Mother day special : ‘ਮੇਰੀ ਮਾਂ ਮੇਰੀ ਦੁਨੀਆ’

Sunday, May 10, 2020 - 11:33 AM (IST)

Mother day special : ‘ਮੇਰੀ ਮਾਂ ਮੇਰੀ ਦੁਨੀਆ’

ਮਾਂ ਵਰਗਾ ਘਣਛਾਵਾਂ ਬੂਟਾ ਕਿਤੇ ਮੈਨੂੰ ਨਜ਼ਰ ਨਾ ਆਵੇ,
ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ।

ਪ੍ਰੋਫੈਸਰ ਮੋਹਨ ਸਿੰਘ ਦੀਆਂ ਇਹ ਸਤਰਾਂ ਮਨੁੱਖੀ ਜੀਵਨ ਵਿਚ ਮਾਂ ਦੀ ਮਹੱਤਤਾ ਦਾ ਵਰਣਨ ਕਰਨ ਲਈ ਕਾਫੀ ਹੱਦ ਤੱਕ ਸਫਲ ਰਹੀਆਂ ਹਨ। ਇਹ ਸਤਰਾਂ ਸਾਨੂੰ ਮਾਂ ਦੇ ਬਲੀਦਾਨ ਅਤੇ ਨਿਰਪੇਖ ਪਿਆਰ ਦੀ ਯਾਦ ਦਿਵਾਉਂਦੀਆਂ ਹਨ। ਮਾਂ ਇਸ ਦੁਨੀਆ ਵਿਚ ਬੱਚੇ ਲਈ ਇਕ ਵਿਲੱਖਣ ਅਤੇ ਅਤੁੱਲ ਦਾਤ ਹੈ। ਮਾਂ ਸਿਰਫ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਬਲਕਿ ਉਸ ਦੀ ਸਭ ਤੋਂ ਪਹਿਲੀ ਗੁਰੂ ਵੀ ਹੁੰਦੀ ਹੈ। ਉਹ ਇਕ ਮੁਕੰਮਲ ਸੰਸਥਾ ਹੈ, ਜੋ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਚੱਲਣਾ, ਬੋਲਣਾ, ਲਿਖਣਾ ਅਤੇ ਉਸ ਦੇ ਵਿਚ ਨੈਤਿਕ ਕਦਰਾਂ ਕੀਮਤਾਂ ਵਿਕਸਿਤ ਕਰਨਾ ਅਤੇ ਸਭ ਤੋਂ ਵੱਧ ਉਸ ਵਿਚ ਸੰਸਕਾਰ ਪੈਦਾ ਕਰਦੀ ਹੈ। ਇਕ ਮਾਂ ਦੀ ਜ਼ਿੰਦਗੀ ਸਿਰਫ ਆਪਣੇ ਬੱਚੇ ਦੁਆਲੇ ਘੁੰਮਦੀ ਹੈ। ਮਾਂ ਹੀ ਹੈ, ਜੋ ਬੱਚੇ ਨੂੰ ਬਿਹਤਰ ਇਨਸਾਨ ਬਣਾਉਂਦੀ ਹੈ। ਬੱਚੇ ਲਈ ਮਾਂ ਉਸ ਦੀ ਦੋਸਤ ਵੀ ਹੈ ਅਤੇ ਗਿਆਨ ਦਾ ਖਜ਼ਾਨਾ ਵੀ। ਉਹ ਮਾਂ ਤੋਂ ਹੀ ਪਿਆਰ, ਖਿਮਾ, ਮਾਨਵਤਾ, ਬਰਾਬਰੀ, ਸਨਮਾਨ, ਦਯਾ ਅਤੇ ਅਨੁਸ਼ਾਸਨ ਸਿੱਖਦਾ ਹੈ। ਮਾਂ ਬੱਚੇ ਦੇ ਸਰੀਰਕ, ਬੋਧਿਕ, ਮਾਨਸਿਕ, ਭਾਵਨਾਤਮਕ ਅਤੇ ਆਰਥਿਕ ਵਿਕਾਸ ਲਈ ਸਹਾਈ ਹੁੰਦੀ ਹੈ। ਇਕ ਮਾਂ ਦਾ ਨਿਰਪੇਖ ਪਿਆਰ ਬੱਚੇ ਨੂੰ ਅਨੁਸ਼ਾਸਨ ਵਿਚ ਰਹਿਣਾ, ਸਮਾਜ ਵਿਚ ਵਧੀਆ ਢੰਗ ਨਾਲ ਵਿਚਰਨਾ, ਦੂਸਰਿਆਂ ਪ੍ਰਤੀ ਸਨਮਾਨ ਦੀ ਭਾਵਨਾ, ਵਿਚਾਰਸ਼ੀਲ ਅਤੇ ਸੰਵੇਦਨਸ਼ੀਲ ਵਿਵਹਾਰ ਕਰਨਾ ਅਤੇ ਸਖ਼ਤ ਮਿਹਨਤ ਕਰਨਾ ਸਿਖਾਉਂਦਾ ਹੈ। ਇਕ ਬੱਚਾ ਬਚਪਨ ਵਿਚ ਸਭ ਤੋਂ ਜ਼ਿਆਦਾ ਸਮਾਂ ਆਪਣੀ ਮਾਂ ਨਾਲ ਗੁਜ਼ਾਰਦਾ ਹੈ। ਇਸ ਲਈ ਉਸ ਦੇ ਵਿਅਕਤੀਤਵ ਨਿਰਮਾਣ ਵਿਚ ਸਭ ਤੋਂ ਵੱਡੀ ਭੂਮਿਕਾ ਮਾਂ ਦੀ ਹੁੰਦੀ ਹੈ।

