ਮਾਨਸੂਨ ਇਜਲਾਸ : ਵਿਧਾਨ ਸਭਾ 'ਚ ਆਖਰੀ ਦਿਨ ਦੀ ਕਾਰਵਾਈ, ਜਾਣੋ ਕੀ ਹੋਇਆ
Tuesday, Aug 06, 2019 - 12:55 PM (IST)
ਚੰਡੀਗੜ੍ਹ (ਵਰੁਣ) : ਪੰਜਾਬ ਵਿਧਾਨ ਸਭਾ 'ਚ ਮਾਨਸੂਨ ਇਜਲਾਸ ਦਾ ਮੰਗਲਵਾਰ ਨੂੰ ਆਖਰੀ ਦਿਨ ਹੈ, ਜਿਸ ਕਾਰਨ ਵਿਰੋਧੀ ਧਿਰਾਂ ਵਲੋਂ ਇਜਲਾਸ ਦੀ ਸ਼ੁਰੂਆਤ 'ਚ ਹੀ ਕਾਂਗਰਸ ਨੂੰ ਵੱਖ-ਵੱਖ ਮੁੱਦਿਆਂ 'ਤੇ ਘੇਰਿਆ ਗਿਆ। ਇਸ ਦੌਰਾਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਵੀ ਕੀਤਾ। ਇਜਲਾਸ ਦੇ ਆਖਰੀ ਦਿਨ ਸਦਨ 'ਚ ਚੱਲ ਰਹੀ ਕਾਰਵਾਈ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ—
ਢੀਂਡਸਾ ਨੂੰ ਅੰਦਰ ਜਾਣ ਤੋਂ ਰੋਕਿਆ
ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਸਦਨ 'ਚ ਆਉਣ ਤੋਂ ਸੁਰੱਖਿਆ ਕਰਮੀਆਂ 15 ਮਿੰਟਾਂ ਤੱਕ ਰੋਕੀ ਰੱਖਿਆ, ਜਿਸ ਤੋਂ ਬਾਅਦ ਢੀਂਡਸਾ ਨੇ ਇਹ ਮੁੱਦਾ ਵਿਧਾਨ ਸਭਾ 'ਚ ਚੁੱਕਿਆ ਅਤੇ ਅਫਸਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਢੀਂਡਸਾ ਵਲੋਂ ਬੇਅਦਬੀ ਮਾਮਲਿਆਂ 'ਤੇ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣ ਸਬੰਧੀ ਕੰਮ ਰੋਕੂ ਪ੍ਰਸਤਾਵ ਮਨਜ਼ੂਰ ਕਰਨ ਦੀ ਮੰਗ ਕੀਤੀ।
ਕਾਂਗਰਸੀ ਵਿਧਾਇਕਾਂ ਦੀਆਂ ਮੰਗਾਂ
ਵਿਧਾਇਕ ਸੁਰਜੀਤ ਧੀਮਾਨ ਨੇ ਅਮਰਗੜ੍ਹ, ਦਿੜਬਾ ਹਲਕੇ ਦੇ ਡਰੇਨਾਂ ਦੀ ਸਫਾਈ ਅਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਸਵਾਲ ਕਰਕੇ ਮੰਗ ਕੀਤੀ। ਕੈਬਿਨਟ ਮੰਤਰੀ ਸੁਖਬਿੰਦਰ ਸਰਕਾਰੀਆ ਨੇ ਕਿਹਾ ਕਿ ਡਰੇਨਾਂ ਦੀ ਸਫਾਈ ਮਨਰੇਗਾ ਅਧੀਨ ਕਰਵਾਈ ਗਈ ਹੈ।
ਧਾਰਾ-370 ਹਟਾਉਣਾ ਗੈਰ ਸੰਵਿਧਾਨਕ : ਕੰਵਰ ਸੰਧੂ
ਮਾਨਸੂਨ ਇਜਲਾਸ ਦੀ ਕਾਰਵਾਈ ਦੌਰਾਨ ਕੰਵਰ ਸੰਧੂ ਨੇ ਮੋਦੀ ਸਰਕਾਰ ਵਲੋਂ ਧਾਰਾ-370 ਖਤਮ ਕਰਨ ਨੂੰ ਗੈਰ ਸੰਵਿਧਾਨਿਕ ਦੱਸਿਆ ਤਾਂ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕਿਹਾ ਕਿ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤਾਂ ਇਸ ਦਾ ਸਮਰਥਨ ਕਰਦੇ ਹਨ ਪਰ ਤੁਸੀਂ ਕਿਵੇਂ ਇਸ ਦਾ ਵਿਰੋਧ ਕਰ ਰਹੇ ਹਨ।
ਕਲੋਜ਼ਰ ਰਿਪੋਰਟ 'ਤੇ ਅਕਾਲੀਆਂ ਦਾ ਹੰਗਾਮਾ
ਵਿਧਾਨ ਸਭਾ 'ਚ ਸਿਫਰ ਕਾਲ ਦੌਰਾਨ ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਨੇ ਕਾਫੀ ਰੌਲਾ-ਰੱਪਾ ਪਾਇਆ। ਇਸ 'ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੇ ਹੁਣ ਰੌਲਾ-ਰੱਪਾ ਹੀ ਪਾਉਣਾ ਸੀ ਤਾਂ ਫਿਰ ਇਸ ਮਾਮਲੇ ਨੂੰ ਸੀ. ਬੀ. ਆਈ. ਨੂੰ ਦਿੱਤਾ ਹੀ ਕਿਉਂ? ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲੋਂ ਆਪਣੀ ਹੀ ਪੁਲਸ ਤੋਂ ਇਸ ਦੀ ਜਾਂਚ ਨਹੀਂ ਕਰਾਈ ਜਾ ਸਕੀ, ਜਿਸ ਕਾਰਨ ਇਹ ਮਾਮਲਾ ਸੀ. ਬੀ. ਆਈ. ਨੂੰ ਦੇਣਾ ਪਿਆ, ਜਿਸ ਤੋਂ ਬਾਅਦ ਅਕਾਲੀ-ਭਾਜਪਾ ਵਿਧਾਇਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
'ਆਪ' ਤੇ ਅਕਾਲੀ ਦਲ ਵਲੋਂ ਵਾਕਆਊਟ
ਅਕਾਲੀ ਦਲ ਵਲੋਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਵਿਧਾਨ ਸਭਾ 'ਚੋਂ ਵਾਕਆਊਟ ਕੀਤਾ ਗਿਆ। ਉੱਥੇ ਹੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਵੀ ਵਾਕਆਊਟ ਕਰ ਦਿੱਤਾ ਗਿਆ।