ਬਰਸਾਤ ਨਾਲ ਹੋਈ ਤਬਾਹੀ ਦਾ ਛਾਇਆ ਰਿਹਾ ਮੁੱਦਾ

09/08/2017 8:11:31 AM

ਮੋਹਾਲੀ  (ਨਿਆਮੀਆਂ) - ਮੋਹਾਲੀ ਨਗਰ ਨਿਗਮ ਦੀ ਮੀਟਿੰਗ ਅੱਜ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਵਿਚ ਮਿਊਂਸੀਪਲ ਭਵਨ ਵਿਚ ਹੋਈ, ਜਿਸ ਵਿਚ ਪਿਛਲੇ ਦਿਨੀਂ ਭਾਰੀ ਬਰਸਾਤ ਕਾਰਨ ਹੋਏ ਨੁਕਸਾਨ ਦਾ ਮੁੱਦਾ ਸਾਰੀ ਮੀਟਿੰਗ ਦੌਰਾਨ ਛਾਇਆ ਰਿਹਾ। ਹਾਲਾਂਕਿ ਏਜੰਡੇ ਵਿਚ ਇਸ ਬਾਰੇ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਸੀ ਪਰ ਇਸ ਦੇ ਬਾਵਜੂਦ ਸਾਰੇ ਕੌਂਸਲਰਾਂ ਦੀ ਮੰਗ 'ਤੇ ਮੇਅਰ ਨੇ ਬਰਸਾਤ ਕਾਰਨ ਹੋਏ ਨੁਕਸਾਨ ਤੇ ਭਵਿੱਖ ਵਿਚ ਇਸ ਤੋਂ ਬਚਣ ਦੇ ਪ੍ਰਬੰਧ ਕਰਨ ਲਈ ਸਾਰੇ ਕੌਂਸਲਰਾਂ ਨੂੰ ਇਕ-ਇਕ ਕਰ ਕੇ ਬੋਲਣ ਦਾ ਮੌਕਾ ਦਿੱਤਾ।
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕੌਂਸਲਰ ਰਾਜਿੰਦਰ ਪਾਲ ਸ਼ਰਮਾ ਨੇ ਸਲਾਹ ਦਿੱਤੀ ਕਿ ਪਿਛਲੇ ਦਿਨੀਂ ਗੁਰਮੀਤ ਸਿੰਘ ਵਾਲੀਆ ਦੇ ਪਿਤਾ ਅਤੇ ਗੁਰਮੁਖ ਸਿੰਘ ਸੋਹਲ ਦੀ ਮਾਤਾ ਦਾ ਦਿਹਾਂਤ ਹੋ ਚੁੱਕਾ ਹੈ, ਇਸ ਲਈ ਸਰਵਗੀ ਆਤਮਾਵਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਜਾਣਾ ਚਾਹੀਦਾ ਹੈ। ਇਸ 'ਤੇ ਇਨ੍ਹਾਂ ਦੋਵਾਂ ਨੂੰ ਹਾਊਸ ਵਲੋਂ ਸ਼ਰਧਾਂਜਲੀ ਦਿੱਤੀ ਗਈ।
ਬਰਸਾਤ ਨਾਲ ਹੋਈ ਤਬਾਹੀ 'ਤੇ ਬਹਿਸ ਦੀ ਮੰਗ : ਜਿਵੇਂ ਹੀ ਸਤਵਿੰਦਰ ਕੌਰ ਨੇ ਮੇਅਰ ਦਾ ਆਦੇਸ਼ ਮੰਨ ਕੇ ਮੀਟਿੰਗ ਦਾ ਏਜੰਡਾ ਪੜ੍ਹਨਾ ਸ਼ੁਰੂ ਕੀਤਾ ਤਾਂ ਫੇਜ਼-4 ਦੀ ਕੌਂਸਲਰ ਕੁਲਦੀਪ ਕੌਰ ਕੰਗ ਆਪਣੀ ਸੀਟ 'ਤੇ ਖੜ੍ਹੇ ਹੋ ਗਏ ਤੇ ਮੇਅਰ ਨੂੰ ਅਪੀਲ ਕੀਤੀ ਕਿ ਪਿਛਲੀ 21 ਅਗਸਤ ਨੂੰ ਹੋਈ ਭਾਰੀ ਬਰਸਾਤ ਕਾਰਨ ਸ਼ਹਿਰ ਵਿਚ ਹੋਏ ਨੁਕਸਾਨ ਬਾਰੇ ਸਦਨ ਵਿਚ ਬਹਿਸ ਕੀਤੀ ਜਾਵੇ। ਮੇਅਰ ਨੇ ਸਭ ਤੋਂ ਪਹਿਲਾਂ ਮੀਟਿੰਗ ਦੇ ਏਜੰਡੇ 'ਤੇ ਵਿਚਾਰ ਕਰਨ ਨੂੰ ਕਿਹਾ ਪਰ ਹਰਮਨਪ੍ਰੀਤ ਸਿੰਘ ਪ੍ਰਿੰਸ ਤੇ ਪਰਵਿੰਦਰ ਸੋਹਾਣਾ ਨੇ ਵੀ ਇਸ ਮੁੱਦੇ 'ਤੇ ਬਹਿਸ ਕਰਨ ਦੀ ਮੰਗ ਰੱਖੀ।
