ਮੋਹਾਲੀ ਏਅਰਪੋਰਟ ਰੋਡ ਬਣਾਉਣ ਵਿਚ ਕਰੋੜਾਂ ਦਾ ਘਪਲਾ
Tuesday, Oct 03, 2017 - 09:45 AM (IST)
ਮੋਹਾਲੀ (ਰਾਣਾ) : ਏਅਰਪੋਰਟ ਰੋਡ, ਜਿਸ ਨੂੰ ਬਣਾਉਣ ਵਿਚ ਕਰੋੜਾਂ ਰੁਪਏ ਖਰਚ ਕੀਤੇ ਗਏ, ਹੁਣ ਇਸ ਰੋਡ ਉੱਤੇ 100 ਤੋਂ ਵੀ ਜ਼ਿਆਦਾ ਖੱਡੇ ਪੈ ਚੁੱਕੇ ਹਨ, ਜਿਸ ਦੀ ਜਾਂਚ ਵਿਜੀਲੈਂਸ ਚੀਫ ਵੀ. ਕੇ. ਉੱਪਲ ਦੀ ਨਿਗਰਾਨੀ ਵਿਚ ਕੀਤੀ ਜਾ ਰਹੀ ਹੈ । ਜਾਂਚ ਦੌਰਾਨ ਵਿਜੀਲੈਂਸ ਨੂੰ ਅਜੇ ਤਕ ਕਾਫ਼ੀ ਸਬੂਤ ਮਿਲ ਚੁੱਕੇ ਹਨ । ਏਅਰਪੋਰਟ ਰੋਡ ਜਿਸ-ਜਿਸ ਅਧਿਕਾਰੀ ਦੀ ਨਿਗਰਾਨੀ ਵਿਚ ਬਣੀ ਸੀ, ਉਹ ਵੀ ਵਿਜੀਲੈਂਸ ਦੀ ਜਾਂਚ ਤੋਂ ਕਾਫ਼ੀ ਘਬਰਾਏ ਹੋਏ ਨਜ਼ਰ ਆ ਰਹੇ ਹਨ । ਅਜੇ ਤਕ ਇਸ ਰੋਡ 'ਤੇ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਦੀ ਜਾਂਚ ਵਿਚ ਹੁਣ ਕਈ ਅਧਿਕਾਰੀ ਵੀ ਲਪੇਟੇ ਵਿਚ ਆਉਣ ਵਾਲੇ ਹਨ । ਉਥੇ ਹੀ ਸੈਂਟਰਲ ਰੋਡ ਰਿਸਰਚ ਇੰਸਟੀਚਿਊਟ (ਸੀ. ਆਰ. ਆਰ. ਆਈ.) ਦੀ ਰਿਪੋਰਟ ਆਉਣ ਤੋਂ ਬਾਅਦ ਅਫਸਰਾਂ ਅਤੇ ਠੇਕੇਦਾਰਾਂ ਉੱਤੇ ਕਾਰਵਾਈ ਹੋਣੀ ਤੈਅ ਹੈ ।
ਵੀ. ਕੇ. ਉੱਪਲ ਨੇ ਖੁਦ ਪੁਟਾਈ ਸੀ ਸੜਕ
ਏਅਰਪੋਰਟ ਰੋਡ ਬਣਾਉਣ ਵਿਚ ਕਾਫ਼ੀ ਘਪਲਾ ਹੋਇਆ ਹੈ। ਇਸ ਦੀ ਸ਼ਿਕਾਇਤ ਵਿਜੀਲੈਂਸ ਤਕ ਪੁੱਜਣ ਤੋਂ ਬਾਅਦ ਹੀ 2 ਹਫਤੇ ਪਹਿਲਾਂ ਏਅਰਪੋਰਟ ਰੋਡ ਉੱਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਵੀ. ਕੇ. ਉੱਪਲ ਨੇ ਲੋਕ ਉਸਾਰੀ ਭਵਨ, ਗਮਾਡਾ, ਵਿਜੀਲੈਂਸ ਦੀ ਤਕਨੀਕੀ ਟੀਮ ਅਤੇ ਕੇਂਦਰੀ ਸੜਕ ਖੋਜ ਸੰਸਥਾ (ਸੀ. ਆਰ. ਆਰ. ਆਈ.) ਦੇ ਸੀਨੀਅਰ ਅਧਿਕਾਰੀਆਂ ਨਾਲ ਮੁਆਇਨਾ ਕੀਤਾ, ਜਿਸ ਦੌਰਾਨ ਸੜਕ ਦੀ ਸੈਂਪਲਿੰਗ ਲਈ ਜੇ. ਸੀ. ਬੀ. ਮਸ਼ੀਨਾਂ ਰਾਹੀਂ ਸੜਕ ਉੱਤੇ ਦੋ ਸਥਾਨਾਂ 'ਤੇ ਖੁਦਾਈ ਕੀਤੀ ਅਤੇ ਇਕ ਜਗ੍ਹਾ ਉੱਤੇ ਨਮੂਨਾ ਮਸ਼ੀਨ ਦੀ ਮਦਦ ਨਾਲ ਵਿਸ਼ੇਸ਼ ਜਾਂਚ ਕੀਤੀ ਗਈ।
ਇਸ ਵਿਸ਼ੇਸ਼ ਮੁਆਇਨੇ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਸੜਕ ਨੂੰ ਮੌਜੂਦਾ ਜ਼ਮੀਨ ਅਤੇ ਭਾਰੀ ਆਵਾਜਾਈ ਮੁਤਾਬਿਕ ਡਿਜ਼ਾਈਨ ਨਹੀਂ ਕੀਤਾ ਗਿਆ, ਘਟੀਆ ਉਸਾਰੀ ਸਮੱਗਰੀ ਵਰਤਣ ਤੋਂ ਇਲਾਵਾ ਡੀ. ਪੀ. ਆਰ. ਦੇ ਨਾਲ-ਨਾਲ ਠੇਕੇ ਵਿਚ ਦਰਜ ਗੁਣਵੱਤਾ ਦੀ ਅਣਦੇਖੀ ਪਾਈ ਗਈ ।
ਸੀ. ਆਰ. ਆਰ. ਆਈ. ਦੀ ਰਿਪੋਰਟ ਆਉਣ 'ਤੇ ਹੋਵੇਗੀ ਅਫਸਰਾਂ ਅਤੇ ਠੇਕੇਦਾਰਾਂ ਉੱਤੇ ਕਾਰਵਾਈ
ਵਿਜੀਲੈਂਸ ਮੁਤਾਬਿਕ ਗਮਾਡਾ ਨੂੰ ਸੀ. ਆਰ. ਆਰ. ਆਈ. ਪਹਿਲਾਂ ਹੀ ਇਸ ਸੜਕ ਦੇ ਨਮੂਨਿਆਂ ਬਾਰੇ ਰਿਪੋਰਟ ਦਿੱਤੀ ਜਾ ਚੁੱਕੀ ਹੈ । ਜਾਂਚ ਰਿਪੋਰਟ ਦੀ ਮੁੜ ਪੁਸ਼ਟੀ ਲਈ ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ, ਲੋਕ ਉਸਾਰੀ ਇੰਜੀਨੀਅਰਾਂ, ਗਮਾਡਾ ਅਤੇ ਸੀ. ਆਰ. ਆਰ. ਆਈ. ਦੇ ਮਾਹਿਰਾਂ ਨੂੰ ਇਸ ਮੰਦੀ ਹਾਲਤ ਵਾਲੀ ਸੜਕ ਦੇ ਹੋਰ ਨਮੂਨੇ ਲੈਣ ਲਈ ਕਿਹਾ ਹੈ, ਤਾਂ ਕਿ ਵਿਜੀਲੈਂਸ ਵਲੋਂ ਪੂਰੀ ਸਮੀਖਿਆ ਕੀਤੀ ਜਾ ਸਕੇ । ਉਥੇ ਹੀ ਵਿਜੀਲੈਂਸ ਪ੍ਰਮੁੱਖ ਨੇ ਕਿਹਾ ਕਿ ਸੀ. ਆਰ. ਆਰ. ਆਈ. ਦੀ ਅੰਤਿਮ ਰਿਪੋਰਟ ਦੇ ਆਧਾਰ 'ਤੇ ਇਸ ਸੜਕ ਦੇ ਘਟੀਆ ਨਿਰਮਾਣ ਲਈ ਦੋਸ਼ੀ ਪਾਏ ਗਏ ਅਫਸਰਾਂ ਅਤੇ ਠੇਕੇਦਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ । ਵਿਜੀਲੈਂਸ ਵਲੋਂ ਏਅਰਪੋਰਟ ਰੋਡ ਦੀ ਜਾਂਚ ਸੈਂਪਲਿੰਗ ਲੈਣ ਤੋਂ ਬਾਅਦ ਸੀ. ਆਰ. ਆਰ. ਆਈ. ਦਿੱਲੀ ਅਤੇ ਪੀ. ਡਬਲਿਊ. ਡੀ. ਬੀ. ਐਂਡ ਆਰ. ਦੇ ਟੈਕਨੀਕਲ ਸਟਾਫ, ਇੰਜੀਨੀਅਰਾਂ ਅਤੇ ਸਾਇੰਟਿਸਟਾਂ ਨੇ ਵੀ ਏਅਰਪੋਰਟ ਰੋਡ ਉੱਤੇ ਪਹੁੰਚ ਕੇ ਕਾਫ਼ੀ ਸੈਂਪਲ ਲਏ । ਪੂਰੀ ਰੋਡ ਤੋਂ ਵੱਖ-ਵੱਖ ਕਈ ਥਾਵਾਂ ਤੋਂ ਸੈਂਪਲ ਲਏ ਗਏ, ਜੋ ਸੈਂਪਲ ਲਏ ਗਏ ਉਸ ਦੀ ਡਿਟੇਲ ਪ੍ਰੋਜੈਕਟ ਰਿਪੋਰਟ ਅਨੁਸਾਰ ਤਿਆਰ ਰੋਡ ਡਿਜ਼ਾਈਨ ਤੋਂ 15 ਫੀਸਦੀ ਤਕ ਘੱਟ ਮਟੀਰੀਅਲ ਪਾਇਆ ਗਿਆ।
ਹੁਣ ਗਮਾਡਾ ਰੋਡ ਨੂੰ ਠੀਕ ਕਰਵਾਉਣ ਵਿਚ ਲੱਗੇ
ਸੀ. ਆਰ. ਆਰ. ਆਈ. ਦੀ ਰਿਪੋਰਟ ਆਉਣ 'ਤੇ ਜਿਨ੍ਹਾਂ ਅਫਸਰਾਂ ਅਤੇ ਠੇਕੇਦਾਰਾਂ ਉੱਤੇ ਕਾਰਵਾਈ ਹੋਣੀ ਤੈਅ ਹੈ, ਉਸ ਤੋਂ ਪਹਿਲਾਂ ਹੁਣ ਗਮਾਡਾ ਦਾ ਸੀ. ਆਰ. ਆਰ. ਆਈ. ਦੀ ਟੀਮ ਵਲੋਂ ਜਾਂਚ ਕਰਵਾਉਣ ਦਾ ਇਰਾਦਾ ਸਾਫ਼ ਹੋ ਚੁੱਕਿਆ ਹੈ । ਗਮਾਡਾ ਚਾਹੁੰਦਾ ਹੈ ਕਿ ਏਅਰਪੋਰਟ ਰੋਡ ਨੂੰ ਕਿਵੇਂ ਠੀਕ ਕੀਤਾ ਜਾਵੇ, ਗਮਾਡਾ ਹੁਣ ਸੀ. ਆਰ. ਆਰ. ਆਈ. ਦੇ ਸਾਇੰਟਿਸਟਾਂ ਰਾਹੀਂ ਏਅਰਪੋਰਟ ਰੋਡ ਨੂੰ ਠੀਕ ਕਰਨ ਵਿਚ ਲੱਗਾ ਹੋਇਆ ਹੈ ।
