ਮੋਹਾਲੀ : ਕੁੜੀ ਨੂੰ ਕੁੱਟਦਿਆਂ ਕਾਰ 'ਚ ਬਿਠਾ ਹੋਇਆ ਫੁਰਰ, ਕਈ ਥਾਣਿਆਂ 'ਚ ਹੜਕੰਪ

02/05/2018 8:49:22 AM

ਮੋਹਾਲੀ (ਰਾਣਾ) : ਫੇਜ਼-8 ਸਮੇਤ ਕਈ ਥਾਣਿਆਂ ਦੀ ਪੁਲਸ ਵਿਚ ਐਤਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਕਿ ਸੈਕਟਰ-68 ਸਥਿਤ ਜੰਗਲਾਤ ਭਵਨ ਕੋਲ ਕਾਰ ਸਵਾਰ ਨੌਜਵਾਨ ਨੇ ਕੁੱਟਮਾਰ ਕਰ ਕੇ ਇਕ ਲੜਕੀ ਨੂੰ ਅਗਵਾ ਕਰ ਲਿਆ ਹੈ। ਸੂਚਨਾ ਮਿਲਦਿਆਂ ਹੀ ਕਈ ਥਾਣਿਆਂ ਦੀ ਪੁਲਸ ਤੇ ਪੀ. ਸੀ. ਆਰ. ਪਾਰਟੀ ਮੌਕੇ 'ਤੇ ਪਹੁੰਚ ਗਈ, ਨਾਲ ਹੀ ਇਸ ਸਬੰਧੀ ਪੂਰੇ ਜ਼ਿਲੇ ਵਿਚ ਅਲਰਟ ਕਰ ਦਿੱਤਾ ਗਿਆ। ਇਸੇ ਦੌਰਾਨ ਅਗਵਾ ਹੋਈ ਲੜਕੀ ਦੀ ਸਹੇਲੀ ਨੇ ਸਾਰੀ ਗੱਲ ਪੁਲਸ ਨੂੰ ਦੱਸੀ। ਇਸ ਤੋਂ ਬਾਅਦ ਪੁਲਸ ਨੇ ਲੜਕੀ ਤੇ ਲੜਕੇ ਦੇ ਫੋਨ ਨੰਬਰ 'ਤੇ ਸੰਪਰਕ ਕਰਨਾ ਸ਼ੁਰੂ ਕੀਤਾ, ਉਥੇ ਹੀ ਕੁਝ ਸਮੇਂ ਬਾਅਦ ਲੜਕਾ ਖੁਦ ਹੀ ਲੜਕੀ ਨੂੰ ਲੈ ਕੇ ਥਾਣੇ ਪਹੁੰਚ ਗਿਆ। ਉਸ ਨੇ ਆਪਣੇ ਤੇ ਕੁੜੀ ਦੇ ਰਿਸ਼ਤੇ ਬਾਰੇ ਸਾਰੀ ਗੱਲ ਦੱਸੀ।  ਪਤਾ ਲੱਗਾ ਹੈ ਕਿ ਲੜਕੀ ਨੇ ਲੜਕੇ ਖਿਲਾਫ ਚੰਡੀਗੜ੍ਹ ਪੁਲਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੋਈ ਹੈ, ਜਿਸ ਕਾਰਨ ਉਹ ਪਰੇਸ਼ਾਨ ਸੀ। ਨਾਲ ਹੀ ਲੜਕੀ 'ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾ ਰਿਹਾ ਸੀ। ਥਾਣਾ ਫੇਜ਼-8 ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਨੇ ਕਿਹਾ ਕਿ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਹੈ।
ਲੜਕੀ ਬੋਲੀ, ਲੜਕਾ ਦੇ ਰਿਹੈ ਧੋਖਾ
