ਮੋਹਾਲੀ ਨੇ ਰਚਿਆ ਇਤਿਹਾਸ, 103.66 ਫੀਸਦੀ ਆਬਾਦੀ ਨੇ ਲਗਵਾਈ ਕੋਰੋਨਾ ਦੀ ਪਹਿਲੀ ਡੋਜ਼

Thursday, Sep 02, 2021 - 09:51 PM (IST)

ਮੋਹਾਲੀ ਨੇ ਰਚਿਆ ਇਤਿਹਾਸ, 103.66 ਫੀਸਦੀ ਆਬਾਦੀ ਨੇ ਲਗਵਾਈ ਕੋਰੋਨਾ ਦੀ ਪਹਿਲੀ ਡੋਜ਼

ਚੰਡੀਗੜ੍ਹ/ਐੱਸ. ਏ. ਐੱਸ. ਨਗਰ (ਬਿਊਰੋ)-ਜ਼ਿਲ੍ਹਾ ਮੁਹਾਲੀ ਨੇ ਅੱਜ ਆਪਣੀ ਕੁਲ ਬਾਲਗ ਆਬਾਦੀ ਤੋਂ ਵੱਧ 26 ਹਜ਼ਾਰ ਹੋਰ ਲੋਕਾਂ ਨੂੰ ਕੋਵਿਡ-19 ਰੋਕੂ ਟੀਕੇ ਦੀ ਪਹਿਲੀ ਡੋਜ਼ ਦੇ ਕੇ ਇਤਿਹਾਸ ਰਚ ਦਿੱਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ’ਚ ਸ਼ਾਮਲ ਕੀਤੇ ਜਨਸੰਖਿਆ ਵਾਧੇ ਮੁਤਾਬਕ ਐੱਸ. ਏ. ਐੱਸ. ਨਗਰ ਦੀ ਕੁਲ ਬਾਲਗ ਆਬਾਦੀ 7,46,119 ਹੈ । ਜ਼ਿਲ੍ਹੇ ਨੇ ਮੰਗਲਵਾਰ ਨੂੰ ਇੰਨੀ ਗਿਣਤੀ ਦੇ ਲੋਕਾਂ ਦਾ ਟੀਕਾਕਰਨ ਪੂਰਾ ਕੀਤਾ ਅਤੇ 2 ਸਤੰਬਰ ਤੱਕ ਸਫਲਤਾਪੂਰਵਕ 7,73,442 ਲੋਕਾਂ ਨੂੰ ਕੋਵਿਡ-19 ਰੋਕੂ ਟੀਕੇ ਦੀ ਪਹਿਲੀ ਡੋਜ਼ ਦਿੱਤੀ, ਜਿਸ ਨਾਲ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਫੀਸਦੀ 103.66 ਹੋ ਗਈ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਮਗਰੋਂ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਦੇ ਵਿਗੜੇ ਬੋਲ, ਕਿਹਾ-ਅਸੀਂ ਸਾਰੇ ਪੰਜ ਪਿਆਰੇ

ਇਸ ਟੀਕਾਕਰਨ ’ਚ ਉਹ ਡਾਟਾ ਸ਼ਾਮਲ ਹੈ, ਜੋ ਕੋਵਿਨ ਅਤੇ ਕੋਵਾ ਐਪ ’ਤੇ ਅਪਲੋਡ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਵੱਲੋਂ ਡਾਟਾ ਨੂੰ ਮਾਈਗ੍ਰੇਟ ਕਰਨ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ ਅਤੇ ਕੋਵਾ ਐਪ ਤੋਂ ਕੋਵਿਨ ’ਚ ਪੂਰਾ ਡਾਟਾ ਮਾਈਗ੍ਰੇਟ ਹੋ ਜਾਣ ਤੋਂ ਬਾਅਦ ਇਹ ਅੰਕੜੇ ਕੋਵਿਨ ਨੂੰ ਵਰਤਣ ਵਾਲੇ ਕਿਸੇ ਵੀ ਵਿਅਕਤੀ ਲਈ ਉਪਲੱਬਧ ਹੋ ਜਾਣਗੇ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਨੇ ਇੱਕ ਤਰ੍ਹਾਂ ਦਾ ਰਿਕਾਰਡ ਬਣਾਇਆ ਹੈ ਕਿਉਂ ਜੋ ਇਹ ਸੂਬੇ ਦਾ ਪਹਿਲਾ ਜ਼ਿਲ੍ਹਾ ਹੈ, ਜਿਸ ਨੇ ਕੁਲ ਆਬਾਦੀ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਕੀਤਾ ਹੈ ਅਤੇ ਉਨ੍ਹਾਂ ਨੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਇਹ ਕਾਰਨਾਮਾ ਸੰਭਵ ਕੀਤਾ। ਸਿਹਤ ਮੰਤਰੀ ਨੇ ਕਿਹਾ, “ਉਨ੍ਹਾਂ ਸਾਰੇ ਲੋਕਾਂ ਨੂੰ ਵਧਾਈ ਜਿਨ੍ਹਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਇਆ।’’ ਉਨ੍ਹਾਂ ਕਿਹਾ ਕਿ ਇੰਦੌਰ ਤੋਂ ਬਾਅਦ ਪੂਰੇ ਦੇਸ਼ ’ਚ ਅਜਿਹਾ ਮਾਣ ਹਾਸਲ ਕਰਨ ਵਾਲਾ ਮੋਹਾਲੀ ਦੂਜਾ ਸ਼ਹਿਰ ਹੈ।

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ, ‘‘ਸਾਨੂੰ ਮਾਣ ਹੈ ਕਿ ਅਸੀਂ ਜ਼ਿਲ੍ਹੇ ਦੀ ਬਹੁ-ਗਿਣਤੀ ਆਬਾਦੀ ਅਤੇ ਟ੍ਰਾਈਸਿਟੀ ਨਾਲ ਸਬੰਧਤ ਲੋਕਾਂ ਦਾ ਟੀਕਾਕਰਨ ਕੀਤਾ । ਕੋਵਿਡ ਵਿਰੁੱਧ ਸਫਲ ਲੜਾਈ ਦਾ ਟੀਚਾ ਸਰ ਕਰਦਿਆਂ ਅਸੀਂ ਉਨ੍ਹਾਂ ਸਾਰੇ ਯੋਗ ਵਿਅਕਤੀਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ, ਜੋ ਸਾਡੇ ਟੀਕਾਕਰਨ ਕੇਂਦਰਾਂ ’ਤੇ ਪਹੁੰਚੇ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਲਈ ਅਸੀਂ ਕੋਵਿਡ ਦੀ ਦੂਜੀ ਡੋਜ਼ ਦਾ ਟੀਕਾਕਰਨ ਵੀ ਇਸੇ ਉਤਸ਼ਾਹ ਨਾਲ ਅਮਲ ’ਚ ਲਿਆਵਾਂਗੇ।


author

Manoj

Content Editor

Related News