ਮਾਂ ਦੇ ਅਤੂੱਲ ਪਿਆਰ ਅਤੇ ਨਿਰਸੁਆਰਥ ਸਮਰਪਣ ਨੂੰ ਸਲਾਮ ਕਰਨ ਲਈ ਹਰ ਸਾਲ ਮਈ ਦੇ ਦੂਸਰੇ ਐਤਵਾਰ ਨੂੰ 'ਮਦਰਜ਼ ਡੇ' ਜਾਂ 'ਮਾਂ ਦਿਵਸ' ਪੂਰੀ ਦੁਨੀਆਂ ਵਿਚ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਅਮਰੀਕਾ ਦੀ ਏਨਾ ਐੱਮ ਜਾਰਵਿਸ ਨੇ ਕੀਤੀ। ਆਪਣੀ ਮਾਂ ਦੀ ਮੌਤ ਤੋਂ 2 ਸਾਲ ਬਾਅਦ ਉਸ ਨੇ ਇਕ ਅਭਿਆਨ ਚਲਾਇਆ ਅਤੇ 'ਮਦਰਜ਼ ਡੇ' ਦੀ ਰਾਸ਼ਟਰੀ ਛੁੱਟੀ ਕਰਵਾਉਣ ਲਈ ਲੋਕਾਂ ਦਾ ਸਮਰਥਨ ਹਾਸਲ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਅਕਸਰ ਬੱਚੇ ਮਾਂ ਦੇ ਯੋਗਦਾਨ ਨੂੰ ਭੁਲਾ ਦਿੰਦੇ ਹਨ। ਉਹ ਚਾਹੁੰਦੀ ਸੀ ਕਿ ਜਦੋਂ ਮਾਂ ਜਿੰਦਾ ਹੋਵੇ ਉਦੋਂ ਬੱਚੇ ਉਸ ਦਾ ਸਨਮਾਨ ਕਰਨ ਅਤੇ ਉਸ ਦੇ ਵਿਲੱਖਣ ਯੋਗਦਾਨ ਲਈ ਉਸ ਦੀ ਪ੍ਰਸ਼ੰਸਾ ਕਰਨ। ਇਸ ਨਾਲ ਪਰਿਵਾਰ ਵਿਚ ਸਾਂਝੀਵਾਲਤਾ ਵਧੇਗੀ। 8 ਮਈ 1914 ਨੂੰ ਅਮਰੀਕਾ ਦੇ ਰਾਸ਼ਟਰਪਤੀ ਵੁਡੋ ਵਿਲਸਨ ਨੇ ਹਰ ਸਾਲ ਮਈ ਦੇ ਦੂਸਰੇ ਐਤਵਾਰ ਨੂੰ 'ਮਾਂ ਦਿਵਸ' ਵਜੋਂ ਮਨਾਉਣਾ ਘੋਸ਼ਿਤ ਕੀਤਾ।

