ਮਾਨਸੂਨ ਇਜਲਾਸ : ਪ੍ਰੈੱਸ ਕਵਰੇਜ ਲਈ ''ਪੰਜਾਬ ਭਵਨ'' ਨੂੰ ਸਦਨ ਦੇ ਅਹਾਤੇ ਵੱਜੋਂ ਵਰਤਣ ਸਬੰਧੀ ਨੋਟੀਫਿਕੇਸ਼ਨ ਜਾਰੀ

8/25/2020 1:55:48 PM

ਚੰਡੀਗੜ੍ਹ (ਅਸ਼ਵਨੀ) : ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਾਰੀਆਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ 15ਵੀਂ ਵਿਧਾਨ ਸਭਾ ਦੇ 12ਵੇਂ ਇਜਲਾਸ ਦੀ ਪ੍ਰੈੱਸ ਕਵਰੇਜ ਲਈ ਪੰਜਾਬ ਭਵਨ, ਸੈਕਟਰ-3 ਚੰਡੀਗੜ੍ਹ ਨੂੰ ਸਦਨ ਦਾ ਅਹਾਤਾ ਐਲਾਨ ਕਰਨ ਸੰਬਧੀ ਨੋਟੀਫੀਕੇਸ਼ਨ ਜਾਰੀ ਕੀਤਾ ਹੈ। ਇਹ ਫ਼ੈਸਲਾ ਵਿਧਾਨ ਸਭਾ ਸਪੀਕਰ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਲਿਆ ਗਿਆ।

ਸਪੀਕਰ ਨੇ ਦੱਸਿਆ ਕਿ ਇਜਲਾਸ ਦੀ ਕਵਰੇਜ ਕਰਨ ਵਾਲੇ ਸਾਰੇ ਪੱਤਰਕਾਰਾਂ ਲਈ ਕੋਵਿਡ-19 ਟੈਸਟ ਕਰਵਾਉਣਾ ਲਾਜ਼ਮੀ ਹੈ। ਪੱਤਰਕਾਰਾਂ ਨੂੰ ਟੈਸਟ ਕਰਾਉਣ ਦੀ ਸਹੂਲਤ ਦੇਣ ਲਈ ਪੰਜਾਬ ਭਵਨ, ਸੈਕਟਰ -3, ਚੰਡੀਗੜ੍ਹ ਵਿਖੇ 25 ਅਤੇ 26 ਅਗਸਤ ਨੂੰ ਬਾਅਦ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਅਤੇ ਸਿਰਫ ਨੈਗੇਟਿਵ ਰਿਪੋਰਟ ਵਾਲੇ ਪੱਤਰਕਾਰ ਨੂੰ ਹੀ ਪੰਜਾਬ ਭਵਨ 'ਚ ਦਾਖ਼ਲ ਹੋਣ ਦੀ ਮਨਜ਼ੂਰੀ ਹੋਵੇਗੀ।

ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਭਵਨ ਦੇ ਹਾਲ ਦੇ ਬਾਹਰ ਹਰੇਕ ਟੀ. ਵੀ. ਚੈਨਲ ਦੇ ਸਿਰਫ ਇਕ ਕੈਮਰਾਮੈਨ ਨੂੰ ਕਵਰੇਜ ਕਰਨ ਦੀ ਮਨਜ਼ੂਰੀ ਹੋਵੇਗੀ, ਜਿਥੋਂ ਇਜਲਾਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਹਾਲ 'ਚ ਕੋਈ ਕੈਮਰਾ/ਮੋਬਾਇਲ ਫ਼ੋਨ ਲਿਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਧਾਨ ਸਭਾ ਮੈਂਬਰ ਪੰਜਾਬ ਭਵਨ ਦੇ ਖੁੱਲ੍ਹੇ ਖੇਤਰ 'ਚ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। ਬੁਲਾਰੇ ਨੇ ਦੱਸਿਆ ਕਿ ਇਕ ਸੰਸਥਾ ਦੇ ਸਿਰਫ਼ ਇਕ ਪੱਤਰਕਾਰ ਨੂੰ ਕਵਰੇਜ ਕਰਨ ਦੀ ਮਨਜ਼ੂਰੀ ਹੈ। ਪੱਤਰਕਾਰਾਂ ਨੂੰ ਸਬੰਧਿਤ ਸੰਸਥਾ ਦੇ ਸੰਪਾਦਕ/ਬਿਊਰੋ ਚੀਫ਼ ਦੀ ਸਹਿਮਤੀ ਨਾਲ ਫਾਰਮ ਭਰ ਕੇ ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦੀ ਸਿਫਾਰਸ਼ ਲਈ 25 ਅਗਸਤ, 2020 ਦੁਪਹਿਰ 12 ਵਜੇ ਤਕ ਜਮ੍ਹਾਂ ਕਰਵਾਉਣਾ ਹੋਵੇਗਾ।


Babita

Content Editor Babita