ਮੋਹਾਲੀ 'ਚ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਲੱਗਾ ਧਰਨਾ ਪੁਲਸ ਨੇ ਚੁੱਕਵਾਇਆ
Tuesday, Mar 21, 2023 - 03:55 PM (IST)
ਮੋਹਾਲੀ (ਨਿਆਮੀਆਂ) : ਪੰਜਾਬ ਪੁਲਸ ਵੱਲੋਂ 'ਵਾਰਿਸ ਪੰਜਾਬ ਦੇ' ਜੱਥੇਬੰਦੀ ਖ਼ਿਲਾਫ਼ ਕੀਤੀ ਕਾਰਵਾਈ ਦੇ ਵਿਰੋਧ 'ਚ ਏਅਰਪੋਰਟ ਰੋਡ ਮੋਹਾਲੀ ਵਿਖੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਮਣੇ ਨਿਹੰਗ ਸਿੰਘ ਜੱਥੇਬੰਦੀਆਂ ਅਤੇ ਹੋਰ ਲੋਕਾਂ ਵੱਲੋਂ ਲਗਾਇਆ ਧਰਨਾ ਚੁਕਵਾ ਦਿੱਤਾ ਗਿਆ ਹੈ। ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ ਚੌਂਕ 'ਤੇ ਪਿਛਲੇ 4 ਦਿਨਾਂ ਤੋਂ ਧਰਨਾ ਲਗਾਇਆ ਗਿਆ ਸੀ। ਏਅਰਪੋਰਟ ਰੋਡ 'ਤੇ ਇਹ ਧਰਨਾ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਲਾਇਆ ਗਿਆ ਸੀ। ਅੱਜ ਦੁਪਹਿਰੇ ਵੱਡੀ ਗਿਣਤੀ 'ਚ ਆਈਆਂ ਪੁਲਸ ਫੋਰਸਾਂ ਵੱਲੋਂ ਕੀਤੀ ਗਈ ਕਾਰਵਾਈ ਦੇ ਤਹਿਤ ਇਹ ਧਰਨਾ ਚੁੱਕਵਾ ਦਿੱਤਾ ਗਿਆ।
ਇਹ ਗੱਲ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਜਦੋਂ ਤੋਂ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ, ਉਦੋਂ ਤੋਂ ਹੀ ਕੁੱਝ ਲੋਕਾਂ ਵਲੋਂ ਏਅਰਪੋਰਟ ਰੋਡ ਸੋਹਾਣਾ ਸਾਹਿਬ ਗੁਰਦੁਆਰਾ ਦੇ ਸਾਹਮਣੇ ਅੰਮ੍ਰਿਤਪਾਲ ਦੇ ਹੱਕ 'ਚ ਧਰਨਾ ਲਾਇਆ ਗਿਆ ਸੀ। ਇਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅੱਜ ਦੁਪਹਿਰ ਸਮੇਂ ਭਾਰੀ ਮਾਤਰਾ 'ਚ ਧਰਨਾ ਸਥਾਨ ਤੇ ਪੁੱਜੀ ਪੁਲਸ ਵਲੋਂ ਪਹਿਲਾਂ ਤਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਧਰਨਾ ਖ਼ਤਮ ਕਰਨ ਲਈ ਕਿਹਾ ਗਿਆ ਪਰ ਇਸੇ ਦੌਰਾਨ ਹੀ ਧਰਨਾਕਾਰੀਆਂ ਦੀ ਪੁਲਲਿਸ ਦੇ ਨਾਲ ਬਹਿਸ ਹੋ ਗਈ।
ਪੁਲਸ ਨੇ ਧਰਨਾਕਾਰੀਆਂ 'ਤੇ ਥੋੜ੍ਹੀ ਸਖ਼ਤੀ ਵਰਤਦਿਆਂ ਧਰਨਾ ਚੁੱਕਵਾ ਦਿੱਤਾ। ਦੱਸ ਦੇਈਏ ਕਿ ਧਰਨਾ ਚੁੱਕੇ ਜਾਣ ਤੋਂ ਬਾਅਦ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਸੋਹਾਣਾ ਗੁਰਦੁਆਰਾ ਸਾਹਿਬ ਨੇੜੇ ਹਾਲੇ ਵੀ ਭਾਰੀ ਗਿਣਤੀ 'ਚ ਪੁਲਸ ਬਲ ਮੌਜੂਦ ਹਨ। ਸੁਰੱਖਿਆ ਦੇ ਮੱਦੇਨਜ਼ਰ ਪੁਲਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਏਅਰਪੋਰਟ ਰੋਡ 'ਤੇ ਚੱਲਣ ਵਾਲੀ ਆਵਾਜ਼ਾਈ ਦਾ ਰਸਤਾ ਬਦਲ ਦਿੱਤਾ ਗਿਆ ਸੀ।
ਬੀਤੇ ਦਿਨ ਵੀ ਮੋਹਾਲੀ ਦੇ ਡੀ. ਐੱਸ. ਪੀ. ਹਰਸਿਮਰਨ ਸਿੰਘ ਬਲ ਦੀ ਅਗਵਾਈ 'ਚ ਆਈ ਪੁਲਸ ਨੇ ਧਰਨਾਕਾਰੀਆਂ ਨੂੰ ਸੜਕ ਦੀ ਆਵਾਜਾਈ ਚਾਲੂ ਕਰਨ ਲਈ ਅਪੀਲ ਕੀਤੀ ਸੀ ਪਰ ਧਰਨਾਕਾਰੀ ਨਹੀਂ ਮੰਨੇ ਸਨ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਕ ਵਾਰ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਝਲਕ ਦਿਖਾ ਦੇਵੋ ਤਾਂ ਉਹ ਧਰਨਾ ਖ਼ਤਮ ਕਰ ਦੇਣਗੇ।