ਮੋਟਰਸਾਈਕਲ ਚੋਰੀ ਅਤੇ ਲੁੱਟ-ਖੋਹ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
Monday, Dec 04, 2017 - 01:39 AM (IST)
ਗੁਰਦਾਸਪੁਰ, (ਵਿਨੋਦ)- ਸਿਟੀ ਪੁਲਸ ਗੁਰਦਾਸਪੁਰ ਨੇ ਮੋਟਰਸਾਈਕਲ ਚੋਰੀ ਕਰਨ ਤੇ ਲੁੱਟਮਾਰ ਕਰਨ ਵਾਲੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਦੋਸ਼ੀ ਤੋਂ 2 ਮੋਟਰਸਾਈਕਲ, 5 ਮੋਬਾਇਲ ਅਤੇ ਗੁਰਦਾਸਪੁਰ ਤੋਂ ਲੁੱਟੀ ਸੋਨੇ ਦੀ ਚੇਨ ਅਤੇ 1 ਅੰਗੂਠੀ ਬਰਾਮਦ ਕੀਤੀ ਹੈ।
ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਪੰਡਤ ਮੋਹਨ ਲਾਲ ਐੱਸ. ਡੀ. ਕਾਲਜ ਕਾਹਨੂੰਵਾਨ ਰੋਡ ਦੇ ਕੋਲ ਨਾਲੇ 'ਤੇ ਸਹਾਇਕ ਸਬ-ਇੰਸਪੈਕਟਰ ਅਜੇ ਰਾਜਨ ਦੀ ਅਗਵਾਈ 'ਚ ਨਾਕਾ ਲਾਇਆ ਹੋਇਆ ਸੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਕ ਨੌਜਵਾਨ ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦੇਣ 'ਤੇ ਜਦ ਉਸ ਨੂੰ ਰੋਕ ਕੇ ਪੁੱਛਗਿਛ ਕੀਤੀ ਗਈ ਤਾਂ ਦੋਸ਼ੀ ਨੇ ਆਪਣੀ ਪਛਾਣ ਸੰਨੀ ਉਰਫ਼ ਅਜੇ ਉਰਫ਼ ਕਾਕਾ ਪੁੱਤਰ ਵਿਕਰਮ ਨਿਵਾਸੀ ਈਸਾ ਨਗਰ ਪਠਾਨਕੋਟ ਦੱਸੀ।
ਉਸ ਦੇ ਕੋਲ ਜੋ ਮੋਟਰਸਾਈਕਲ ਸੀ, ਉਸ ਦਾ ਨੰਬਰ ਚੈੱਕ ਕਰਨ 'ਤੇ ਪਤਾ ਲੱਗਾ ਕਿ ਇਸ ਮੋਟਰਸਾਈਕਲ ਨੰਬਰ ਦੇ ਵਿਅਕਤੀ ਨੇ ਕੁਝ ਦਿਨ ਪਹਿਲਾਂ ਸ਼ਾਸਤਰੀ ਮਾਰਕੀਟ ਗੁਰਦਾਸਪੁਰ ਤੋਂ ਇਕ ਸਰਾਫ ਦੀ ਦੁਕਾਨ ਤੋਂ ਸੋਨੇ ਦੀ ਚੇਨ ਲੁੱਟੀ ਸੀ। ਇਸ ਸਬੰਧੀ ਸੰਨੀ ਤੋਂ ਪੁੱਛਗਿੱਛ ਕਰਨ 'ਤੇ ਉਹ ਘਬਰਾ ਗਿਆ ਅਤੇ ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਹੀ ਸੋਨੇ ਦੀ ਚੇਨ ਲੁੱਟੀ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਤੋਂ ਪੁੱਛਗਿੱਛ ਦੇ ਆਧਾਰ ਤੇ ਉਸ ਤੋਂ ਇਕ ਹੋਰ ਚੋਰੀ ਦੇ ਮੋਟਰਸਾਈਕਲ ਸਮੇਤ 5 ਮੋਬਾਇਲ, ਇਕ ਸੋਨੇ ਦੀ ਚੇਨ ਤੇ ਅੰਗੂਠੀ ਬਰਾਮਦ ਹੋਈ, ਜਿਸ ਮੋਟਰਸਾਈਕਲ ਦੇ ਨਾਲ ਉਸ ਨੇ ਬੀਤੇ ਦਿਨੀਂ ਗੁਰਦਾਸਪੁਰ ਤੋਂ ਸੋਨੇ ਦੀ ਚੇਨ ਲੁੱਟੀ ਸੀ ਉਹ ਉਸ ਦੇ ਕਿਸੇ ਰਿਸ਼ਤੇਦਾਰ ਦਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਸਵੀਕਾਰ ਕੀਤਾ ਕਿ ਉਸ ਵਿਰੁੱਧ ਹਿਮਾਚਲ ਪ੍ਰਦੇਸ਼ ਤੇ ਪਠਾਨਕੋਟ ਵਿਚ ਵੀ ਚੋਰੀ ਤੇ ਲੁੱਟਮਾਰ ਦੇ ਕੇਸ ਦਰਜ ਹਨ ਅਤੇ ਉਹ ਪੁਲਸ ਤੋਂ ਭਗੌੜਾ ਹੈ। ਪੁਲਸ ਅਧਿਕਾਰੀ ਸ਼ਾਮ ਲਾਲ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਲੁੱਟਮਾਰ ਦੇ ਕੇਸਾਂ ਦੇ ਹੱਲ ਹੋਣ ਦੀ ਸੰਭਾਵਨਾ ਹੈ।
