ਪਹਾੜਾਂ 'ਚ ਪੈ ਰਹੇ ਭਾਰੀ ਮੀਂਹ ਦਰਮਿਆਨ ਪੰਜਾਬ ਲਈ ਜਾਰੀ ਹੋਇਆ ਅਲਰਟ

Thursday, Aug 01, 2024 - 06:26 PM (IST)

ਚੰਡੀਗੜ੍ਹ : ਅਗਸਤ ਮਹੀਨੇ ਦੇ ਪਹਿਲੇ ਦਿਨ ਸਵੇਰ ਤੋਂ ਪਏ ਮੀਂਹ ਕਾਰਨ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਜੁਲਾਈ ਦੇ ਆਖਰੀ ਦਿਨ ਬੁੱਧਵਾਰ ਨੂੰ ਵੀ ਮਾਨਸੂਨ ਕਮਜ਼ੋਰ ਰਿਹਾ ਸੀ। ਮੌਸਮ ਵਿਭਾਗ ਵੱਲੋਂ ਭਾਰੀ ਬਰਸਾਤ ਦੀ ਚਿਤਾਵਨੀ ਦੇ ਬਾਵਜੂਦ ਬੱਦਲਾਂ ਨੇ ਜ਼ੋਰਦਾਰ ਬਰਸਾਤ ਨਹੀਂ ਕੀਤੀ। ਹਲਕੀ ਤੋਂ ਦਰਮਿਆਨੀ ਬਾਰਿਸ਼ ਕੁਝ ਥਾਵਾਂ 'ਤੇ ਹੀ ਦਰਜ ਕੀਤੀ ਗਈ। ਵੀਰਵਾਰ ਨੂੰ ਬਠਿੰਡਾ, ਜਲਾਲਾਬਾਦ ਅਤੇ ਮੁਕਤਸਰ ਵਿਚ ਭਾਰੀ ਮੀਂਹ ਕਾਰਣ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ। ਵੀਰਵਾਰ ਨੂੰ ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਬਰਨਾਲਾ, ਮਾਨਸਾ ਅਤੇ ਸੰਗਰੂਰ ਲਈ ਸੰਤਰੀ ਅਤੇ ਹੋਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪੈ ਰਹੀ ਭਿਆਨਕ ਗਰਮੀ ਕਾਰਣ ਵਿਗੜਣ ਲੱਗੀ ਵਿਦਿਆਰਥੀਆਂ ਦੀ ਸਿਹਤ, ਸਕੂਲਾਂ ਦਾ ਸਮਾਂ ਬਦਲਣ ਦੀ ਮੰਗ

ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਰੁਕ-ਰੁਕ ਕੇ ਮੀਂਹ ਜਾਰੀ ਹੈ। ਮੌਸਮ ਵਿਭਾਗ ਨੇ 2 ਅਗਸਤ ਤੱਕ ਦਿੱਲੀ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਕੱਲ੍ਹ ਹੋਈ ਭਾਰੀ ਬਾਰਸ਼ ਕਾਰਨ ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਿਭਾਗ ਅਨੁਸਾਰ, ਇਸ ਪੂਰੇ ਹਫ਼ਤੇ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 33 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਅਤੇ ਘੱਟੋ-ਘੱਟ ਤਾਪਮਾਨ 26 ਤੋਂ 27 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਲਈ ਅਹਿਮ ਖ਼ਬਰ, ਜਾਰੀ ਹੋਏ ਸਖ਼ਤ ਹੁਕਮ

ਦੂਜੇ ਪਾਸੇ ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਬੀਤੀ ਰਾਤ ਰਾਜ ਭਰ ਵਿਚ ਭਾਰੀ ਮੀਂਹ ਪਿਆ ਅਤੇ ਕਈ ਇਲਾਕਿਆਂ ਵਿਚ ਬੱਦਲ ਫਟਣ ਦੀ ਸੂਚਨਾ ਹੈ। ਕੁੱਲੂ ਦੇ ਨਿਰਮੰਡ 'ਚ ਬੱਦਲ ਫਟਣ ਤੋਂ ਬਾਅਦ ਬਾਗੀ ਪੁਲ ਦੇ ਆਲੇ-ਦੁਆਲੇ ਵਾਹਨ ਅਤੇ ਘਰ ਵਹਿ ਗਏ। ਇਸ ਦੇ ਨਾਲ ਹੀ ਮਨਾਲੀ 'ਚ ਬਿਆਸ ਦਰਿਆ ਮੁੜ ਆਪਣਾ ਰੁਖ ਬਦਲ ਕੇ ਹਾਈਵੇਅ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿਚ ਬੱਦਲ ਫਟਣ ਕਾਰਨ ਚੰਡੀਗੜ੍ਹ ਮਨਾਲੀ ਹਾਈਵੇਅ ਕਈ ਥਾਵਾਂ ’ਤੇ ਬੰਦ ਹੈ ਅਤੇ ਹੁਣ ਤੱਕ ਕੁੱਲ 52 ਲੋਕ ਲਾਪਤਾ ਹਨ। ਸ਼ਿਮਲਾ ਵਿਚ 36 ਲੋਕ ਲਾਪਤਾ ਹਨ। ਮੌਜੂਦਾ ਬਣੇ ਹਾਲਾਤ ਨੂੰ ਵੇਖਦੇ ਹੋਏ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਦਾ ਖਤਰਾ ਬਣ ਗਿਆ ਹੈ। ਕੁੱਲੂ ਜ਼ਿਲ੍ਹੇ ਦੇ ਮਣੀਕਰਨ ਦੇ ਮਲਾਨਾ ਪਿੰਡ 'ਚ ਬਣੇ ਪਾਵਰ ਪ੍ਰੋਜੈਕਟ ਦਾ ਬੰਨ੍ਹ ਟੁੱਟ ਗਿਆ ਹੈ ਅਤੇ ਘਾਟੀ ਵਿਚ ਹੜ੍ਹ ਆ ਗਿਆ ਹੈ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News