ਕਿਸਾਨ ਅੰਦੋਲਨ ''ਚੋਂ ਪਰਤੇ ਰਾਏਪੁਰ ਦੇ ਕਿਸਾਨ ਦੀ ਮੌਤ
Tuesday, Mar 02, 2021 - 05:57 PM (IST)
ਅਮਰਗੜ੍ਹ (ਜੋਸ਼ੀ) - ਨਜ਼ਦੀਕੀ ਪਿੰਡ ਰਾਏਪੁਰ ਦੇ ਇਕ ਕਿਸਾਨ ਜਗਤਾਰ ਸਿੰਘ (ਭੋਲਾ) ਪੁੱਤਰ ਸਾਧੂ ਸਿੰਘ ਜੋ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ 'ਚ ਆਪਣਾ ਯੋਗਦਾਨ ਪਾਉਣ ਲਈ 20 ਫਰਵਰੀ ਤੋਂ ਗਿਆ ਹੋਇਆ ਸੀ ਦੀ ਅੱਜ ਮੌਤ ਹੋ ਗਈ। ਪਰਿਵਾਰ ਤੋਂ ਪ੍ਰਾਪਤ ਕੀਤੀ ਜਾਣਕਾਰੀ ਤੇ ਭਾਰਤੀ ਕਿਸਾਨ ਯੂਨੀਅਨ ਦੀ ਇਕਾਈ ਪ੍ਰਧਾਨ ਮਨਪ੍ਰੀਤ ਸਿੰਘ ਇਕਾਈ ਅਲੀਪੁਰ ਦੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਕਤ ਕਿਸਾਨ ਨੇ ਇਸ ਸੰਘਰਸ਼ 'ਚ ਅਹਿਮ ਯੋਗਦਾਨ ਪਾਉਂਦੇ ਹੋਏ ਹੁਣ ਤੱਕ ਆਪਣੀ ਦੋ ਤਿੰਨ ਵਾਰ ਹਾਜ਼ਰੀ ਦਿੱਲੀ ਲਵਾਈ ਇਹ ਕਿਸਾਨ 28 ਫਰਵਰੀ ਨੂੰ ਦਿੱਲੀ ਤੋਂ ਵਾਪਸ ਆਪਣੇ ਪਿੰਡ ਲਈ ਆਇਆ ਸੀ। ਦਿੱਲੀ ਵਿਖੇ ਹੀ ਜਗਤਾਰ ਸਿੰਘ ਦੀ ਤਬੀਅਤ ਖ਼ਰਾਬ ਹੋਣ ਲੱਗ ਪਈ ਇਹ ਕਰੀਬ ਰਾਤ ਨੂੰ 12 ਵਜੇ ਘਰ ਪੁੱਜੇ ਕਿਸਾਨ ਸੰਘਰਸ਼ ਯੋਧਾ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲਾ ਵੀ ਸੀ। ਕਿਸਾਨ ਸਵਾਮੀ ਨਮੋਂ ਨਾਥ ਜੀ ਡੇਰਾ ਚੋਬਦਾਰਾਂ ਵਿਖੇ ਮੱਥਾ ਟੇਕਣ ਗਿਆ ਜਦੋਂ ਸ਼ਾਮ ਨੂੰ ਵਾਪਸ ਆਉਣ ਲੱਗਾ ਤਾਂ ਰਸਤੇ ਵਿਚ ਹੀ ਇਸ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਇਹ ਦਿੱਲੀ ਗਏ ਤਾਂ ਬਿਲਕੁਲ ਠੀਕ ਸੀ ਟਿਕਰੀ ਬਾਰਡਰ 'ਤੇ ਧਰਨੇ ਦੌਰਾਨ ਹੀ ਇਨ੍ਹਾਂ ਦੀ ਤਬੀਅਤ ਵਿਗੜ ਗਈ ਸੀ। ਜਗਤਾਰ ਸਿੰਘ ਜਿਸ ਨੂੰ ਸੰਗਤ ਭੋਲਾ ਕਹਿੰਦੀ ਸੀ, ਕੋਲ ਤਿੰਨ ਏਕੜ ਜ਼ਮੀਨ ਸੀ, ਇਸ ਦੇ ਦੋ ਲੜਕੇ ਜੋ ਅਜੇ ਕੁਆਰੇ ਹਨ ਅਤੇ ਇਕ ਲੜਕੀ ਜੋ ਵਿਆਹੀ ਹੋਈ ਹੈ। ਕਿਸਾਨ ਜਗਤਾਰ ਸਿੰਘ ਦਾ ਸਸਕਾਰ ਅੱਜ ਕਰ ਦਿੱਤਾ ਗਿਆ। ਇਸ ਮੌਕੇ ਸਵਾਮੀ ਨਮੋਨਾਥ ਡੇਰਾ ਚੌਧਰਾਂ ਦੀ ਪੂਰਨ ਸੰਤ ਮੰਡਲੀ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਸਸਕਾਰ ਮੌਕੇ ਜਗਤਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਲਾਕੇ ਦੇ ਕਿਸਾਨਾਂ ਨੇ ਮੰਗ ਕੀਤੀ ਕਿ ਛੋਟੇ ਕਿਸਾਨਾਂ ਦੇ ਪਰਿਵਾਰ ਮੈਂਬਰਾਂ ਨੂੰ ਨੌਕਰੀ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ।