ਮੋਹਾਲੀ ’ਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੀਆਂ ਦੁਕਾਨਾਂ

05/15/2020 9:33:02 AM

ਮੋਹਾਲੀ (ਨਿਆਮੀਆਂ) : ਜ਼ਿਲਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਵੱਲੋਂ 15 ਮਈ ਤੋਂ ਲਾਗੂ ਕੀਤੇ ਗਏ ਦੁਕਾਨਾਂ ਖੋਲ੍ਹਣ ਦੇ ਸੋਧੇ ਸਮੇਂ ਅਨੁਸਾਰ ਜ਼ਿਲੇ ਦੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲਣਗੇ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਵਰਤੋਂ ਤੋਂ ਪ੍ਰਹੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕੰਮ ਦੀ ਥਾਂ ’ਤੇ ਜਾਣ ਅਤੇ ਆਉਣ ਲਈ ਵਿਅਕਤੀਆਂ ਦੀ ਆਵਾਜਾਈ ਨੂੰ ਰੋਜ਼ਗਾਰਦਾਤਾ ਵਲੋਂ ਜਾਰੀ ਕੀਤੇ ਗਏ ਆਈ. ਡੀ. ਕਾਰਡ ਰਾਹੀਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਆਗਿਆ ਹੋਵੇਗੀ। ਇਸ ਤੋਂ ਇਲਾਵਾ ਕੋਈ ਵੀ ਗੈਰ ਜ਼ਰੂਰੀ ਕੰਮਾਂ ਲਈ ਬੇਲੋੜਾ ਨਹੀਂ ਘੁੰਮੇਗਾ।

ਬੈਂਕਾਂ 'ਚ ਜਨਤਕ ਲੈਣ-ਦੇਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤਕ ਹੋਵੇਗਾ। ਕੋਈ ਵੀ ਉਲੰਘਣਾ ਕਰਨ ’ਤੇ ਆਫਤਨ ਪ੍ਰਬੰਧਨ ਐਕਟ 2005 ਅਤੇ ਭਾਰਤੀ ਦੰਡਾਵਲੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਜ਼ਿਲਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਦੂਜੇ ਰਾਜਾਂ ਤੋਂ ਜ਼ਿਲੇ 'ਚ ਵਿਅਕਤੀਆਂ ਅਤੇ ਵਾਹਨਾਂ ਦੇ ਅਣਅਧਿਕਾਰਤ ਦਾਖਲੇ ਨੂੰ ਰੋਕਣ ਲਈ ਇਕ ਸਖ਼ਤ ਪ੍ਰਣਾਲੀ ਸਥਾਪਤ ਕਰਨ ਦੇ ਆਦੇਸ਼ ਦਿੱਤੇ ਹਨ। ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਅਜਿਹੇ ਸਾਰੇ ਲੋਕਾਂ ਦੀ ਸਕਰਨਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਪਿੰਡਾਂ ਦੇ ਸਰਪੰਚ ਅਤੇ ਨੰਬਰਦਾਰ ਸਬੰਧਤ ਐੱਸ. ਡੀ. ਐੱਮ./ਸੈਕਟਰ ਅਫਸਰ ਜਾਂ ਚੀਫ ਨੋਡਲ ਅਫਸਰ ਨੂੰ ਅਜਿਹੇ ਵਿਅਕਤੀਆਂ ਬਾਰੇ ਸੂਚਿਤ ਕਰਨਗੇ ਜਦੋਂ ਉਹ ਆਪਣੇ ਪਿੰਡਾਂ 'ਚ ਪਹੁੰਚਣਗੇ। ਨਗਰ ਨਿਗਮਾਂ/ਨਗਰ ਪਾਲਿਕਾਵਾਂ ਦੇ ਮਾਮਲੇ 'ਚ ਮਿਉਂਸਪਲ ਕੌਂਸਲਰ ਜਾਂ ਮਿਊਂਸਪਲ ਕਮਿਸ਼ਨਰ ਅਤੇ ਸਬੰਧਤ ਕਾਰਜਕਾਰੀ ਅਧਿਕਾਰੀ ਐੱਸ. ਡੀ. ਐੱਮ./ਸੈਕਟਰ ਅਫਸਰ ਜਾਂ ਉਪਰੋਕਤ ਨੋਡਲ ਅਫਸਰ ਨੂੰ ਸੂਚਿਤ ਕਰਨਗੇ।
 


Babita

Content Editor

Related News