ਮੋਟਰਸਾਈਕਲ ਚੋਰ ਗਿਰੋਹ ਦੇ 2 ਮੈਂਬਰ ਕਾਬੂ
Saturday, Oct 21, 2017 - 11:01 AM (IST)
ਮੋਗਾ (ਆਜ਼ਾਦ) - ਬਾਘਾਪੁਰਾਣਾ ਪੁਲਸ ਨੇ ਧਾਰਮਿਕ ਅਸਥਾਨਾਂ ਤੋਂ ਵ੍ਹੀਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 3 ਮੋਟਰਸਾਈਕਲ ਤੇ ਇਕ ਸਕੂਟਰੀ ਬਰਾਮਦ ਕੀਤੀ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਜਗਜੀਤ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਗਲਤ ਅਨਸਰਾਂ ਦੀ ਤਲਾਸ਼ 'ਚ ਇਲਾਕੇ 'ਚ ਗਸ਼ਤ ਕਰ ਰਹੇ ਸਨ ਤਾਂ ਜਦ ਉਹ ਚੰਨੂੰਵਾਲਾ ਰੋਡ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਧਾਰਮਿਕ ਅਸਥਾਨਾਂ ਤੇ ਮੇਲਿਆਂ ਤੋਂ ਵ੍ਹੀਕਲ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਕੋਟਲਾ ਰਾਏਕਾ ਤੇ ਮਨਪ੍ਰੀਤ ਸਿੰਘ ਨਿਵਾਸੀ ਪਿੰਡ ਬੁੱਧ ਸਿੰਘ ਵਾਲਾ ਚੋਰੀ ਦੇ ਮੋਟਰਸਾਈਕਲ 'ਤੇ ਇਲਾਕੇ 'ਚ ਘੁੰਮ ਰਹੇ ਹਨ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਾਬੂ ਕੀਤਾ ਸਕਦਾ ਹੈ, ਜਿਸ 'ਤੇ ਪੁਲਸ ਪਾਰਟੀ ਨੇ ਨਿਹਾਲ ਸਿੰਘ ਵਾਲਾ ਰੋਡ 'ਤੇ ਪੁਲ ਸੂਏ ਕੋਲ ਨਾਕਾਬੰਦੀ ਕੀਤੀ ਤਾਂ ਉਕਤ ਦੋਵਾਂ ਨੂੰ ਮੋਟਰਸਾਈਕਲ ਸਮੇਤ ਰੋਕਿਆ ਤੇ ਉਨ੍ਹਾਂ ਤੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਪਰ ਉਹ ਕੋਈ ਦਸਤਾਵੇਜ਼ ਨਾ ਦਿਖਾ ਸਕੇ, ਜਿਸ 'ਤੇ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ।
ਪੁੱਛਗਿੱਛ ਕਰਨ 'ਤੇ ਕਾਬੂ ਕੀਤੇ ਉਕਤ ਵਿਅਕਤੀਆਂ ਨੇ ਦੱਸਿਆ ਕਿ ਉਕਤ ਮੋਟਰਸਾਈਕਲ ਉਨ੍ਹਾਂ ਬਾਘਾਪੁਰਾਣਾ ਇਲਾਕੇ 'ਚ ਧਾਰਮਿਕ ਅਸਥਾਨਾਂ ਤੇ ਮੇਲਿਆਂ ਤੋਂ ਚੋਰੀ ਕੀਤੇ ਹਨ। ਉਨ੍ਹਾਂ ਦੇ ਕਬਜ਼ੇ 'ਚੋਂ ਇਕ ਸਕੂਟਰੀ ਵੀ ਬਰਾਮਦ ਕੀਤੀ ਗਈ। ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਕਤ ਗਿਰੋਹ 'ਚ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਵੀ ਕਈ ਚੋਰੀ ਦੇ ਵ੍ਹੀਕਲ ਬਰਾਮਦ ਹੋਣ ਦੀ ਸੰਭਾਵਨਾ ਹੈ।
