ਮੂਸੇਵਾਲਾ ਦੀ ਮਾਂ ਦਾ ਵੱਡਾ ਖ਼ੁਲਾਸਾ, ਕਿਹਾ-ਸਾਡੇ ਨਾਲ ਗੱਲ ਕਰਵਾਉਣ ਲਈ ਲੋਕ ਮੰਗ ਰਹੇ ਲੱਖਾਂ ਰੁਪਏ (ਵੀਡੀਓ)
Monday, Mar 06, 2023 - 02:29 AM (IST)
ਮਾਨਸਾ (ਬਿਊਰੋ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੱਡਾ ਖ਼ੁਲਾਸਾ ਕਰਦਿਆਂ ਕਿਹਾ ਕਿ ਕਈ ਸਾਡੇ ਨਾਲ ਗੱਲ ਕਰਵਾਉਣ ਲਈ ਲੋਕਾਂ ਤੋਂ 30-30 ਲੱਖ ਰੁਪਏ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਹ ਸਿੱਧਾ ਸਾਨੂੰ ਮਿਲੇ, ਕਿਸੇ ਨੂੰ ਵਿਚੋਲਾ ਪਾਉਣ ਦੀ ਲੋੜ ਨਹੀਂ ਹੈ। ਇਥੇ ਚਾਚਾ, ਮਾਮਾ ਤੇ ਤਾਇਆ ਕੋਈ ਕਿਸੇ ਦਾ ਨਹੀਂ, ਜਿਸ ’ਤੇ ਪੈ ਗਈ ਉਸ ਨੇ ਸਹਿ ਲਈ। ਉਨ੍ਹਾਂ ਕਿਹਾ ਕਿ ਤੁਸੀਂ ਸਾਡੇ ਨਾਲ ਖੜ੍ਹੇ ਹੋ, ਅਸੀਂ ਤੁਹਾਡਾ ਮੁੜ ਧੰਨਵਾਦ ਕਰਦੇ ਹਾਂ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ
ਤੁਸੀਂ ਸਾਡੀ ਹਿੰਮਤ ਹੋ, ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਦਾ ਇਕਲੌਤਾ ਪੁੱਤ ਜਹਾਨ ਤੋਂ ਤੁਰ ਜਾਵੇ ਤਾਂ ਉਨ੍ਹਾਂ ਮਾਪਿਆਂ ਦਾ ਕੀ ਹਾਲ ਹੁੰਦਾ ਹੈ। ਸਿੱਧੂ ਦੀ ਮਾਂ ਨੇ ਕਿਹਾ ਕਿ ਸਾਡੇ ਜੁਆਕ ਨੂੰ ਤਾਂ ਦੁਨੀਆ ਰੋ ਰਹੀ ਹੈ। 10 ਮਹੀਨੇ ਬੀਤਣ ਦੇ ਬਾਅਦ ਵੀ ਉਸ ਨੂੰ ਇਨਸਾਫ਼ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਜਿਹੜੇ ਮੰਤਰੀ ਕਹਿ ਰਹੇ ਕਿ ‘ਲਾਅ ਐਂਡ ਆਰਡਰ’ ਠੀਕ ਹੈ ਤਾਂ ਇਹ ਇਕੱਲੇ ਨਿਕਲ ਕੇ ਦਿਖਾ ਦੇਣ ਕਿ ਪੰਜਾਬ ਦਾ ‘ਲਾਅ ਐਂਡ ਆਰਡਰ’ ਬਿਲਕੁਲ ਸਹੀ ਹੈ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਬੱਚਿਆਂ ਨੂੰ ਕੰਟਰੋਲ ’ਚ ਰੱਖੋ ਕਿਉਂਕਿ ਮਾਂ-ਪਿਓ ਤੋਂ ਬਿਨਾਂ ਕੋਈ ਦੋਸਤ ਜਾਂ ਸਾਥੀ ਨਾਲ ਨਹੀਂ ਖੜ੍ਹਦਾ।
ਇਹ ਖ਼ਬਰ ਵੀ ਪੜ੍ਹੋ : ਖ਼ੁਫ਼ੀਆ ਏਜੰਸੀਆਂ ਦੇ ਰਾਡਾਰ ’ਤੇ ਅੰਮ੍ਰਿਤਪਾਲ, ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਦਾ ਵੇਰਵਾ ਹੋ ਰਿਹਾ ਤਿਆਰ
ਉਨ੍ਹਾਂ ਕਿਹਾ ਕਿ ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਉਸ ਨੂੰ ਇਕੱਲੇ ਨਾ ਜਾਣ ਦਿੰਦੇ ਤੇ ਅਸੀਂ ਵੀ ਗੱਡੀ ’ਚ ਨਾਲ ਬੈਠ ਜਾਂਦੇ। ਮੈਂ ਬੱਚਿਆਂ ਨੂੰ ਸਮਝਾਉਂਦੀ ਹੁੰਦੀ ਸੀ ਕਿ ਮਾਂ-ਪਿਓ ਕੰਮ ਆਉਂਦੇ ਹਨ, ਹੋਰ ਕੋਈ ਨਹੀਂ ਕੰਮ ਆਉਂਦਾ। ਪੁੱਤ ਦੇ ਆਲੇ-ਦੁਆਲੇ ਘੁੰਮਣ ਵਾਲੇ ਮੌਤ ਹੋਣ ’ਤੇ 3 ਦਿਨ ਘਰ ਨਹੀਂ ਆਏ। ਇਸ ਦੌਰਾਨ ਗੁਰਦਾਸ ਮਾਨ ਬਾਰੇ ਬੋਲਦਿਆਂ ਕਿਹਾ ਕਿ ਉਹ 5ਵੀਂ ਵਾਰ ਸਾਡੇ ਘਰ ਆਏ ਤੇ ਸਾਡੇ ਨਾਲ ਰੋਟੀ ਵੀ ਖਾਧੀ। ਉਨ੍ਹਾਂ ਨੂੰ ਵੀ ਕਈ ਕਹਿ ਰਹੇ ਹਨ ਕਿ ਉਹ ਫੇਮ ਲੈਣ ਲਈ ਆਏ। ਉਨ੍ਹਾਂ ਕਿਹਾ ਕਿ ਜਿਹੜੇ ਉਸਤਾਦ ਬਣਦੇ ਸੀ, ਉਨ੍ਹਾਂ ਨੇ ਇਕ ਗੇੜਾ ਨਹੀਂ ਮਾਰਿਆ।
ਜ਼ਿਕਰਯੋਗ ਹੈ ਕਿ ਮਰਹੂਮ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕੁਝ ਹੀ ਮਹੀਨਿਆਂ 'ਚ ਪੂਰਾ 1 ਸਾਲ ਹੋ ਜਾਵੇਗਾ। ਹਾਲ ਹੀ 'ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੁੱਤ ਦੀ ਪਹਿਲੀ ਬਰਸੀ 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ।