ਵਿਦੇਸ਼ਾਂ ਤੋਂ ਆਉਣ ਵਾਲੇ ਪੈਸੇ ’ਤੇ ਵੀ ਪਵੇਗੀ ‘ਕੋਰੋਨਾ ਮਹਾਮਾਰੀ’
Friday, Apr 24, 2020 - 08:03 PM (IST)
ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ ) ਦੁਨੀਆ ਭਰ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜਿੱਥੇ ਵੱਡੀ ਪੱਧਰ ’ਤੇ ਮਨੁੱਖੀ ਜਾਨਾਂ ਜਾ ਰਹੀਆਂ ਹਨ, ਉੱਥੇ ਹੀ ਇਹ ਵਾਇਰਸ ਸਮੁੱਚੇ ਵਿਸ਼ਵ ਦੀ ਅਰਥ ਵਿਵਸਥਾ ’ਤੇ ਵੀ ਮਾਰੂ ਪ੍ਰਭਾਵ ਪਾਵੇਗਾ। ਅਰਥ ਵਿਵਸਥਾ ’ਤੇ ਪਿਆ ਇਹ ਮਾਰੂ ਪ੍ਰਭਾਵ ਦੁਨੀਆ ਦੇ ਹਰ ਵਰਗ, ਖਿੱਤੇ, ਖੇਤਰ ਅਤੇ ਦੇਸ਼-ਦੇਸ਼ਾਂਤਰ ਨੂੰ ਨੂੰ ਪ੍ਰਭਾਵਿਤ ਕਰੇਗੀ। ਵਿਸ਼ਵ ਬੈਂਕ ਵੱਲੋਂ 22 ਅਪ੍ਰੈਲ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਇਸ ਸੰਕਟ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਧਨ(ਰੇਮਿਟੇਂਸ) ਵਿਚ ਵੱਡੀ ਗਿਰਾਵਟ ਆਵੇਗੀ, ਜਿਸ ਕਾਰਨ 80 ਕਰੋੜ ਦੇ ਕਰੀਬ ਪਰਿਵਾਰ ਪ੍ਰਭਾਵਿਤ ਹੋਣਗੇ। ਇਸ ਰਿਪੋਰਟ ਵਿਚ ਦੱਸਿਆ ਗਿਆ ਕਿ ਇਹ ਗਿਰਾਵਟ 20 ਫੀਸਦੀ ਦੇ ਕਰੀਬ ਹੈ। ਵਿਸ਼ਵ ਬੈਂਕ ਦੇ ਵਿਭਾਗ ਮਾਈਗ੍ਰੇਸ਼ਨ ਐਂਡ ਡਿਵੈਲਪਮੈਂਟ ਬ੍ਰੀਫ ਵੱਲੋਂ ਜਾਰੀ ਇਸ ਰਿਪੋਰਟ ਮੁਤਾਬਕ 2018 ਵਿਚ 79 ਅਰਬ ਡਾਲਰ ਵਿਦੇਸ਼ੀ ਧਨ ਭਾਰਤ ਵਿਚ ਆਇਆ ਸੀ। ਮੌਜੂਦਾ ਦੌਰ ਵਿਚ ਇਹ ਸਾਰਾ ਪੈਸਾ ਕੋਰੋਨਾ ਸੰਕਟ ਕਾਰਨ ਆਉਣਾ ਕਾਫੀ ਘੱਟ ਜਾਵੇਗਾ। ਦੁਨੀਆ ਦੇ ਮੁਕਾਬਲੇ ਭਾਰਤ ਨੂੰ ਬਾਹਰੋਂ ਆਉਣ ਵਾਲੇ ਪੈਸੇ ਦਾ ਨੁਕਸਾਨ ਵੱਧ ਝੱਲਣਾ ਪਵੇਗਾ ਕਿਉਂਕਿ ਭਾਰਤ ਵਿਚ ਸਭ ਦੇਸ਼ਾਂ ਤੋਂ ਵਧੇਰੇ ਪੈਸਾ ਬਾਹਰਲੇ ਦੇਸ਼ਾਂ ਤੋਂ ਆਉਂਦਾ ਹੈ।
ਕੋਰੋਨਾ ਵਾਇਰਸ ਦੇ ਇਸ ਸੰਕਟ ਕਾਰਨ ਅਮਰੀਕਾ ਦੀ ਅਰਥ ਵਿਵਸਥਾ ਨੂੰ ਵੀ ਵੱਡੀ ਢਾਹ ਲੱਗੀ ਹੈ। ਜਿਹੜੇ ਦੇਸ਼ਾਂ ਵਿਚੋਂ ਵਧੇਰੇ ਪੈਸਾ ਭਾਰਤ ਵਿਚ ਆਉਂਦਾ ਉਨ੍ਹਾਂ ਵਿਚ ਅਮਰੀਕਾ ਦਾ ਦੂਜਾ ਨੰਬਰ ਹੈ। ਦੁਨੀਆ ਭਰ ਵਿਚ ਵੱਸਦੇ ਪ੍ਰਵਾਸੀ ਲੋਕ ਹਰ ਸਾਲ ਆਪਣੇ ਪਰਿਵਾਰਾਂ ਨੂੰ ਕਰੀਬ 551 ਅਰਬ ਡਾਲਰ ਭੇਜਦੇ ਹਨ। ਇਸੇ ਤਰ੍ਹਾਂ ਦੱਖਣ ਏਸ਼ੀਆ ਦੇ ਪ੍ਰਵਾਸੀ ਲੋਕ 139 ਅਰਬ ਡਾਲਰ ਦੇ ਕਰੀਬ ਰਾਸ਼ੀ ਆਪਣੇ ਘਰ-ਪਰਿਵਾਰ ਨੂੰ ਭੇਜਦੇ ਹਨ। ਇਸ ਅਨੁਮਾਨ ਅਨੁਸਾਰ ਜੇਕਰ ਇਹ ਸਾਰਾ ਪੈਸਾ 20 ਫੀਸਦੀ ਦੇ ਕਰੀਬ ਘਟ ਜਾਂਦਾ ਹੈ ਤਾਂ ਇਸ ਨਾਲ ਕਰੋੜਾਂ ਪਰਿਵਾਰਾਂ ਦਾ ਜੀਵਨ ਪ੍ਰਭਾਵਿਤ ਹੋਵੇਗਾ। ਇਸ ਤੋਂ ਪਹਿਲਾਂ ਸਾਲ 2008-09 ਦੇ ਆਰਥਿਕ ਸੰਕਟ ਦੌਰਾਨ ਵੀ ਬਾਹਰੋਂ ਆਉਣ ਵਾਲੇ ਧਨ ਵਿਚ ਗਿਰਾਵਟ ਦਰਜ ਕੀਤੀ ਗਈ ਸੀ। ਉਸ ਮੌਕੇ ਬਾਹਰੋਂ ਆਉਣ ਵਾਲੇ ਪੈਸੇ ਵਿਚ ਆਈ ਇਹ ਗਿਰਾਵਟ 5.5 ਫੀਸਦੀ ਦੇ ਕਰੀਬ ਸੀ।
ਇਸ ਤੋਂ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੀ ਕਿਰਤ ਸੰਸਥਾ ਨੇ ਚੇਤਾਵਨੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਦੇ ਸੰਕਟ ਕਾਰਨ ਭਾਰਤ ਦੇ ਲਗਪਗ 400 ਮਿਲੀਅਨ ਕਾਮੇ ਵੱਡੇ ਆਰਥਿਕ ਸੰਕਟ ਵਿਚ ਘਿਰ ਜਾਣਗੇ। ਇਸ ਦੇ ਨਾਲ-ਨਾਲ ਵਿਸ਼ਵ ਪੱਧਰ 'ਤੇ 195 ਮਿਲੀਅਨ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ। ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਆਈਐੱਲਓ) ਨੇ ਇਸ ਮਹਾਮਾਰੀ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਭਿਆਨਕ ਸੰਕਟ ਐਲਾਨਿਆ ਹੈ।
ਕੋਰੋਨਾ ਵਾਇਰਸ ਦੇ ਇਸ ਸੰਕਟ ਕਾਰਨ ਭਾਰਤ ਦੀ ਅਰਥ ਵਿਵਸਥਾ ਨੂੰ ਪਹਿਲਾਂ ਹੀ ਵੱਡੀ ਢਾਹ ਲੱਗ ਚੁੱਕੀ ਹੈ। ਗਲੋਬਲ ਬ੍ਰੋਰਕਰੇਜ ਫਰਮ ਗੋਲਡ ਸੈਕਸ਼ ਵੱਲੋਂ ਪਿਛਲੇ ਸਮੇਂ ਜਾਰੀ ਕੀਤੀ ਗਈ ਚੇਤਾਵਨੀ ਵਿਚ ਕਿਹਾ ਗਿਆ ਕਿ 2020-21 ਵਿਚ ਭਾਰਤ ਦੀ ਜੀ. ਡੀ. ਪੀ. ਗਰੋਥ ਰੇਟ 1.6 ਰਹਿ ਜਾਵੇਗੀ। ਇਸੇ ਤਰ੍ਹਾਂ ਸੀ. ਆਈ. ਆਈ. ਨੇ ਆਪਣੇ ਆਰਥਿਕ ਰਿਕਵਰੀ ਪਲਾਨ-ਏ ਵਿਚ ਇਹ ਖਦਸ਼ਾ ਪ੍ਰਗਟਾਇਆ ਸੀ ਕਿ ਇਸ ਸੰਕਟ ਕਾਰਨ ਭਾਰਤ ਦੀ ਜੀ. ਡੀ. ਪੀ . ਗਰੋਥ 0.6 ’ਤੇ ਜਾਣ ਦੀ ਸੰਭਾਵਨਾ ਹੈ। ਅਜਿਹੇ ਹਾਲਾਤ ਵਿਚ ਜੇਕਰ ਵਿਦੇਸ਼ਾਂ ਤੋਂ ਆਉਣ ਵਾਲੇ ਧਨ ਦਾ ਘਟਣਾ ਸਥਿਤੀਆਂ ਨੂੰ ਹੋਰ ਵੀ ਮੁਸ਼ਕਿਲ ਬਣਾ ਦੇਵੇਗਾ।