ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਣ ਤੋਂ ਬਾਅਦ ਖੇਤਾਂ ’ਚ ਪਲਟੀ ਪੀ. ਆਰ. ਟੀ. ਸੀ. ਦੀ ਬਸ, ਪਿਆ ਚੀਕ ਚਿਹਾੜਾ
Sunday, Sep 25, 2022 - 05:40 PM (IST)
ਬਨੂੜ (ਗੁਰਪਾਲ) : ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਇਕ ਸਵਾਰੀਆਂ ਨਾਲ ਭਰੀ ਤੇਜ਼ ਰਫਤਾਰ ਪੀ. ਆਰ. ਟੀ. ਸੀ. ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀ ਇਕ ਬੱਸ ਜਿਸ ’ਚ 35 ਤੋਂ 40 ਸਵਾਰੀਆਂ ਸਵਾਰ ਸਨ, ਚੰਡੀਗੜ੍ਹ ਤੋਂ ਘਨੌਰ ਜਾ ਰਹੀ ਸੀ। ਇਹ ਬੱਸ ਜਦੋਂ ਜ਼ੀਰਕਪੁਰ ਤੋਂ ਬਨੂੜ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਬੱਸੀ ਈਸੇ ਖਾਂ ਦੇ ਨਜ਼ਦੀਕ ਪਹੁੰਚੀ ਤਾਂ ਅਚਾਨਕ ਬੱਸ ਨੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਉਪਰੰਤ ਸਵਾਰੀਆਂ ਨਾਲ ਭਰੀ ਬੱਸ ਖੇਤਾਂ ’ਚ ਪਲਟ ਗਈ ਅਤੇ ਮੋਟਰਸਾਈਕਲ ਚਾਲਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਹਾਦਸੇ ਉਪਰੰਤ ਇਕਦਮ ਚੀਕ-ਚਿਹਾੜਾ ਪੈ ਗਿਆ ਅਤੇ ਸੜਕ ਤੋਂ ਲੰਘ ਰਹੇ ਰਾਹਗੀਰਾਂ ਨੇ ਬੱਸ ’ਚੋਂ ਸਵਾਰੀਆਂ ਨੂੰ ਕੱਢਿਆ। ਗੰਭੀਰ ਜ਼ਖਮੀ ਮੋਟਰਸਾਈਕਲ ਚਾਲਕ ਨੂੰ ਬਨੂੜ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਸ ਸਵਾਰ ਸਾਢੇ 3 ਦਰਜਨ ਦੇ ਕਰੀਬ ਸਵਾਰੀਆਂ ਹਾਦਸੇ ’ਚ ਵਾਲ-ਵਾਲ ਬੱਚ ਗਈਆਂ।
ਜਾਂਚ ਅਧਿਕਾਰੀ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਦਲਬੀਰ ਸਿੰਘ ਕਾਲਾ ਪੁੱਤਰ ਮਹਿੰਦਰ ਸਿੰਘ ਉਮਰ 40 ਸਾਲ ਵਾਸੀ ਵਾਰਡ ਨੰਬਰ ਦੋ ਪਿੰਡ ਬਸੀ ਈਸੇ ਖਾਂ ਥਾਣਾ ਬਨੂੜ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ।