ਕੰਧ ''ਚ ਵੱਜਾ ਮੋਟਰਸਾਈਕਲ; 1 ਦੀ ਮੌਤ, 3 ਫੱਟੜ

09/24/2017 2:14:30 AM

ਬਹਿਰਾਮ,  (ਗੁਰਨਾਮ)-  ਮੇਹਲੀ ਚੌਕੀ ਨੇੜੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਤ ਤੇ 3 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਫਿਰੋਜ਼ ਖਾਨ ਪੁੱਤਰ ਨਜ਼ੀਰ ਅਮਾਦ ਪਿੰਡ ਮਾਹਲ ਗਹਿਲਾਂ ਆਪਣੀ ਮਾਤਾ ਮੀਨਾ ਨੂਰਜਹਾਂ ਨੂੰ ਰੇਲਵੇ ਸਟੇਸ਼ਨ ਫਗਵਾੜਾ ਤੋਂ ਬਿਹਾਰ ਜਾਣ ਵਾਲੀ ਗੱਡੀ 'ਚ ਚੜ੍ਹਾ ਕੇ ਆਪਣੇ ਤਿੰਨ ਦੋਸਤਾਂ ਨਾਲ ਸਪਲੈਂਡਰ ਮੋਟਰਸਾਈਕਲ 'ਤੇ ਵਾਪਸ ਮਾਹਲ ਗਹਿਲਾਂ ਆ ਰਿਹਾ ਸੀ। 
ਜਦੋਂ ਇਹ ਮੇਹਲੀ ਚੌਕੀ ਨੇੜੇ ਵਿਸ਼ਵਕਰਮਾ ਚੌਕ ਪਹੁੰਚੇ ਤਾਂ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਸਾਹਮਣੇ ਬਣੀ ਕੰਧ 'ਚ ਵੱਜ ਗਿਆ, ਜਿਸ ਕਾਰਨ ਫਿਰੋਜ਼ ਖਾਨ (48) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਨਾਲ ਬੈਠੇ ਤਿੰਨ ਸਾਥੀ ਗੌਰਵ, ਮਿਸ਼ਰੀ ਲਾਲ ਤੇ ਰਮਨ ਕੁਮਾਰ ਫੱਟੜ ਹੋ ਗਏ, ਜਿਨ੍ਹਾਂ ਨੂੰ ਮੇਹਲੀ ਚੌਕੀ ਦੇ ਏ. ਐੱਸ. ਆਈ. ਸੰਦੀਪ ਸਿੰਘ, ਐੱਚ. ਸੀ. ਹਰਜਿੰਦਰ ਸਿੰਘ, ਤੇਜ ਭਾਨ ਤੇ ਅਵਤਾਰ ਸਿੰਘ ਵੱਲੋਂ ਫਗਵਾੜਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News