ਮੋਟਰਸਾਈਕਲ ਦੀ ਪਾਰਟੀ ਦੇਣੀ ਪਈ ਮਹਿੰਗੀ, ਤਕਰਾਰ ਤੋਂ ਬਾਅਦ ਫੌਜੀ ਦੋਸਤ ਦਾ ਕਤਲ

Friday, Aug 06, 2021 - 10:38 AM (IST)

ਮੋਟਰਸਾਈਕਲ ਦੀ ਪਾਰਟੀ ਦੇਣੀ ਪਈ ਮਹਿੰਗੀ, ਤਕਰਾਰ ਤੋਂ ਬਾਅਦ ਫੌਜੀ ਦੋਸਤ ਦਾ ਕਤਲ

ਗਿੱਦੜਬਾਹਾ (ਚਾਵਲਾ): ਗਿੱਦੜਬਾਹਾ ਨੇੜਲੇ ਪਿੰਡ ਥਰਾਜਵਾਲਾ ਦੇ ਰਹਿਣ ਵਾਲੇ ਫੌਜੀ ਅਕਾਸ਼ਦੀਪ ਸਿੰਘ ਦਾ ਉਸ ਦੇ ਦੋਸਤ ਵੱਲੋਂ ਤਲਵਾਰ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ (26) ਪੁੱਤਰ ਇਕਬਾਲ ਸਿੰਘ ਜੋ ਕਿ ਫੌਜ ’ਚ ਬੀਤੇ ਤਿੰਨ ਸਾਲਾਂ ਤੋਂ ਪਠਾਨਕੋਟ ਵਿਖੇ ਨੌਕਰੀ ਕਰਦਾ ਸੀ, ਕੁਝ ਸਮਾਂ ਪਹਿਲਾਂ ਪਿੰਡ ਥਰਾਜਵਾਲਾ ਵਿਖੇ ਛੁੱਟੀ ’ਤੇ ਘਰ ਆਇਆ ਹੋਇਆ ਸੀ। ਅਕਾਸ਼ਦੀਪ ਸਿੰਘ ਨੇ ਕੁਝ ਦਿਨ ਪਹਿਲਾਂ ਇਕ ਬੁਲੇਟ ਮੋਟਰਸਾਈਕਲ ਖਰੀਦਿਆ ਸੀ, ਜਿਸ ’ਤੇ ਉਸ ਦੇ ਦੋਸਤਾਂ ਨੇ ਅਕਾਸ਼ਦੀਪ ਕੋਲੋਂ ਪਾਰਟੀ ਦੀ ਮੰਗ ਕੀਤੀ। ਬੀਤੀ ਰਾਤ ਅਕਾਸ਼ਦੀਪ ਸਿੰਘ ਆਪਣੇ ਦੋਸਤਾਂ ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਰੋਬਿਨ ਸਿੰਘ ਤੇ ਸੰਨੀ ਨਾਲ ਗਿੱਦੜਬਾਹਾ ਦੇ ਲੰਬੀ ਫਾਟਕ ਨੇੜੇ ਇਕ ਚਿਕਨ ਸੈਂਟਰ ’ਤੇ ਪਾਰਟੀ ਕਰਨ ਲਈ ਆਇਆ। ਇਸ ਦੌਰਾਨ ਅਕਾਸ਼ਦੀਪ ਸਿੰਘ ਦੀ ਆਪਣੇ ਉਕਤ ਦੋਸਤਾਂ ਨਾਲ ਖਾਣ-ਪੀਣ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ’ਤੇ ਉਕਤ ’ਚੋਂ ਹਰਪ੍ਰੀਤ ਸਿੰਘ ਪਾਰਟੀ ਵਿਚਾਲੇ ਛੱਡ ਕੇ ਪਿੰਡ ਥਰਾਜਵਾਲਾ ਨੂੰ ਵਾਪਸ ਚਲਾ ਗਿਆ, ਜਦੋਂ ਕਿ ਬਾਕੀ ਸਾਰੇ ਦੋਸਤ ਵੀ ਪਾਰਟੀ ਖਤਮ ਕਰਨ ਉਪਰੰਤ ਵਾਪਸ ਪਿੰਡ ਥਰਾਜਵਾਲਾ ਲਈ ਚੱਲ ਪਏ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਾਬੀ ਨੌਜਵਾਨਾਂ ਵੱਲੋਂ ਪੁਲਸ ਮੁਲਾਜ਼ਮਾਂ ’ਤੇ ਹਮਲਾ, ਗੱਡੀ ਦੇ ਸ਼ੀਸ਼ੇ ਤੋੜੇ

ਜਦੋਂ ਉਹ ਲੰਬੀ ਰੋਡ ਸਥਿਤ ਪੈਟਰੋਲ ਪੰਪ ਤੋਂ ਕੁਝ ਅੱਗੇ ਗਏ ਤਾਂ ਹਰਪ੍ਰੀਤ ਸਿੰਘ ਰਸਤੇ ’ਚ ਤਲਵਾਰ ਲੈ ਕੇ ਖੜ੍ਹਾ ਸੀ, ਜਿੱਥੇ ਹਰਪ੍ਰੀਤ ਸਿੰਘ ਨੇ ਤਲਵਾਰ ਦਾ ਵਾਰ ਅਕਾਸ਼ਦੀਪ ਸਿੰਘ ਦੇ ਢਿੱਡ ਵਿਚ ਕੀਤਾ, ਜਿਸ ਕਾਰਨ ਅਕਾਸ਼ਦੀਪ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਪਿੰਡ ਵਾਸੀਆਂ ਨੇ ਇਲਾਜ ਲਈ ਗਿੱਦੜਬਾਹਾ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮਿਲਟਰੀ ਹਸਪਤਾਲ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ, ਜਿੱਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ :  ਖੇਤਾਂ ’ਚ ਕੰਮ ਕਰਦੇ ਕਿਸਾਨ ਦੀ ਸੱਪ ਦੇ ਡੰਗਣ ਨਾਲ ਮੌਤ, 5 ਧੀਆਂ ਦੇ ਸਿਰ 'ਤੋਂ ਉੱਠਿਆ ਪਿਓ ਦਾ ਸਾਇਆ

ਉਧਰ ਥਾਣਾ ਗਿੱਦੜਬਾਹਾ ਪੁਲਸ ਦੇ ਐੱਸ. ਐੱਚ. ਓ. ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਮਿਲਟਰੀ ਹਸਪਤਾਲ ਬਠਿੰਡਾ ਤੋਂ ਉਕਤ ਘਟਨਾ ਬਾਰੇ ਸੂਚਨਾ ਮਿਲੀ ਸੀ, ਜਿਸ ’ਤੇ ਜਾਂਚ ਕਰਨ ਉਪਰੰਤ ਉਨ੍ਹਾਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਇਕਬਾਲ ਸਿੰਘ ਦੇ ਬਿਆਨਾਂ ’ਤੇ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਵਿਰੁੱਧ ਕਤਲ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਹਰਪ੍ਰੀਤ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਚੋਰਾਂ ਨੇ 1 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਪਾ ਲਿਆ ਬੈਗ ’ਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News