ਇਸ ਦੌਰਾਨ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ, ਤਰਨਜੀਤ ਕੌਰ ਗਿੱਲ, ਅਮਰੀਕ ਸਿੰਘ ਸੋਮਲ ਤੇ ਹੋਰ ਕਈ ਕੌਂਸਲਰਾਂ ਨੇ ਵੀ ਸਭ ਤੋਂ ਪਹਿਲਾਂ ਬਰਸਾਤ ਕਾਰਨ ਹੋਏ ਨੁਕਸਾਨ 'ਤੇ ਬਹਿਸ ਕਰਨ ਦੀ ਮੰਗ ਕੀਤੀ। ਇਸ 'ਤੇ ਮੇਅਰ ਨੇ ਕਿਹਾ ਕਿ ਜੇਕਰ ਹਾਊਸ ਦੀ ਇਹੀ ਰਾਏ ਹੈ ਤਾਂ ਸਾਰੇ ਕੌਂਸਲਰ ਇਕ-ਇਕ ਕਰ ਕੇ ਆਪਣੇ ਵਿਚਾਰ ਰੱਖਣ ਤੇ ਉਹ ਉਸ ਦਾ ਉੱਤਰ ਦੇਣਗੇ।
ਨੁਕਸਾਨ ਦਾ ਐਸਟੀਮੇਟ ਬਣਾ ਕੇ ਮੁਆਵਜ਼ੇ ਲਈ ਸਰਕਾਰ ਨੂੰ ਭੇਜਿਆ ਜਾਵੇ : ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਵਿਚ ਰੁਕਾਵਟ ਆਈ ਹੈ, ਸੀਵਰੇਜ ਪਾਈਪਸ ਬੰਦ ਪਏ ਸਨ ਪਰ ਨਗਰ ਪ੍ਰੀਸ਼ਦ ਨੇ ਜਨ ਸਿਹਤ ਵਿਭਾਗ ਨੂੰ ਇਕ ਵੀ ਪੱਤਰ ਅਜਿਹਾ ਨਹੀਂ ਲਿਖਿਆ ਜਿਸ ਵਿਚ ਸੀਵਰੇਜ ਦੀ ਸਫਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਇੰਨਾ ਵੱਡਾ ਨੁਕਸਾਨ ਹੋਇਆ ਹੈ ਉਸ ਨੂੰ ਦੇਖਦੇ ਹੋਏ ਸਾਰੇ ਕੌਂਸਲਰਾਂ ਤੇ ਅਧਿਕਾਰੀਆਂ ਦੀ ਇਕ ਮੀਟਿੰਗ ਬੁਲਾਈ ਜਾਣੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋਇਆ।
ਕੁਲਦੀਪ ਕੌਰ ਕੰਗ ਨੇ ਕਿਹਾ ਕਿ ਫੇਜ਼-4 ਤੇ 5 ਵਿਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਪਰ ਫਿਰ ਵੀ ਇਸ ਮਾਮਲੇ ਨੂੰ ਏਜੰਡੇ ਵਿਚ ਨਹੀਂ ਲਿਆ ਗਿਆ। ਤਰਨਜੀਤ ਕੌਰ ਗਿੱਲ ਨੇ ਇਸ ਗੱਲ 'ਤੇ ਇਤਰਾਜ਼ ਜਤਾਇਆ ਕਿ ਜੂਨ ਮਹੀਨੇ ਦੇ ਬਾਅਦ ਪ੍ਰੀਸ਼ਦ ਦੀ ਇਕ ਵੀ ਮੀਟਿੰਗ ਨਹੀਂ ਹੋਈ। ਉਨ੍ਹਾਂ ਨੇ ਬਰਸਾਤ ਕਾਰਨ ਲੋਕਾਂ ਦੇ ਹੋਏ ਨੁਕਸਾਨ ਦਾ ਜ਼ਿਕਰ ਵੀ ਕੀਤਾ। ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਇਸ ਮੁੱਦੇ 'ਤੇ ਵਿਸ਼ੇਸ਼ ਮੀਟਿੰਗ ਬੁਲਾਈ ਜਾਣੀ ਚਾਹੀਦੀ ਹੈ। ਕੌਂਸਲਰ ਭਾਰਤ ਭੂਸ਼ਣ ਮੈਣੀ ਨੇ ਬਰਸਾਤੀ ਪਾਣੀ ਦੇ ਨਿਕਾਸ ਵਿਚ ਨਗਰ ਨਿਗਮ ਨੂੰ ਪੂਰੀ ਤਰ੍ਹਾਂ ਨਾਲ ਫੇਲ ਦੱਸਿਆ। ਉਨ੍ਹਾਂ ਨੇ ਮੰਗ ਰੱਖੀ ਕਿ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ ਐਸਟੀਮੇਟ ਬਣਾ ਕੇ ਸਰਕਾਰ ਨੂੰ ਭੇਜਿਆ ਜਾਵੇ ਤੇ ਭਵਿੱਖ ਵਿਚ ਇਸ ਦੀ ਰੋਕਥਾਮ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇ।
150 ਘਰਾਂ 'ਚ ਦਾਖਲ ਹੋਇਆ ਪਾਣੀ, ਹਰ ਘਰ ਦਾ 50 ਹਜ਼ਾਰ ਤੋਂ 3 ਲੱਖ ਤਕ ਦਾ ਹੋਇਆ ਨੁਕਸਾਨ : ਫੇਜ਼-5 ਦੇ ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਫੇਜ਼-5 ਦਾ ਹੋਇਆ ਹੈ। ਲੋਕਾਂ ਦੇ ਘਰਾਂ ਵਿਚ 3-3 ਫੁੱਟ ਤੋਂ ਵੀ ਜ਼ਿਆਦਾ ਪਾਣੀ ਦਾਖਲ ਹੋ ਗਿਆ ਤੇ 3-4 ਦਿਨ ਤਕ ਉਨ੍ਹਾਂ ਦੇ ਘਰਾਂ ਵਿਚ ਖਾਣਾ ਤਕ ਨਹੀਂ ਬਣਿਆ। ਲੋਕਾਂ ਦੇ ਘਰਾਂ ਦੇ ਸਾਮਾਨ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ। ਉਨ੍ਹਾਂ ਮੰਗ ਕੀਤੀ ਕਿ ਸਾਮਾਨ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਡੀ. ਸੀ. ਤੇ ਵਿਧਾਇਕ ਇਸ ਹੜ੍ਹ ਵਿਚ ਜਾਇਜ਼ਾ ਲੈਣ ਲਈ ਆਏ ਪਰ ਉਨ੍ਹਾਂ ਨੇ ਕੌਂਸਲਰਾਂ ਨੂੰ ਬੁਲਾਇਆ ਤਕ ਨਹੀਂ। ਸੈਕਟਰ-71 ਦੇ ਕੌਂਸਲਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਸੈਕਟਰ-71 ਦੇ ਲਗਭਗ 150 ਘਰਾਂ ਵਿਚ ਪਾਣੀ ਦਾਖਲ ਹੋਇਆ ਤੇ ਹਰ ਘਰ ਦਾ 50 ਤੋਂ ਲੈ ਕੇ 3 ਲੱਖ ਰੁਪਏ ਤਕ ਦਾ ਨੁਕਸਾਨ ਹੋਇਆ। ਉਨ੍ਹਾਂ ਨੇ ਕਿਹਾ ਕਿ ਜੋ ਸੜਕਾਂ 'ਤੇ 169 ਲੱਖ ਰੁਪਏ ਦੀਆਂ ਗਰਿੱਲਾਂ ਲਾਏ ਜਾਣ ਦੀ ਯੋਜਨਾ ਹੈ ਉਸ ਪੈਸੇ ਨੂੰ ਬਰਸਾਤੀ ਪਾਣੀ ਦੇ ਨਿਕਾਸ ਅਤੇ ਰੋਡ-ਗਲੀਆਂ ਦੀ ਸਾਫ-ਸਫਾਈ ਤੇ ਹੋਰ ਕੰਮਾਂ 'ਤੇ ਖਰਚ ਕੀਤਾ ਜਾਵੇ। ਜਿਥੇ ਗਰਿੱਲਾਂ ਲੱਗੀਆਂ ਹਨ ਉਥੇ ਡਿਵਾਈਡਰ ਉੱਚੇ ਨਾ ਕੀਤੇ ਜਾਣ ਤਾਂ ਕਿ  ਪਾਣੀ ਆਸਾਨੀ ਨਾਲ ਨਿਕਲ ਸਕੇ।
ਕੌਂਸਲਰ ਹਰਪਾਲ ਚੰਨਾ ਨੇ ਕਿਹਾ ਕਿ ਪਿੰਡ ਮਟੌਰ ਤੇ 3ਬੀ2 ਹਮੇਸ਼ਾ ਹੀ ਬਰਸਾਤੀ ਪਾਣੀ ਦਾ ਸ਼ਿਕਾਰ ਹੁੰਦੇ ਹਨ ਕਿਉਂਕਿ ਫੇਜ਼-3ਏ ਤੋਂ ਪਿੰਡ ਮਟੌਰ ਦਾ ਏਰੀਆ ਲਗਭਗ 17 ਫੁੱਟ ਡੂੰਘਾ ਹੈ। ਗਮਾਡਾ ਨੇ 5 ਕਰੋੜ ਰੁਪਏ ਖਰਚ ਕਰ ਕੇ 3ਬੀ2 ਵਿਚ ਸਟੋਰੇਜ ਟੈਂਕ ਬਣਾਏ, ਵੱਖਰੀ ਪਾਈਪ ਲਾਈਨ ਪਾਉਣ 'ਤੇ 80 ਲੱਖ ਰੁਪਏ ਵੀ ਖਰਚ ਕੀਤੇ ਪਰ ਫਿਰ ਵੀ ਪਾਣੀ ਨੇ ਮਟੌਰ ਨੂੰ ਆਪਣੀ ਲਪੇਟ ਵਿਚ ਲਿਆ। ਉਨ੍ਹਾਂ ਮੰਗ ਕੀਤੀ ਕਿ ਵਿਸ਼ੇਸ਼ ਪ੍ਰਾਜੈਕਟ ਬਣਾ ਕੇ ਸਮੱਸਿਆ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਸਤਬੀਰ ਸਿੰਘ ਧਨੋਆ, ਕਮਲਜੀਤ ਸਿੰਘ ਰੂਬੀ, ਪਰਮਜੀਤ ਸਿੰਘ ਕਾਹਲੋਂ, ਬੌਬੀ ਕੰਬੋਜ, ਗੁਰਮੀਤ ਸਿੰਘ ਵਾਲੀਆ ਤੇ ਹੋਰ ਕੌਂਸਲਰਾਂ ਨੇ ਵੀ ਮੀਟਿੰਗ ਵਿਚ ਹਿੱਸਾ ਲਿਆ।
ਇਹ ਕੁਦਰਤੀ ਆਫਤ ਸੀ ਜਿਸ ਨਾਲ ਨਜਿੱਠਣਾ ਮਨੁੱਖ ਦਾ ਕੰਮ ਨਹੀਂ : ਮੇਅਰ— ਬਹਿਸ ਨੂੰ ਸਮੇਟਦੇ ਹੋਏ ਮੇਅਰ ਨੇ ਚੁੱਕੇ ਗਏ ਸਾਰੇ ਮੁੱਦਿਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਸਾਰੇ ਕੌਂਸਲਰਾਂ ਨਾਲ ਸਹਿਮਤ ਹਨ ਕਿ ਬਰਸਾਤ ਕਾਰਨ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ 17 ਸਾਲ ਤੋਂ ਇਸ ਸਮੱਸਿਆ ਦੇ ਹੱਲ ਲਈ ਕੰਮ ਕੀਤਾ ਜਾ ਰਿਹਾ ਹੈ ਪਰ ਇਹ ਇਕ ਕੁਦਰਤੀ ਆਫਤ ਸੀ ਤੇ ਕੁਦਰਤ ਨਾਲ ਕੋਈ ਵੀ ਮੱਥਾ ਨਹੀਂ ਲਾ ਸਕਦਾ।  ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬਰਸਾਤ ਹੁੰਦੀ ਰਹੀ ਹੈ ਪਰ 21 ਅਗਸਤ ਨੂੰ ਇਕ ਘੰਟੇ ਦੌਰਾਨ 80 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ। ਬਰਸਾਤੀ ਪਾਣੀ ਦੀ ਨਿਕਾਸੀ ਲਈ 20 ਐੱਮ. ਐੱਮ. ਬਾਰਿਸ਼ ਦਾ ਪਾਣੀ ਕਢਵਾਉਣ ਲਈ ਦੇਸ਼ ਭਰ ਦੇ ਸ਼ਹਿਰਾਂ ਵਿਚ ਪ੍ਰਬੰਧ ਹੁੰਦਾ ਹੈ ਪਰ ਇਸ ਬਰਸਾਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਜਿਸ ਨਾਲ ਚੰਡੀਗੜ੍ਹ ਦਾ ਪਾਣੀ ਵੀ ਮੋਹਾਲੀ ਵਿਚ ਆ ਗਿਆ। ਉਨ੍ਹਾਂ ਕਿਹਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਦੋ ਢਾਈ ਘੰਟਿਆਂ ਵਿਚ ਸਾਰਾ ਪਾਣੀ ਉਤਰ ਗਿਆ।  
ਪਾਣੀ ਖੜ੍ਹਨ ਵਾਲੀਆਂ ਪੰਜ ਥਾਵਾਂ ਦੀ ਕੀਤੀ ਪਛਾਣ, ਸੜਕਾਂ 'ਤੇ ਬਣਨਗੇ ਕਾਜ਼-ਵੇ : ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਗਮਾਡਾ, ਪਬਲਿਕ ਹੈਲਥ ਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਮੱਸਿਆ ਦੇ ਹੱਲ ਸਬੰਧੀ ਚਰਚਾ ਕੀਤੀ ਸੀ। ਉਨ੍ਹਾਂ ਕਿਹਾ ਕਿ 5 ਥਾਵਾਂ ਦੀ ਪਛਾਣ ਕੀਤੀ ਗਈ ਹੈ ਜਿਥੇ ਪਾਣੀ ਇਕੱਠਾ ਹੋ ਕੇ ਲੋਕਾਂ ਦੇ ਘਰਾਂ ਵਿਚ ਦਾਖਲ ਹੋਇਆ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਕਾਜ਼-ਵੇ ਬਣਾ ਕੇ ਪਾਣੀ ਦੀ ਨਿਕਾਸੀ ਦਾ ਰਸਤਾ ਰੱਖਿਆ ਜਾਵੇਗਾ।
ਫੇਜ਼-4/5 ਦੀ ਸੜਕ, ਸੈਕਟਰ-70, 71 ਦੀ ਸੜਕ ਤੇ ਫੇਜ਼-5 ਦੀ ਬਲੌਂਗੀ ਬਾਈਪਾਸ ਦੀ ਸੜਕ 'ਤੇ ਕਾਜ-ਵੇ ਬਣਾਏ ਜਾਣਗੇ ਤੇ ਫੇਜ਼-5 ਦੇ ਪਾਣੀ ਨੂੰ ਇਕ ਤਾਂ 90 ਇੰਚ ਦੀ ਪਾਣੀ ਦੀ ਲਾਈਨ ਤੋਂ ਕੱਢਿਆ ਜਾਵੇਗਾ ਤੇ ਦੂਜਾ ਪਟਿਆਲਾ ਦੀ ਨਦੀ ਵਿਚ ਇਸ ਪਾਣੀ ਨੂੰ ਡਿਸਚਾਰਜ ਕੀਤਾ ਜਾਵੇਗਾ।
