ਪਰਿਵਾਰ ਨੂੰ 'ਕਾਲ਼' ਬਣ ਟੱਕਰੀ i20 ਕਾਰ, ਹਾਦਸੇ 'ਚ ਮਾਂ ਨੇ ਗੁਆਈ ਜਾਨ, ਦੋਵੇਂ ਪੁੱਤ ਵੀ ਪਹੁੰਚੇ ਹਸਪਤਾਲ
Sunday, Sep 29, 2024 - 02:29 AM (IST)
 
            
            ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ ਦੇ ਪਿੰਡ ਨੀਵਾਂ ਧਕਾਲਾ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਸ਼ਾਮ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਨੂੰ ਤੇਜ਼ ਰਫ਼ਤਾਰ ਕਾਰ ਨੇ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦੇ ਦੋ ਨੌਜਵਾਨ ਲੜਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਇੱਕ ਔਰਤ ਆਪਣੇ ਦੋ ਮੁੰਡਿਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਤਾਰਾਗੜ੍ਹ ਤੋਂ ਆਪਣੇ ਰਿਸ਼ਤੇਦਾਰਾਂ ਕੋਲੋਂ ਪਿੰਡ ਕਠਿਆਲੀ ਵਿਖੇ ਆ ਰਹੀ ਸੀ, ਜਦ ਉਹ ਪਿੰਡ ਨੀਵਾਂ ਧਕਾਲਾ ਵਿਖੇ ਪਹੁੰਚੇ ਤਾਂ ਬਹਿਰਾਮਪੁਰ ਵਾਲੀ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਆਈ20 ਕਾਰ ਨੇ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਇੰਨੀ ਤੇਜ਼ ਸੀ ਕਿ ਮੋਟਰਸਾਈਕਲ ਸਵਾਰ ਨੂੰ ਕਾਫ਼ੀ ਦੂਰ ਤੱਕ ਘੜੀਸ ਕੇ ਲੈ ਗਈ।
ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਇਸ ਇਲਾਕੇ 'ਚ 2 ਬੱਚਿਆਂ ਨਾਲ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਵੱਲੋਂ ਜਦ ਇਨ੍ਹਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਔਰਤ ਦੀ ਰਸਤੇ 'ਚ ਹੀ ਮੌਤ ਹੋ ਗਈ। ਦੂਜੇ ਪਾਸੇ ਕਾਰ ਸਵਾਰ ਮੌਕੇ 'ਤੇ ਕਾਰ ਛੱਡ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਜਦ ਇਸ ਸਬੰਧੀ ਥਾਣਾ ਮੁਖੀ ਬਹਿਰਾਮਪੁਰ ਓਂਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਹ ਪੁਸ਼ਟੀ ਕੀਤੀ ਕਿ ਔਰਤ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਜਵੰਤ ਕੌਰ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਏ.ਐੱਸ.ਆਈ. ਜਗੀਰ ਚੰਦ ਵੱਲੋਂ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                            