MP ਬਿੱਟੂ ਦੀ PM ਮੋਦੀ ਨੂੰ ਚਿੱਠੀ, ਪੰਜਾਬ 'ਚ ਪੜ੍ਹਦੇ ਅਫ਼ਰੀਕੀ ਵਿਦਿਆਰਥੀਆਂ ਨੂੰ ਲੈ ਕੇ ਕੀਤੀ ਇਹ ਮੰਗ

Tuesday, Oct 18, 2022 - 07:16 PM (IST)

MP ਬਿੱਟੂ ਦੀ PM ਮੋਦੀ ਨੂੰ ਚਿੱਠੀ, ਪੰਜਾਬ 'ਚ ਪੜ੍ਹਦੇ ਅਫ਼ਰੀਕੀ ਵਿਦਿਆਰਥੀਆਂ ਨੂੰ ਲੈ ਕੇ ਕੀਤੀ ਇਹ ਮੰਗ

ਲੁਧਿਆਣਾ (ਹਿਤੇਸ਼) : ਲੋਕਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪੰਜਾਬ ਵਿਚ ਅਫ਼ਰੀਕੀ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਦੀ ਮੰਗ ਕੀਤੀ ਹੈ। 

ਪੱਤਰ 'ਚ ਸੰਸਦ ਮੈਂਬਰ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਅਦਾਰਿਆਂ 'ਚ ਵਿਦੇਸ਼ੀ ਵਿਦਿਆਰਥੀਆਂ, ਖਾਸ ਤੌਰ 'ਤੇ ਅਫ਼ਰੀਕੀ ਦੇਸ਼ਾਂ ਜਿਵੇਂ ਨਾਈਜੀਰੀਆ ਆਦਿ ਦੇ ਕੁੱਝ ਵਿਦਿਆਰਥੀਆਂ ਦੁਆਰਾ ਨਸ਼ਿਆਂ ਦਾ ਵਪਾਰ ਕੀਤਾ ਜਾ ਰਿਹਾ ਹੈ। ਇਸ ਕਾਰਨ ਸੂਬੇ ਦੇ ਵਿਦਿਅਕ ਅਦਾਰਿਆਂ ਵਿਚ ਨਸ਼ੀਲੇ ਪਦਾਰਥਾਂ ਦੀ ਖਪਤ ਵੱਧ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ

ਬਿੱਟੂ ਨੇ ਕਿਹਾ ਕਿ ਪਹਿਲਾਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਹੈਰੋਇਨ ਦੀ ਸਪਲਾਈ ਲਈ ਇੱਕੋ ਇਕ ਰਸਤਾ ਹੁੰਦਾ ਸੀ। ਪਰ ਅੱਜ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ 'ਚ ਪੜ੍ਹਦੇ ਅਫ਼ਰੀਕੀ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਤਸਕਰੀ ਲਈ ਵਰਤ ਕੇ ਹੈਰੋਇਨ ਅਤੇ ਹੋਰ ਸਿੰਥੈਟਿਕ ਡਰੱਗਜ਼ ਦੀ ਸਪਲਾਈ ਵਧ ਰਹੀ ਹੈ। ਪੰਜਾਬ ਵਿਚ ਹਰ ਸਾਲ ਤਕਰੀਬਨ 600-700 ਅਫ਼ਰੀਕੀ ਵਿਦਿਆਰਥੀ ਵੱਖ-ਵੱਖ ਪ੍ਰਾਈਵੇਟ ਵਿਦਿਅਕ ਸੰਸਥਾਵਾਂ 'ਚ ਦਾਖਲਾ ਲੈਂਦੇ ਹਨ। ਵਿਦਿਆਰਥਣਾਂ ਨੂੰ ਵੀ ਨਸ਼ਿਆਂ ਦੀ ਤਸਕਰੀ ਲਈ ਵਰਤਿਆ ਜਾ ਰਿਹਾ ਹੈ। ਕਈ ਮਾਮਲਿਆਂ 'ਚ ਇਹ ਦੇਖਿਆ ਗਿਆ ਹੈ ਕਿ ਇਹ ਭਾਰਤੀ ਵਿਦਿਆਰਥੀਆਂ ਦੇ ਨਾਲ ਰਹਿ ਕੇ ਉਨ੍ਹਾਂ ਨੂੰ ਨਸ਼ੇ ਦੇ ਕਾਰੋਬਾਰ 'ਚ ਫਸਾ ਲੈਂਦੇ ਹਨ। ਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਕਾਲਜਾਂ ਤੋਂ ਬਾਅਦ ਹੁਣ ਸਕੂਲਾਂ 'ਚ ਵੀ ਨਸ਼ਿਆਂ ਦੀ ਸਪਲਾਈ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ -  ESI ਹਸਪਤਾਲ ਦੇ ਬਾਹਰ ਮਿਲਿਆ ਨਵਜਾਤ ਬੱਚੀ ਦਾ ਭਰੂਣ, ਸੜਕ ’ਤੇ ਸੁਟਣ ਵਾਲਾ ਕਲਯੁੱਗੀ ਪਿਤਾ ਗ੍ਰਿਫਤਾਰ

ਮਾਨ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਸੰਸਦ ਮੈਂਬਰ ਨੇ ਲਿਖਿਆ ਕਿ 'ਆਪ' ਸਰਕਾਰ ਨੇ ਹੁਣ ਤਕ ਇਸ ਬਾਰੇ ਬਹੁਤ ਘੱਟ ਕੰਮ ਕੀਤਾ ਹੈ, ਜਿਸ ਕਾਰਨ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਹੋਰ ਵਧ ਗਈ ਹੈ। ਸੂਬਾ ਸਰਕਾਰ ਦੀ ਬੇਰੁਖ਼ੀ ਅਤੇ ਨਸ਼ਿਆਂ ਦੀ ਇਸ ਸਮੱਸਿਆ ਦਾ ਕੋਈ ਲੰਮਾ ਸਮਾਂ ਹੱਲ ਨਾ ਲੱਭਣ ਕਾਰਨ ਪੰਜਾਬ ਦੀ ਪੂਰੀ ਨੌਜਵਾਨ ਪੀੜ੍ਹੀ ਯੋਜਨਾਬੱਧ ਢੰਗ ਨਾਲ ਆਤਮ-ਵਿਨਾਸ਼ ਦੇ ਰਾਹ ਵੱਲ ਧੱਕੀ ਜਾ ਰਹੀ ਹੈ। ਇਸ ਲਈ ਸੂਬਾ ਤੇ ਕੇਂਦਰ ਸਰਕਾਰ ਨੂੰ ਰਲ਼ ਕੇ ਕੰਮ ਕਰਨ ਦੀ ਲੋੜ ਹੈ। ਵਿਦਿਅਕ ਅਦਾਰਿਆਂ ਵਿਚ ਅਜਿਹੀਆਂ ਸਰਗਰਮੀਆਂ 'ਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ। ਬਿੱਟੂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ 'ਤੇ ਮਾਮਲੇ ਵਿਚ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ।


author

Harnek Seechewal

Content Editor

Related News