ਹੁਸ਼ਿਆਰਪੁਰ: 5000 ਚਾਲਾਨ ਹੋਣ ''ਤੇ ਪੁਲਸ ਦੇ ਸਾਹਮਣੇ ਸਾੜਿਆ ਮੋਟਰਸਾਈਕਲ (ਵੀਡੀਓ)
Tuesday, Sep 10, 2019 - 06:58 PM (IST)
ਹੁਸ਼ਿਆਰਪੁਰ (ਵਰਿੰਦਰ ਪੰਡਿਤ, ਅਮਰੀਕ, ਅਸ਼ਵਨੀ)—ਸਰਕਾਰ ਵੱਲੋਂ ਚਾਲਾਨ 'ਚ ਕੀਤੇ ਗਏ ਵਾਧੇ ਨੂੰ ਲੈ ਕੇ ਪੰਜਾਬ 'ਚ ਵੀ ਉਸ ਸਮੇਂ ਇਕ ਨੌਜਵਾਨ ਦਾ ਗੁੱਸਾ ਫੁੱਟ ਗਿਆ ਜਦੋਂ ਪੁਲਸ ਵੱਲੋਂ ਉਕਤ ਨੌਜਵਾਨ ਦਾ 5 ਹਜ਼ਾਰ ਰੁਪਏ ਦਾ ਚਾਲਾਨ ਕੱਟ ਦਿੱਤਾ ਗਿਆ। ਗੁੱਸੇ 'ਚ ਆਏ ਨੌਜਵਾਨ ਨੇ ਪੁਲਸ ਦੇ ਸਾਹਮਣੇ ਹੀ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ। ਦਰਅਸਲ ਹੁਸ਼ਿਆਰਪੁਰ ਦੇ ਕਸਬਾ ਭੂੰਗਾ 'ਚ ਪੁਲਸ ਵੱਲੋਂ ਇਕ ਨੌਜਵਾਨ ਦਾ 5000 ਹਜ਼ਾਰ ਰੁਪਏ ਦਾ ਚਾਲਾਨ ਕੱਟ ਦਿੱਤਾ ਗਿਆ।
ਚਾਲਾਨ ਕੱਟਣ ਤੋਂ ਬਾਅਦ ਉਕਤ ਨੌਜਵਾਨ ਨੇ ਮੋਟਰਸਾਈਕਲ ਹੀ ਅੱਗ ਦੇ ਹਵਾਲੇ ਕਰ ਦਿੱਤਾ। ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਮੋਟਰਸਾਈਕਲ ਸੜਕ ਵਿਚਾਲੇ ਸੜ ਰਿਹਾ ਹੈ ਅਤੇ ਸਥਾਨਕ ਲੋਕ ਪਾਣੀ ਪਾ ਕੇ ਅੱਗ 'ਤੇ ਕਾਬੂ ਪਾ ਰਹੇ ਹਨ। ਪੁਲਸ ਮੁਲਾਜ਼ਮ ਵੱਲੋਂ ਕਾਬੂ ਕੀਤਾ ਨੌਜਵਾਨ ਸਥਾਨਕ ਲੋਕਾਂ ਨੂੰ ਮੋਟਰਸਾਈਕਲ ਨੂੰ ਸੜ ਲੈਣ ਦੀ ਗੱਲ ਆਖ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਅਜੇ ਤੱਕ ਨਵੇਂ ਬਣਾਏ ਗਏ ਨਿਯਮ ਪੰਜਾਬ 'ਚ ਲਾਗੂ ਨਹੀਂ ਕੀਤੇ ਗਏ ਹਨ। ਇਸ ਸਬੰਧੀ ਜਦੋਂ 'ਜਗ ਬਾਣੀ' ਦੇ ਪ੍ਰਤੀਨਿਧੀ ਵੱਲੋਂ ਹੁਸ਼ਿਆਰਪੁਰ ਦੇ ਰੀਜ਼ਨਲ ਟਰਾਂਸਪੋਰਟ ਸੈਕਰੇਟਰੀ ਕਰਨ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ 'ਚ ਅਜੇ ਪੁਰਾਣੇ ਚਾਲਾਨ ਹੀ ਕੱਟੇ ਜਾ ਰਹੇ ਹਨ। ਬਿਨਾਂ ਸ਼ੱਕ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਚਲਾਨ 'ਚ ਵਾਧਾ ਕਰ ਦਿੱਤਾ ਗਿਆ ਹੈ ਪਰ ਭਾਰਤ 'ਚ ਕਈ ਥਾਂਵਾ 'ਤੇ ਲੋਕਾਂ ਦਾ ਗੁੱਸਾ ਸਰਕਾਰ ਖਿਲਾਫ ਫੁੱਟਿਆ ਹੈ।