ਸਾਲ 2004 ਤੋਂ ਬਾਅਦ ਰੀ-ਅਪੀਅਰ ਵਾਲਿਆਂ ਲਈ ਵੱਡੀ ਖਬਰ

Friday, Aug 23, 2019 - 09:50 AM (IST)

ਸਾਲ 2004 ਤੋਂ ਬਾਅਦ ਰੀ-ਅਪੀਅਰ ਵਾਲਿਆਂ ਲਈ ਵੱਡੀ ਖਬਰ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ (ਸਮੇਤ ਓਪਨ ਸਕੂਲ) ਦੇ ਮਾਰਚ 2004 ਅਤੇ ਉਸ ਤੋਂ ਬਾਅਦ ਪ੍ਰੀਖਿਆ ਦੇਣ ਵਾਲੇ ਅਜਿਹੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ ਲਈ ਇਕ ਸੁਨਹਿਰਾ ਮੌਕਾ ਦਿੱਤਾ ਹੈ, ਜਿਨ੍ਹਾਂ ਦਾ ਨਤੀਜਾ ਰੀ-ਅਪੀਅਰ ਜਾਂ ਕੰਪਾਰਟਮੈਂਟ ਸੀ ਅਤੇ ਉਹ ਮਿਲੇ ਮੌਕਿਆਂ ਵਿਚ ਪ੍ਰੀਖਿਆ ਪਾਸ ਨਹੀਂ ਕਰ ਸਕੇ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਆਈ. ਏ. ਐੱਸ. ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਅਤੇ ਸਿੱਖਿਆ ਬੋਰਡ ਦੀ ਗੋਲਡਨ ਜੁਬਲੀ ਦੇ ਸ਼ੁਭ ਮੌਕੇ 'ਤੇ ਬੋਰਡ ਵਲੋਂ 10ਵੀਂ ਅਤੇ 12ਵੀਂ ਜਮਾਤ (ਸਮੇਤ ਓਪਨ ਸਕੂਲ) ਵਿਚ ਮਾਰਚ 2004 ਅਤੇ ਉਸ ਤੋਂ ਬਾਅਦ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਨੂੰ ਇਹ ਸੁਨਹਿਰੀ ਮੌਕਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪ੍ਰੀਖਿਆਰਥੀ ਪ੍ਰੀਖਿਆ ਪਾਸ ਕਰਨ ਉਪਰੰਤ ਆਪਣੀ ਕਾਰਗੁਜ਼ਾਰੀ ਵਿਚ ਵਾਧਾ ਕਰਨਾ ਚਾਹੁੰਦੇ ਹਨ, ਉਹ ਵੀ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਸੁਨਹਿਰੀ ਮੌਕੇ ਦੀ ਪ੍ਰੀਖਿਆ ਸਤੰਬਰ ਵਿਚ ਹੋਵੇਗੀ। ਇਸ ਪ੍ਰੀਖਿਆ ਲਈ ਸਿਲੇਬਸ ਸਾਲ 2018-19 ਵਾਲਾ ਹੋਵੇਗਾ। ਇਸ ਪ੍ਰੀਖਿਆ ਲਈ 15000 ਰੁਪਏ ਉੱਕਾ ਪੁੱਕਾ ਪ੍ਰੀਖਿਆ ਫ਼ੀਸ ਨਿਰਧਾਰਿਤ ਕੀਤੀ ਗਈ ਹੈ। ਪ੍ਰੀਖਿਆਰਥੀ 30 ਅਗਸਤ ਤਕ ਆਨਲਾਈਨ ਫ਼ਾਰਮ ਭਰ ਕੇ ਚਲਾਨ ਜਨਰੇਟ ਕਰਵਾ ਸਕਦੇ ਹਨ। ਚਲਾਨ ਜਨਰੇਟ ਕਰਵਾਉਣ ਉਪਰੰਤ 4 ਸਤੰਬਰ ਤਕ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀਆਂ ਸ਼ਾਖਾਵਾਂ ਰਾਹੀਂ ਪ੍ਰੀਖਿਆ ਫ਼ੀਸ ਜਮ੍ਹਾ ਕਰਵਾਉਣ ਉਪਰੰਤ 9 ਸਤੰਬਰ ਤਕ ਆਪਣੇ ਜ਼ਿਲੇ ਦੇ ਖ਼ੇਤਰੀ ਦਫ਼ਤਰਾਂ ਵਿਚ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣਾ ਲਾਜ਼ਮੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਵੀ ਵੇਖੀ ਜਾ ਸਕਦੀ ਹੈ।


author

cherry

Content Editor

Related News