ਮੋਹਾਲੀ ''ਚ 5 ਹੋਰ ਮਰੀਜ਼ਾਂ ਨੇ ''ਕੋਰੋਨਾ ਵਾਇਰਸ'' ਨੂੰ ਹਰਾਇਆ

Monday, Apr 27, 2020 - 09:47 PM (IST)

ਮੋਹਾਲੀ ''ਚ 5 ਹੋਰ ਮਰੀਜ਼ਾਂ ਨੇ ''ਕੋਰੋਨਾ ਵਾਇਰਸ'' ਨੂੰ ਹਰਾਇਆ

ਮੋਹਾਲੀ,(ਪਰਦੀਪ) : ਜ਼ਿਲ੍ਹਾ ਮੋਹਾਲੀ ਦੇ 'ਕੋਰੋਨਾ ਵਾਇਰਸ' ਤੋਂ ਪੀੜਤ 5 ਹੋਰ ਮਰੀਜ਼ ਸੋਮਵਾਰ ਨੂੰ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ। ਜ਼ਿਲੇ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 27 ਹੋ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਠੀਕ ਹੋਣ ਵਾਲੇ ਮਰੀਜ਼ਾਂ 'ਚੋਂ ਦੋ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ ਜਦਕਿ ਦੋ ਮੋਹਾਲੀ ਸ਼ਹਿਰ ਤੇ ਇਕ ਮੁੰਡੀ ਖਰੜ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਵਿਚ ਬਣਾਏ ਗਏ 'ਕੋਵਿਡ ਕੇਅਰ ਸੈਂਟਰ' 'ਚੋਂ ਸੋਮਵਾਰ ਨੂੰ ਛੁੱਟੀ ਦੇ ਦਿਤੀ ਗਈ ਹੈ। ਜ਼ਿਲੇ 'ਚ ਹੁਣ ਤਕ ਪੀੜਤਾਂ ਦੀ ਕੁੱਲ ਗਿਣਤੀ 63 ਹੈ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 34 ਰਹਿ ਗਈ ਹੈ। ਜ਼ਿਲੇ 'ਚ 22 ਅਪ੍ਰੈਲ ਮਗਰੋਂ ਲਾਗ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਡਾ. ਮਨਜੀਤ ਸਿੰਘ ਮੁਤਾਬਕ ਪਿੰਡ ਜਵਾਹਰਪੁਰ ਨਾਲ ਸਬੰਧਤ ਕੁੱਲ 15 ਮਰੀਜ਼ ਅੱਜ ਤਕ ਠੀਕ ਹੋ ਚੁੱਕੇ ਹਨ। ਸੋਮਵਾਰ ਨੂੰ ਠੀਕ ਹੋਣ ਵਾਲੇ ਮਰੀਜ਼ਾਂ 'ਚ ਏਕਮਵੀਰ ਕੌਰ (ਉਮਰ 11 ਸਾਲ), ਜਗਦੀਸ਼ ਕੌਰ (76), ਹਰਜਿੰਦਰ ਸਿੰਘ (26), ਸੁਰਜੀਤ ਕੌਰ (53) ਅਤੇ ਰਾਜਿੰਦਰ ਪਾਲ ਸ਼ਰਮਾ (73) ਸ਼ਾਮਲ ਹਨ। ਜਵਾਹਰਪੁਰ ਨਾਲ ਸਬੰਧਤ ਪੰਜ ਮਰੀਜ਼ 21 ਅਪ੍ਰੈਲ ਅਤੇ 8 ਮਰੀਜ਼ 26 ਅਪ੍ਰੈਲ ਨੂੰ ਠੀਕ ਹੋ ਗਏ ਸਨ, ਜਿਹੜੇ ਇਸ ਵੇਲੇ 'ਇਕਾਂਤਵਾਸ ਕੇਂਦਰ' 'ਚ ਰਹਿ ਰਹੇ ਹਨ।

ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਠੀਕ ਹੋਣ ਵਾਲੇ 5 ਮਰੀਜ਼ਾਂ 'ਚੋਂ ਜਵਾਹਰਪੁਰ ਨਾਲ ਸਬੰਧਤ ਦੋ ਮਰੀਜ਼ਾਂ ਸੁਰਜੀਤ ਕੌਰ ਅਤੇ ਹਰਜਿੰਦਰ ਸਿੰਘ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਸੈਕਟਰ 70 ਵਿਚ ਬਣਾਏ ਗਏ ਜ਼ਿਲਾ ਪੱਧਰੀ 'ਇਕਾਂਤਵਾਸ ਕੇਂਦਰ' 'ਚ ਰੱਖਿਆ ਜਾਵੇਗਾ, ਜਦਕਿ ਬਾਕੀ ਤਿੰਨਾਂ ਨੂੰ ਘਰ ਭੇਜ ਦਿਤਾ ਗਿਆ ਹੈ, ਜਿਥੇ ਉਨ੍ਹਾਂ ਨੂੰ 14 ਦਿਨਾਂ ਲਈ ਅਲੱਗ ਰਹਿਣ ਲਈ ਆਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਘਰ ਭੇਜੇ ਗਏ ਮਰੀਜ਼ਾਂ ਦੀ ਸਿਹਤ ਦਾ ਲਗਾਤਾਰ ਮੁਆਇਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਕੀ ਸਾਰੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਸ ਮੌਕੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ।


author

Deepak Kumar

Content Editor

Related News