ਨੂੰਹ-ਪੁੱਤਰ ਦਾ ਝਗੜਾ ਮੁਕਾਉਣ ਗਈ ਮਾਂ ਹੋਈ ਰੱਬ ਨੂੰ ਪਿਆਰੀ
Friday, Jul 07, 2017 - 08:03 AM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਨੇੜਲੇ ਪਿੰਡ ਬਲੀਏਵਾਲ ਵਿਖੇ ਬੀਤੀ ਰਾਤ ਨੂੰਹ ਤੇ ਪੁੱਤਰ ਆਪਸ ਵਿਚ ਕਿਸੇ ਗੱਲ 'ਤੇ ਝਗੜ ਪਏ ਤੇ ਇਸ ਝਗੜੇ ਨੂੰ ਸੁਲਝਾਉਣ ਲਈ ਗਈ ਮਾਂ ਸਰਬਜੀਤ ਕੌਰ (55) ਰੱਬ ਨੂੰ ਪਿਆਰੀ ਹੋ ਗਈ।
ਜਾਣਕਾਰੀ ਅਨੁਸਾਰ ਬਲੀਏਵਾਲ ਦੇ ਨਿਵਾਸੀ ਜਸਵਿੰਦਰ ਸਿੰਘ ਦਾ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ ਅਤੇ ਕੱਲ ਸਵੇਰੇ ਹੀ ਕਈ ਦਿਨ ਇਹ ਵਿਆਹੁਤਾ ਆਪਣੇ ਸਹੁਰੇ ਘਰ ਪਰਤੀ ਸੀ। ਸ਼ਾਮ ਨੂੰ ਪਤੀ-ਪਤਨੀ ਵਿਚਕਾਰ ਫਿਰ ਕਿਸੇ ਗੱਲ ਤੋਂ ਵਿਵਾਦ ਹੋ ਗਿਆ ਤੇ ਉਨ੍ਹਾਂ 'ਚ ਝਗੜਾ ਸ਼ੁਰੂ ਹੋ ਗਿਆ। ਦੂਸਰੇ ਕਮਰੇ 'ਚ ਬੈਠੀ ਮਾਂ ਸਰਬਜੀਤ ਕੌਰ ਆਪਣੇ ਨੂੰਹ ਪੁੱਤਰ ਦਾ ਝਗੜਾ ਨਿਪਟਾਉਣ ਲਈ ਆਈ ਤਾਂ ਉਥੇ ਹੀ ਜ਼ਮੀਨ 'ਤੇ ਡਿੱਗ ਗਈ। ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਸਰਬਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਕੁਝ ਹੀ ਸਮੇਂ ਬਾਅਦ ਇਹ ਮਾਮਲਾ ਕੂੰਮਕਲਾਂ ਪੁਲਸ ਕੋਲ ਪੁੱਜ ਗਿਆ ਅਤੇ ਉਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ। ਪੁਲਸ ਅਨੁਸਾਰ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਜੇਕਰ ਪੋਸਟਮਾਰਟਮ ਦੀ ਰਿਪੋਰਟ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਜਾਂ ਨੂੰਹ-ਪੁੱਤਰ ਦੇ ਝਗੜੇ ਵਿਚ ਉਸ ਨੂੰ ਕੋਈ ਸੱਟ ਵੱਜੀ ਹੈ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
