ਕਾਂਗਰਸ ਨੇ ਕੀਤਾ ਮੇਰਾ ਸਿਆਸੀ ਕਤਲ : ਮਹਿੰਦਰ ਸਿੰਘ ਕੇ. ਪੀ. (ਵੀਡੀਓ)
Friday, Apr 05, 2019 - 02:42 PM (IST)
ਜਲੰਧਰ (ਚੋਪੜਾ) : ਜਲੰਧਰ ਦੇ ਸਾਬਕਾ ਸੰਸਦ ਮੈਂਬਰ ਅਤੇ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. ਕਾਂਗਰਸ ਤੋਂ ਵੱਖ ਹੋ ਕੇ ਬਗਾਵਤ ਕਰਨ ਦੇ ਮੂਡ 'ਚ ਦਿਖ ਰਹੇ ਹਨ। ਮਹਿੰਦਰ ਸਿੰਘ ਕੇ. ਪੀ. ਜਲੰਧਰ ਤੋਂ ਹੀ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਸਕਦੇ ਹਨ। ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਮਿਲਣ ਤੋਂ ਨਾਰਾਜ਼ ਕੇ. ਪੀ. ਇਸ ਸਬੰਧ 'ਚ ਆਪਣੇ ਸਮਰਥਕਾਂ ਨਾਲ ਸਲਾਹ ਮਸ਼ਵਰਾ ਕਰਕੇ ਆਖਰੀ ਫੈਸਲਾ ਲੈਣਗੇ।
ਇਸ ਸਬੰਧ 'ਚ ਕੇ. ਪੀ. ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ ਹੈ ਕਿਉਂਕਿ ਉਹ ਜਲੰਧਰ ਤੋਂ ਟਿਕਟ ਦੇ ਪ੍ਰਬਲ ਦਾਅਵੇਦਾਰ ਹਨ। 2014 ਦੀਆਂ ਚੋਣਾਂ 'ਚ ਉਨ੍ਹਾਂ ਨੂੰ ਸਾਜਿਸ਼ ਅਧੀਨ ਸਿਟਿੰਗ ਐੱਮ. ਪੀ. ਹੋਣ ਦੇ ਬਾਵਜੂਦ ਚੋਣਾਂ ਦੇ ਐਨ ਮੌਕੇ 'ਤੇ ਹੁਸ਼ਿਆਰਪੁਰ ਸ਼ਿਫਟ ਕਰ ਦਿੱਤਾ ਗਿਆ ਸੀ। ਹੁਣ ਉਹ ਸੀਟ ਵਾਪਸ ਲੈਣ ਦੀ ਮੰਗ ਕਰ ਰਹੇ ਹਨ, ਕਿਉਂਕਿ ਉਸ ਵੇਲੇ ਕੀਤੇ ਕੰਮਾਂ ਦੀ ਵਜ੍ਹਾ ਕਾਰਨ ਹੀ 2014 'ਚ ਕਾਂਗਰਸ ਇਸ ਸੀਟ ਤੋਂ ਜਿੱਤ ਹਾਸਲ ਕਰ ਸਕੀ ਸੀ। ਉਨ੍ਹਾਂ ਕਿਹਾ ਕਿ ਇਕ ਪਾਸੇ ਕਾਂਗਰਸ ਭ੍ਰਿਸ਼ਟਾਚਾਰ ਨੂੰ ਜ਼ੀਰੋ ਫੀਸਦੀ ਟਾਲਰੇਟ ਕਰਨ ਦਾ ਦਾਅਵਾ ਕਰਦੀ ਹੈ ਪਰ ਸਟਿੰਗ 'ਚ ਫਸੇ ਸੰਤੋਖ ਸਿੰਘ ਨੂੰ ਟਿਕਟ ਦੇ ਕੇ ਇਹ ਦਾਅਵਾ ਕਿੱਥੇ ਗਿਆ।