ਪੜ੍ਹੋ ਇਹ ਵੀ ਖਬਰ - Mother day special : SOS ਪਿੰਡ ਦੀਆਂ ਬੱਚਿਆਂ ਨਾਲ ਲਾਡ ਲਡਾਉਂਦੀਆਂ 'ਮਾਵਾਂ

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ : ‘ਸਾਵਧਾਨੀ ਵਰਤਣ ਦੀ ਲੋੜ ਪਰ ਗਰੀਬਾਂ ਦੇ ਚੁੱਲ੍ਹੇ ਬਲਦੇ ਰੱਖੇ ਸਰਕਾਰ’

ਪੜ੍ਹੋ ਇਹ ਵੀ ਖਬਰ - ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਕੀਤੀ ਅਪੀਲ

ਮੇਰੀ ਮਾਂ ਸ਼੍ਰੀਮਤੀ ਸੁਮਨ ਸ਼ਰਮਾ ਮੇਰੀ ਦੁਨੀਆ ਹੈ। ਉਸ ਨੇ ਮੇਰੇ ਲਈ ਬੇਅੰਤ ਤਿਆਗ ਕੀਤੇ ਹਨ। ਜਦੋਂ ਮੇਰੀ ਉਮਰ 14 ਸਾਲ ਸੀ ਅਤੇ ਮੈਂ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇਣੀ ਸੀ ਉਸ ਤੋਂ ਦੋ ਦਿਨ ਪਹਿਲਾਂ ਮੇਨੂੰ ਪੈਰਾਲਿਟਿਕ ਅਟੈਕ ਹੋ ਗਿਆ ਅਤੇ ਮੇਰੇ ਸਰੀਰ ਦਾ 80% ਹਿੱਸਾ ਬੇਜਾਨ ਹੋ ਗਿਆ। ਉਸ ਦਿਨ ਤੋਂ ਲੈਕੇ ਅੱਜ ਤੱਕ ਮੇਰੀ ਹਾਲਤ ਵਿਚ ਕੋਈ ਖਾਸ ਸੁਧਾਰ ਨਹੀਂ ਹੋਇਆ। ਅੱਜ 29 ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ ਪਰ ਮੇਰੀ ਮਾਂ ਨੇ ਮੇਰੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਜੰਗ ਨਿਰੰਤਰ ਲੜੀ। ਇਹ ਮੇਰੀ ਮਾਂ ਦੇ ਪਿਆਰ ਅਤੇ ਅਣਥਕ ਮਿਹਨਤ ਦਾ ਹੀ ਫਲ ਹੈ ਕਿ ਮੈਂ ਪੜਾਈ ਮੁੜ ਸ਼ੁਰੂ ਕੀਤੀ ਅਤੇ ਇਹ ਜਜ਼ਬਾ ਮੇਰੀ ਮਾਂ ਬਦੌਲਤ ਮੇਰੇ ਵਿਚ ਪੈਦਾ ਹੋਇਆ। ਉਸ ਤੋਂ ਬਾਅਦ ਮੈਂ ਰੈਗੁਲਰ ਬੀ.ਏ., ਬੀ.ਐੱਡ., ਐੱਮ.ਏ. (ਅੰਗ੍ਰੇਜ਼ੀ) ਕੀਤੀ। ਪੂਰੀ ਤਰ੍ਹਾਂ ਦੂਸਰੇ ’ਤੇ ਨਿਰਭਰ ਰਹਿ ਕੇ ਰੈਗੁਲਰ ਪੜਨਾ ਬਹੁਾ ਔਖਾ ਕੰਮ ਸੀ ਪਰ ਮੇਰੀ ਮੰਮੀ ਮੇਰਾ ਸੱਭ ਤੋਂ ਵੱਡਾ ਸਹਾਰਾ ਰਹੀ ਹੈ।

ਹਰ ਮੁਸ਼ਕਲ ਸਮੇਂ ਦਾ ਡੱਟ ਕੇ ਮੁਕਾਬਲਾ ਕਰਨਾ ਮੈਂ ਉਸ ਤੋਂ ਸਿੱਖਿਆ ਹੈ। ਸੰਨ 2001 ਵਿਚ ਨੌਕਰੀ ਮਿਲਣ ਤੋਂ ਬਾਅਦ ਮੈਂ ਮੁੜ ਤੋਂ ਪੜਨਾ ਸ਼ੁਰੂ ਕਰ ਦਿੱਤਾ ਅਤੇ ਐੱਮ.ਐੱਡ., ਐੱਮ. ਏ. (ਸੰਸਕ੍ਰਿਤ) ਅਤੇ ਐੱਮ.ਫਿਲ. (ਅੰਗ੍ਰੇਜ਼ੀ) ਕਰਨ ਵਿਚ ਜੇ ਮੈਂ ਸਫਲ ਹੋ ਪਾਈ ਤਾਂ ਸਿਰਫ ਆਪਣੀ ਮਾਂ ਕਰਕੇ। ਮੇਰੀ ਮਾਂ ਦਾ ਮੇਰੇ ਉੱਤੇ ਬੇਅੰਤ ਭਰੋਸਾ ਅਤੇ ਉਸ ਦਾ ਨਿਰਲੇਪ ਪਿਆਰ ਮੇਰੇ ਲਈ ਠੰਡੀ ਛਾਂ ਵਾਂਗ ਰਿਹਾ ਹੈ। ਇਸ ਲਈ ਮੈਂ ਅੱਜ ਜਿਸ ਕਿਸੇ ਵੀ ਕਾਬਿਲ ਹੋ ਪਾਈ ਹਾਂ ਤਾਂ ਆਪਣੇ ਮਾਂ-ਬਾਪ ਸਦਕਾ। ਮੇਰੀ ਮਾਂ ਨੇ ਮੇਰੇ ਅਤੇ ਪੂਰੇ ਪਰਿਵਾਰ ਲਈ ਜੋ ਕੁਝ ਵੀ ਕੀਤਾ ਹੈ ਉਸ ਦਾ ਉਪਕਾਰ ਮੈਂ ਸੌ ਜਨਮ ਲੈਕੇ ਵੀ ਨਹੀਂ ਚੁਕਾ ਸਕਦੀ। ਪਰ ਮੈਂ ਪਰਮਾਤਮਾ ਦਾ ਕੋਟਿ-ਕੋਟਿ ਧੰਨਵਾਦ ਕਰਦੀ ਹਾਂ ਅਤੇ ਪ੍ਰਾਰਥਨਾ ਕਰਦੀ ਹਾਂ ਕਿ ਮੇਰੀ ਮਾਂ ਦੀ ਉਮਰ ਚੰਨ ਤਾਰਿਆਂ ਵਾਂਗ ਲੰਮੀ ਹੋਵੇ।ਸੱਚਮੁਚ ਮੇਰੀ ਮਾਂ ਮੇਰੇ ਲਈ ਭਗਵਾਨ ਦਾ ਰੂਪ ਹੈ।

PunjabKesari

ਪੂਜਾ ਸ਼ਰਮਾ
ਲੈਕਚਰਾਰ ਅੰਗਰੇਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ)
9914459033


author

rajwinder kaur

Content Editor

Related News