ਇਸ ਦੌਰਾਨ ਲੜਕੀ ਨੇ ਲੜਕੇ ਦੀ ਸਾਰੀ ਪੋਲ ਖੋਲ੍ਹ ਦਿੱਤੀ। ਉਸ ਨੇ ਕਿਹਾ ਕਿ ਲੜਕਾ ਉਸ ਨਾਲ ਧੋਖਾ ਕਰ ਰਿਹਾ ਹੈ। ਉਸ ਨੇ ਉਸ ਦੀ ਸ਼ਿਕਾਇਤ ਚੰਡੀਗੜ੍ਹ ਵਿਖੇ ਦਰਜ ਕਰਵਾਈ ਹੋਈ ਹੈ। ਲੜਕਾ ਉਸ 'ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਪਾ ਰਿਹਾ ਸੀ। ਇਸ ਤੋਂ ਬਾਅਦ ਪੁਲਸ ਨੇ ਲੜਕੇ ਤੇ ਲੜਕੀ ਨੂੰ ਆਪਣੇ-ਆਪਣੇ ਘਰ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਕ ਪ੍ਰੇਮੀ ਜੋੜੇ ਵਲੋਂ ਇਸ ਤਰ੍ਹਾਂ ਕੀਤਾ ਗਿਆ ਸੀ। ਬਾਅਦ ਵਿਚ ਥਾਣੇ ਆ ਕੇ ਉਨ੍ਹਾਂ ਮੁਆਫੀ ਮੰਗ ਲਈ ਸੀ।
ਐਕਟਿਵਾ ਤੋਂ ਉਤਾਰਿਆ ਤੇ ਸ਼ੁਰੂ ਕੀਤੀ ਕੁੱਟਮਾਰ
ਐਤਵਾਰ ਸਵੇਰੇ 10 ਵਜੇ ਪੁਲਸ ਦੇ ਕੰਟਰੋਲ ਰੂਮ ਵਿਚ ਕਾਲ ਕਰਨ ਵਾਲੀ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਸਹੇਲੀ ਨਾਲ ਐਕਟਿਵਾ 'ਤੇ ਜਾ ਰਹੀ ਸੀ ਕਿ ਉਸੇ ਸਮੇਂ ਇਕ ਕਾਰ ਉਥੇ ਆ ਕੇ ਰੁਕੀ। ਇਸ ਤੋਂ ਬਾਅਦ ਕਾਰ ਵਿਚੋਂ ਲੜਕਾ ਉਤਰਿਆ ਤੇ ਉਸ ਨੇ ਉਸ ਦੀ ਸਹੇਲੀ ਨੂੰ ਐਕਟਿਵਾ ਤੋਂ ਉਤਾਰ ਲਿਆ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਉਪਰੰਤ ਲੜਕੀ ਨੂੰ ਕਾਰ ਵਿਚ ਬਿਠਾ ਕੇ ਲੈ ਗਿਆ। ਲੜਕੀ ਨੇ ਦੱਸਿਆ ਕਿ ਉਕਤ ਲੜਕਾ ਚੰਡੀਗੜ੍ਹ ਦਾ ਸੀ, ਜਦਕਿ ਉਸ ਦੀ ਸਹੇਲੀ ਸੈਲੂਨ ਵਿਚ ਕੰਮ ਕਰਦੀ ਹੈ। ਪੁਲਸ ਨੇ ਦੋਵਾਂ ਦੇ ਮੋਬਾਇਲ ਨੰਬਰ ਲੈ ਲਏ, ਨਾਲ ਹੀ ਉਕਤ ਨੰਬਰਾਂ 'ਤੇ ਕਾਲ ਵੀ ਕੀਤੀ ਪਰ ਲੜਕਾ ਫੋਨ ਨਹੀਂ ਚੁੱਕ ਰਿਹਾ ਸੀ। ਇਸ ਉਪਰੰਤ ਪੁਲਸ ਨੇ ਲੜਕੇ ਦੇ ਵਾਰਸਾਂ ਨੂੰ ਰਾਊਂਡਅਪ ਕਰ ਲਿਆ। ਇਸ ਤੋਂ ਬਾਅਦ ਲੜਕੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਲੜਕੀ ਨੂੰ ਲੈ ਕੇ ਖੁਦ ਥਾਣੇ ਪਹੁੰਚ ਗਿਆ।


Related News