ਜਗਰਾਓਂ ਦੀ ਮੰਡੀ ''ਚ ''ਮੂੰਗੀ ਤੇ ਮੱਕੀ'' ਦੀ ਰਿਕਾਰਡ ਆਮਦ

Tuesday, Jul 02, 2019 - 04:28 PM (IST)

ਜਗਰਾਓਂ ਦੀ ਮੰਡੀ ''ਚ ''ਮੂੰਗੀ ਤੇ ਮੱਕੀ'' ਦੀ ਰਿਕਾਰਡ ਆਮਦ

ਜਗਰਾਓਂ : ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਤੇ ਸੂਬੇ ਦੀ ਦਾਲ ਹੱਬ ਵਜੋਂ ਜਾਣੀ ਜਾਂਦੀ ਜਗਰਾਓਂ ਦੀ ਅਨਾਜ ਮੰਡੀ 'ਚ ਇਨ੍ਹੀਂ ਦਿਨੀਂ ਮੂੰਗੀ ਅਤੇ ਮੱਕੀ ਦੀ ਰਿਕਾਰਡ ਆਮਦ ਹੋ ਰਹੀ ਹੈ। ਅਸਲ 'ਚ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਨੂੰ ਛੱਡ ਕੇ ਦਾਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬੜੇ ਸਾਲਾਂ ਬਾਅਦ ਆਪਣੀ ਮਿਹਨਤ ਦਾ ਸਹੀ ਮੁੱਲ ਮਿਲ ਰਿਹਾ ਹੈ, ਜਿਸ ਨਾਲ ਆਉਣ ਵਾਲੇ ਸਾਲਾਂ ਦੌਰਾਨ ਸੂਬੇ ਦੇ ਹੋਰ ਕਿਸਾਨ ਵੀ ਝੋਨਾ ਤੇ ਕਣਕ ਉਗਾਉਣ ਦੀ ਥਾਂ ਦਾਲਾਂ ਦੀ ਖੇਤੀ ਵੱਲ ਉਤਸ਼ਾਹਿਤ ਹੋ ਸਕਦੇ ਹਨ।
ਸਮੁੱਚੇ ਪੰਜਾਬ ਤੋਂ ਇਲਾਵਾ ਕੁਝ ਗੁਆਂਢੀ ਸੂਬਿਆਂ ਦੇ ਕਿਸਾਨ ਆਪਣੀ ਮੂੰਗੀ ਤੇ ਮੱਕੀ ਦੀ ਫਸਲ ਨੂੰ ਵੇਚਣ ਲਈ ਜਗਰਾਓਂ ਮੰਡੀ 'ਚ ਪਹੁੰਚ ਰਹੇ ਹਨ, ਜਿਨ੍ਹਾਂ ਨੂੰ ਇਸ ਵਾਰ ਮੂੰਗੀ ਤੇ ਮੱਕੀ ਦਾ ਪਿਛਲੇ ਸਾਲਾਂ ਨਾਲੋਂ ਕਾਫੀ ਚੰਗਾ ਭਾਅ ਨਸੀਬ ਹੋ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਜਗਰਾਓਂ ਅਨਾਜ ਮੰਡੀ 'ਚ ਮੁੰਗੀ ਦੀ ਕਾਰੋਬਾਰੀਆਂ ਵਲੋਂ 3500 ਤੋਂ 4500 ਰੁਪਏ ਪ੍ਰਤੀ ਕੁਇੰਟਲ ਤੱਕ ਖਰੀਦ ਕੀਤੀ ਗਈ, ਜਿਸ ਦੇ ਮੁਕਾਬਲੇ ਇਸ ਵਾਰ ਕਾਰੋਬਾਰੀਆਂਵਲੋਂ 5500 ਤੋਂ 5950 ਰੁਪਏ ਪ੍ਰਤੀ ਕੁਇੰਟਲ ਤੱਕ ਮੂੰਗੀ ਦੀ ਖਰੀਦ ਕੀਤੀ ਜਾ ਰਹੀ ਹੈ ਪਰ ਇਹ ਭਾਅ ਸਰਕਾਰ ਵਲੋਂ ਨਿਰਧਾਰਿਤ (ਐੱਮ. ਐੱਸ. ਪੀ.) 6975 ਰੁਪਏ ਕੁਇੰਟਲ ਨਾਲੋਂ ਕਾਫੀ ਘੱਟ ਹੈ ਪਰ ਇਸ ਦੇ ਬਾਵਜੂਦ ਮਿਲ ਰਹੇ ਭਾਅ ਤੋਂ ਕਿਸਾਨ ਕਾਫੀ ਖੁਸ਼ ਹਨ। ਜਗਰਾਓਂ ਅਨਾਜ ਮੰਡੀ 'ਚ ਹੁਣ ਤੱਕ 94428 ਕੁਇੰਟਲ ਤੋਂ ਵੱਧ ਮੂੰਗੀ ਦੀ ਵਪਾਰੀਆਂ ਵਲੋਂ ਖਰੀਦ ਕੀਤੀ ਜਾ ਚੁੱਕੀ ਹੈ। 


author

Babita

Content Editor

Related News