ਮੋਟੀਵੇਟਰ ਯੂਨੀਅਨ ਨੇ ਕਾਰਜਕਾਰੀ ਇੰਜੀਨੀਅਰ ਦਫਤਰ ਅੱਗੇ ਲਾਇਆ ਧਰਨਾ

Tuesday, Jun 12, 2018 - 04:45 AM (IST)

ਮੋਟੀਵੇਟਰ ਯੂਨੀਅਨ ਨੇ ਕਾਰਜਕਾਰੀ ਇੰਜੀਨੀਅਰ ਦਫਤਰ ਅੱਗੇ ਲਾਇਆ ਧਰਨਾ

ਫਤਿਹਗੜ੍ਹ ਸਾਹਿਬ, (ਜਗਦੇਵ)- ਵਾਟਰ ਸਪਲਾਈ ਅਤੇ ਸੈਨੀਟੇਸ਼ਨ ਡਿਪਾਰਟਮੈਂਟ ਮਾਸਟਰ ਮੋਟੀਵੇਟਰ ਐਂਡ ਮੋਟੀਵੇਟਰ ਯੂਨੀਅਨ ਫਤਿਹਗੜ੍ਹ ਸਾਹਿਬ ਵਲੋਂ ਅੱਜ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਅੱਗੇ ਵਿਭਾਗ ਨੂੰ ਮੋਟੀਵੇਟਰਾਂ ਦੇ ਨਾਵਾਂ ਦੀਆਂ ਲਿਸਟਾਂ ਨਾ ਭੇਜਣ ਦੇ ਰੋਸ ਵਜੋਂ ਰੋਸ ਧਰਨਾ ਦਿੱਤਾ ਗਿਆ। 
ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਨੇ ਦੱਸਿਆ ਕਿ 7 ਜੂਨ ਨੂੰ ਚੰਡੀਗੜ੍ਹ ਵਿਖੇ ਜਲ-ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਅਤੇ ਪ੍ਰਿੰਸੀਪਲ ਸੈਕਟਰੀ ਪੰਜਾਬ ਨਾਲ ਮੀਟਿੰਗ ਵਿਚ ਵਿਭਾਗ ਵਲੋਂ ਮੋਟੀਵੇਟਰਾਂ ਦੇ ਨਾਵਾਂ ਦੀਆਂ ਲਿਸਟਾਂ ਮੰਗੀਆਂ ਗਈਆਂ ਸਨ ਤੇ ਵਿਭਾਗ ਵਲੋਂ ਪੰਜਾਬ ਦੇ ਸਾਰੇ ਜਲ-ਸਪਲਾਈ ਅਤੇ ਸੈਨੀਟੇਸ਼ਨ ਮੰਡਲਾਂ ਵਿਖੇ ਈ-ਮੇਲ ਰਾਹੀਂ 11 ਜੂਨ ਤੱਕ ਮੋਟੀਵੇਟਰਾਂ ਦੀਆਂ ਲਿਸਟਾਂ ਮੰਗੀਆਂ ਗਈਆਂ ਸਨ ਪਰ ਕਿਸੇ ਅਧਿਕਾਰੀ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਸਵੇਰ ਤੋਂ ਹੀ ਮੋਟੀਵੇਟਰਾਂ ਵਲੋਂ ਮੰਡਲ ਦਫਤਰ ਵਿਖੇ ਭੁੱਖੇ ਭਾਣੇ ਲਿਸਟਾਂ ਭੇਜਣ ਲਈ ਉਚ-ਅਧਿਕਾਰੀਆਂ ਦੇ ਪਿੱਛੇ-ਪਿੱਛੇ ਘੁੰਮ ਰਹੇ ਹਨ ਪਰ ਕਿਸੇ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। 
ਉਨ੍ਹਾਂ ਕਿਹਾ ਕਿ ਮਹਿਕਮੇ ਦੇ ਇੰਜੀਨੀਅਰ ਵਲੋਂ ਸਾਫ ਮਨ੍ਹਾ ਕਰ ਦਿੱਤਾ ਗਿਆ ਕਿ ਸਾਡੇ ਮਹਿਕਮੇ ਵਿਚ ਕੋਈ ਵੀ ਮੋਟੀਵੇਟਰ ਕੰਮ ਨਹੀਂ ਕਰਦਾ ਅਸੀਂ ਕਿਸੇ ਦੀ ਵੀ ਲਿਸਟ ਨਹੀਂ ਭੇਜਾਂਗੇ ਤੇ ਮੋਟੀਵੇਟਰਾਂ ਵਲੋਂ ਤਿੰਨ ਵਜੇ ਤੱਕ ਲਿਸਟਾਂ ਭੇਜਣ ਦਾ ਸਮਾਂ ਦਿੱਤਾ ਗਿਆ। ਉਸ 'ਤੇ ਫਿਰ ਕੋਈ ਸੁਣਵਾਈ ਨਾ ਹੋਣ 'ਤੇ ਯੂਨੀਅਨ ਵਲੋਂ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡਾ ਇਹ ਧਰਨਾ ਉਦੋਂ ਤੱਕ ਲੱਗਿਆ ਰਹੇਗਾ ਜਦੋਂ ਤੱਕ ਸਾਡੀਆਂ ਸੂਚੀਆਂ ਨਹੀਂ ਭੇਜੀਆਂ ਜਾਂਦੀਆਂ। ਇਸ ਉਪਰੰਤ ਧਰਨੇ ਦੀ ਸੂਚਨਾ ਮਿਲਣ 'ਤੇ ਕਾਰਜਕਾਰੀ ਇੰਜ. ਮੌਕੇ 'ਤੇ ਪਹੁੰਚੇ। ਮੋਟੀਵੇਟਰ ਦੇ ਵਫ਼ਦ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਸਮੱਸਿਆ ਮੌਕੇ 'ਤੇ ਹੱਲ ਕਰਵਾਈ ਗਈ ਜਿਸ ਉਪਰੰਤ ਮੋਟੀਵੇਟਰ ਯੂਨੀਅਨ ਨੇ ਧਰਨੇ ਦੀ ਸਮਾਪਤੀ ਕਰ ਦਿੱਤੀ। 
ਇਸ ਮੌਕੇ ਜਤਿੰਦਰ ਬਾਂਸਲ ਮੀਤ ਪ੍ਰਧਾਨ, ਜਗਜੀਤ ਸਿੰਘ ਚੇਅਰਮੈਨ, ਰੋਜ਼ੀ ਲਾਂਬਾ, ਬਲਰਾਜ ਸਿੰਘ, ਪਰਦੀਪ ਕੌਰ, ਰਾਜਵੀਰ ਕੌਰ, ਕਮਲਦੀਪ ਕੌਰ, ਅਮਰਜੋਤ ਸਿੰਘ, ਗੁਰਪ੍ਰੀਤ ਸਿੰਘ ਸੋਢੀ, ਰਮਨਦੀਪ ਕੌਰ, ਦਲਜੀਤ ਕੌਰ, ਕਿਰਨਦੀਪ ਕੌਰ, ਜਸਪ੍ਰੀਤ ਕੌਰ, ਕੁਲਜੀਤ ਕੌਰ ਆਦਿ ਹਾਜ਼ਰ ਸਨ।


Related News