ਸੰਸਦ ਮੈਂਬਰ ਔਜਲਾ ਨੇ ਦਾਣਾ ਮੰਡੀਆਂ ਦਾ ਲਿਆ ਜਾਇਜ਼ਾ
Monday, May 04, 2026 - 04:24 AM (IST)
ਗੁਰੂ ਕਾ ਬਾਗ/ਚੋਗਾਵਾਂ (ਭੱਟੀ, ਹਰਜੀਤ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੱਜ ਖਤਰਾਏ ਕਲਾਂ ਦਾਣਾ ਮੰਡੀ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਖੁੱਲ੍ਹੇ ਅਸਮਾਨ ਵਿਚ ਪਈ ਕਣਕ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਔਜਲਾ ਨੇ ਪੰਜਾਬ ਸਰਕਾਰ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ \"ਆਪ\" ਦੀ ਸਰਕਾਰ ਕਣਕ ਦੀ ਢੋਆ-ਢੁਆਈ ਦੇ ਪ੍ਰਬੰਧ ਕਰਨ ਵਿਚ ਬੁਰੀ ਤਰ੍ਹਾਂ ਨਾਲ ਫੇਲ ਸਾਬਤ ਹੋਈ ਹੈ ਕਿਉਂਕਿ ਮੰਡੀਆਂ ਵਿਚ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਕਣਕ ਕਈ ਦਿਨਾਂ ਤੋਂ ਖੁੱਲ੍ਹੇ ਆਸਮਾਨ ਹੇਠ ਪਈ ਹੈ, ਜੋ ਪ੍ਰਸ਼ਾਸਨ ਅਤੇ ਰਾਜ ਸਰਕਾਰ ਦੀ ਲਾਪ੍ਰਵਾਹੀ ਨੂੰ ਦਰਸਾਉਂਦੀ ਹੈ। ਜਦ ਕਿ ਟੈਂਡਰ ਪ੍ਰਣਾਲੀ ਰਾਹੀਂ ਨਵਨਿਯੁਕਤ ਏਜੰਸੀਆਂ ਕੋਲ ਲੋੜੀਂਦੇ ਸਾਧਨਾਂ ਦੀ ਘਾਟ ਕਾਰਨ ਲਿਫਟਿੰਗ ਦੀ ਪ੍ਰਕਿਰਿਆ ਬਹੁਤ ਢਿੱਲੀ ਗਤੀ ਨਾਲ ਚੱਲ ਰਹੀ ਹੈ, ਇਸ ਦੇ ਨਤੀਜੇ ਵਜੋਂ ਆੜ੍ਹਤੀਆਂ ’ਤੇ ਆਰਥਿਕ ਬੋਝ ਵੱਧ ਰਿਹਾ ਹੈ, ਜਦਕਿ ਭੁਗਤਾਨ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਆੜ੍ਹਤੀ ਪ੍ਰਸ਼ੋਤਮ ਸਿੰਘ ਬਾਠ, ਸੱਜਣ ਸਿੰਘ ਖਤਰਾਏ ਕਲਾਂ, ਸੇਵਾ ਸਿੰਘ ਝੰਡੇਰ, ਆੜ੍ਹਤੀ ਹਰਜੀਤ ਸਿੰਘ, ਹਰਜਿੰਦਰ ਸਿੰਘ ਬਾਊ ਧੁੱਪਸੜੀ, ਸੁਖਬੀਰ ਸਿੰਘ ਤੇੜਾ ਖੁਰਦ, ਮਨਜੀਤ ਸਿੰਘ ਮੰਨਾ, ਗੁਰਪ੍ਰੀਤ ਸਿੰਘ ਗੋਪੀ, ਪ੍ਰੇਮ ਪ੍ਰਕਾਸ਼, ਢਿੱਲੋਂ ਕਮਿਸ਼ਨ ਏਜੰਟ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਅੱਜ ਐਮ.ਪੀ ਗੁਰਜੀਤ ਸਿੰਘ ਔਜਲਾ ਵੱਲੋਂ ਕਸਬਾ ਚੋਗਾਵਾਂ, ਲੋਪੋਕੇ, ਬੰਚੀਵਿੰਡ, ਵਣੀਏਕੇ, ਖ਼ਿਆਲਾ ਆਦਿ ਥਾਵਾਂ ’ਤੇ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਆੜ੍ਹਤੀਆਂ, ਕਿਸਾਨਾਂ ਅਤੇ ਮੰਡੀ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ਮਸ਼ੇਰ ਸਿੰਘ ਤਾਰਾ ਫੀਡ ਵਾਲੇ, ਪ੍ਰਗਟ ਸਿੰਘ ਭੁੱਲਰ, ਅੰਗਰੇਜ਼ ਸਿੰਘ ਆੜ੍ਹਤੀ, ਬਲਜਿੰਦਰ ਸਿੰਘ, ਪਵਨਬੀਰ ਸਿੰਘ, ਦਲਜੀਤ ਸਿੰਘ ਕੋਟਲੀ, ਗੁਰਪਾਲ ਸਿੰਘ ਆਦਿ ਵਿਅਕਤੀ ਹਾਜ਼ਰ ਸਨ।