ਇਸ ਤੋਂ ਬਾਅਦ ਅੱਜ ਦੇ ਏਜੰਡੇ 'ਤੇ ਵਿਚਾਰ ਸ਼ੁਰੂ ਹੋਇਆ ਜਿਸ ਵਿਚ ਆਵਾਰਾ ਪਸ਼ੂਆਂ ਬਾਰੇ ਜੁਰਮਾਨਾ 5 ਹਜ਼ਾਰ ਰੁਪਏ ਕਰਨੇ ਦਾ ਮਤਾ ਪਾਸ ਕੀਤਾ ਗਿਆ। ਆਵਾਰਾ ਪਸ਼ੂ ਫੜਨ ਵਾਲੇ ਸਟਾਫ ਨੂੰ ਵੀ ਮੇਅਰ ਨੇ ਤਾੜਨਾ ਕੀਤੀ ਕਿ ਉਹ ਜ਼ਿੰਮੇਵਾਰੀ ਨਾਲ ਆਵਾਰਾ ਪਸ਼ੂਆਂ ਦੀ ਸਮੱਸਿਆ 'ਤੇ ਕਾਬੂ ਪਾਉਣ। ਇਸ ਤੋਂ ਇਲਾਵਾ ਮੀਟਿੰਗ ਵਿਚ ਲਿਆਂਦੇ ਗਏ ਸਾਰੇ ਮਤੇ ਬਿਨਾਂ ਪੜ੍ਹਿਆਂ ਹੀ ਪਾਸ ਕਰ ਦਿੱਤੇ ਗਏ।
ਆਵਾਰਾ ਪਸ਼ੂਆਂ ਦੇ ਮਾਮਲੇ ਵਿਚ ਵਰਤੀ ਜਾਵੇ ਸਾਵਧਾਨੀ : ਮੇਅਰ ਨੇ ਆਵਾਰਾ ਪਸ਼ੂ ਫੜਨ ਵਾਲੀ ਟੀਮ ਦੇ ਪ੍ਰਮੁੱਖ ਕੇਸਰ ਸਿੰਘ ਨੂੰ ਮੀਟਿੰਗ ਵਿਚ ਬੁਲਾ ਕੇ ਕਿਹਾ ਕਿ ਉਹ ਅਗਲੀ ਮੀਟਿੰਗ ਤਕ ਆਪਣੀ ਰਿਪੋਰਟ ਪੇਸ਼ ਕਰਨ ਕਿ ਹੁਣ ਤਕ ਉਸ ਨੇ ਕਿੰਨੀਆਂ ਮੱਝਾਂ-ਗਾਵਾਂ ਫੜੀਆਂ ਹਨ ਤੇ ਕਿੰਨਾ ਜੁਰਮਾਨਾ ਵਸੂਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਮਟੌਰ ਤੇ ਕੁੰਭੜਾ ਵਿਚ 5-7 ਵੱਡੇ ਠੇਕੇਦਾਰ ਹਨ ਜਿਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਵਿਚ ਗਾਵਾਂ-ਮੱਝਾਂ ਰੱਖੀਆਂ ਹੋਈਆਂ ਹਨ ਜਿਸ ਇਕ ਵਿਅਕਤੀ ਦੇ ਪਸ਼ੂ ਵਾਰ-ਵਾਰ ਫੜੇ ਜਾਂਦੇ ਹਨ ਉਸ ਦਾ ਕਹਿਣਾ ਹੈ ਕਿ ਦੂਜਿਆਂ ਦੇ ਪਸ਼ੂ ਕਿਉਂ ਨਹੀਂ ਫੜੇ ਜਾਂਦੇ।
ਹਾਊਸ ਨੂੰ ਦੱਸਿਆ ਗਿਆ ਕਿ ਫੇਜ਼-4 ਵਿਚ 242 ਅਲਾਟੀਆਂ ਦੀ 308 ਰੇਹੜੀ ਸਾਈਟਾਂ ਹਨ ਜਿਨ੍ਹਾਂ ਵਿਚੋਂ 168 ਵੱਲ ਨਗਰ ਨਿਗਮ ਦਾ ਕੋਈ ਬਕਾਇਆ ਨਹੀਂ ਪਰ 74 ਅਲਾਟੀਆਂ ਵਲ ਨਿਗਮ ਦਾ ਬਕਾਇਆ ਰਹਿੰਦਾ ਹੈ, ਜਿਨ੍ਹਾਂ ਨੇ ਇਹ ਕਿਰਾਇਆ ਜਮ੍ਹਾ ਨਹੀਂ ਕਰਵਾਇਆ ਉਨ੍ਹਾਂ ਤੋਂ ਕਿਰਾਇਆ ਤੇ ਜੁਰਮਾਨਾ ਵਸੂਲਿਆ ਜਾਣਾ ਚਾਹੀਦਾ ਹੈ। ਇਸ 'ਤੇ ਗੁਰਮੁਖ ਸਿੰਘ ਸੋਹਲ ਅੜ ਗਏ ਕਿ ਰੇਹੜੀ ਵਾਲਿਆਂ ਤੋਂ ਕੋਈ ਜੁਰਮਾਨਾ ਨਾ ਵਸੂਲਿਆ ਜਾਵੇ।
