ਜੇਲ ''ਚ ਡੇਰਾ ਪ੍ਰੇਮੀ ਦੇ ਹੋਏ ਕਤਲ ''ਤੇ ਜੇਲ ਮੰਤਰੀ ਦਾ ਵੱਡਾ ਬਿਆਨ

Sunday, Jun 23, 2019 - 06:22 PM (IST)

ਜੇਲ ''ਚ ਡੇਰਾ ਪ੍ਰੇਮੀ ਦੇ ਹੋਏ ਕਤਲ ''ਤੇ ਜੇਲ ਮੰਤਰੀ ਦਾ ਵੱਡਾ ਬਿਆਨ

ਚੰਡੀਗੜ੍ਹ : ਡੇਰਾ ਸਿਰਸਾ ਦੀ ਉੱਚ ਪੱਧਰੀ ਕਮੇਟੀ ਦੇ ਮੈਂਬਰ ਅਤੇ ਬਰਗਾੜੀ ਬੇਅਦਬੀ ਮਾਮਲੇ 'ਚ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦੇ ਜੇਲ ਵਿਚ ਹੋਏ ਕਤਲ ਤੋਂ ਬਾਅਦ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਮੋਹਿੰਦਰਪਾਲ ਬਿੱਟੂ ਨੂੰ ਹਾਈ ਸਕਿਓਰਿਟੀ ਸੈੱਲ ਵਿਚ ਰੱਖਿਆ ਗਿਆ ਸੀ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਪਰ ਬਾਵਜੂਦ ਇਸ ਦੀ ਇਹ ਘਟਨਾ ਵਾਪਰ ਗਈ। ਰੰਧਾਵਾ ਨੇ ਕਿਹਾ ਕਿ ਮਹਿੰਦਰਪਾਲ ਬਿੱਟੂ ਨੂੰ ਪਹਿਲਾਂ ਹੀ ਵੱਖਰੇ ਅਤੇ ਸੁਰੱਖਿਅਤ ਸੈੱਲ ਵਿਚ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਬਾਵਜੂਦ ਇਸ ਦੇ ਉਹ ਸੈੱਲ 'ਚੋਂ ਬਾਹਰ ਕਿਵੇਂ ਆਇਆ। ਰੰਧਾਵਾ ਮੁਤਾਬਕ ਮੈਜਿਸਟ੍ਰੀਅਲ ਜਾਂਚ ਚੱਲ ਰਹੀ ਹੈ ਅਤੇ ਜਿਹੜਾ-ਜਿਹੜਾ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 

ਜੇਲ ਮੰਤਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤਕ ਇਸ ਮਾਮਲੇ ਵਿਚ ਵਿਸ਼ੇਸ਼ ਸੁਰੱਖਿਆ ਸੈੱਲ ਦੇ ਇੰਚਾਰਜ ਸਹਾਇਕ ਸੁਪਰਡੈਂਟ ਅਜਮੇਰ ਸਿੰਘ, ਵਾਰਡਰ ਮੇਜਰ ਸਿੰਘ ਤੇ ਅਮਨ ਗਿਰੀ ਨੂੰ ਸੁਰੱਖਿਆ ਵਿਚ ਕੋਤਾਹੀ ਵਰਤਣ ਦੇ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ। ਪੈਸਕੋ ਮੁਲਾਜ਼ਮ ਲਾਲ ਸਿੰਘ ਵਿਰੁੱਧ ਪੈਸਕੋ ਅਥਾਰਿਟੀ ਵੱਲੋਂ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਡੀ. ਆਈ. ਜੀ. ਪਟਿਆਲਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 

ਦੱਸਣਯੋਗ ਹੈ ਕਿ ਪਿਛਲੇ 7 ਮਹੀਨਿਆਂ ਤੋਂ ਨਾਭਾ ਦੀ ਨਵੀਂ ਬਣੀ ਜ਼ਿਲਾ ਜੇਲ 'ਚ ਬੰਦ ਮਹਿੰਦਰਪਾਲ ਬਿੱਟੂ ਦਾ ਸ਼ਨੀਵਾਰ ਸ਼ਾਮ ਜੇਲ ਵਿਚ ਬੰਦ ਦੋ ਕੈਦੀਆਂ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਵਲੋਂ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।


author

Gurminder Singh

Content Editor

Related News