜੀਤ ਕੌਰ, ਮੁੱਖ ਮੰਤਰੀ ਦੇ ਓ.ਐਸ.ਡੀ. ਕਾਂਗਰਸ ਦੇ ਸੂਬਾ ਜਰਨਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ ਮਾਮਲਾ ਗੰਡਾਖੇੜੀ ਨਹਿਰ ’ਚ ਡੇਢ ਸਾਲ ਪਹਿਲਾਂ ਡੁੱਬ ਕੇ ਮਰੇ ਬੱਚਿਆਂ ਦਾ, ਮਾਂ ਹੀ ਨਿਕਲੀ ਅਸਲ ਕਾਤਲ