ਦਿਲਚਸਪ ਗੱਲ ਇਹ ਹੈ ਰਹੀ ਕਿ ਰੇਹੜੀ ਮਾਰਕੀਟ ਦੇ ਪ੍ਰਤੀਨਿਧੀ ਵੀ ਚਲ ਰਹੀ ਮੀਟਿੰਗ ਵਿਚ ਮੌਜੂਦ ਰਹੇ ਤੇ ਕੌਂਸਲਰਾਂ ਦੇ ਨਾਲ ਵਿਚਾਰ-ਵਟਾਂਦਰਾ ਵੀ ਕਰਦੇ ਰਹੇ। ਬਾਅਦ ਵਿਚ ਪੱਤਰਕਾਰਾਂ ਨੇ ਜਦੋਂ ਮਾਰਕੀਟ ਵਾਲਿਆਂ ਦੀ ਮੌਜੂਦਗੀ ਸਬੰਧੀ ਮੇਅਰ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਭਵਿੱਖ ਵਿਚ ਕੌਂਸਲਰਾਂ, ਪੱਤਰਕਾਰਾਂ ਤੇ ਨਿਗਮ ਅਧਿਕਾਰੀਆਂ ਤੋਂ ਇਲਾਵਾ ਮੀਟਿੰਗ ਵਿਚ ਕੋਈ ਵੀ ਨਾ ਆਏ।
ਮੇਅਰ ਨੂੰ ਸੌਂਪਿਆ ਮੰਗ-ਪੱਤਰ : ਇਸੇ ਦੌਰਾਨ ਕੌਂਸਲਰ ਪਰਮਿੰਦਰ ਸਿੰਘ ਤਸਿੰਬਲੀ, ਸਤਵੀਰ ਸਿੰਘ ਧਨੋਆ, ਜਸਬੀਰ ਕੌਰ, ਛਿੰਦਰਪਾਲ ਸਿੰਘ, ਸੁਰਿੰਦਰ ਸਿੰਘ, ਰਮਨਪ੍ਰੀਤ ਕੌਰ, ਰਵਿੰਦਰ ਕੌਰ, ਪਰਮਿੰਦਰ ਸਿੰਘ ਬੈਦਵਾਣ, ਬੌਬੀ ਕੰਬੋਜ, ਰਜਨੀ ਗੋਇਲ ਅਤੇ ਹੋਰ ਕਈ ਕੌਂਸਲਰਾਂ ਨੇ ਮੇਅਰ ਨੂੰ ਇਕ ਮੰਗ ਪੱਤਰ ਸੌਂਪਿਆ ਤੇ ਮੰਗ ਕੀਤੀ ਕਿ ਗਮਾਡਾ ਵਲੋਂ ਪਾਣੀ ਦੀਆਂ ਦਰਾਂ ਵਿਚ ਕੀਤੇ ਗਏ ਵਾਧੇ ਨੂੰ ਤੁਰੰਤ ਰੱਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸੈਕਟਰ-79 ਤੋਂ 80 ਤੇ ਸੈਕਟਰ-66 ਤੋਂ 69 ਤਕ ਪਾਣੀ ਦੀ ਸਪਲਾਈ ਗਮਾਡਾ ਵਲੋਂ ਕੀਤੀ ਜਾਂਦੀ ਹੈ ਪਰ ਗਮਾਡਾ ਨੇ ਪਾਣੀ ਦੀਆਂ ਦਰਾਂ ਵਿਚ ਪੰਜ ਗੁਣਾ ਵਾਧਾ ਕਰ ਦਿੱਤਾ ਹੈ।
ਉਨ੍ਹਾਂ ਬੈਠਕ ਦੌਰਾਨ ਹੀ ਮੇਅਰ ਨੂੰ ਮੰਗ-ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਪਾਣੀ ਦੀਆਂ ਦਰਾਂ ਵਿਚ ਕੀਤੇ ਗਏ ਇਸ ਵਾਧੇ ਨੂੰ ਰੱਦ ਕਰਵਾਉਣ ਲਈ ਸਦਨ ਵਿਚ ਮਤਾ ਪਾਸ ਕਰ ਕੇ ਰਾਜ ਸਰਕਾਰ ਨੂੰ ਭੇਜਿਆ ਜਾਵੇ।


Related News