ਮੋਹਾਲੀ ਦੇ ਇਸ ਪਿੰਡ ''ਚ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੀਟਿਵ, ਡੇਢ ਦਰਜਨ ਪਰਿਵਾਰ ਹੋਏ ਕੁਆਰੰਟਾਈਨ

04/04/2020 1:01:02 AM

ਲਾਲੜੂ,(ਗੁਰਪ੍ਰੀਤ) : ਲਾਲੜੂ ਖੇਤਰ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦ ਲਾਲੜੂ ਨਗਰ ਕੌਂਸਲ ਦੇ ਵਾਰਡ ਨੰ. 8 ਅਧੀਨ ਆਉਂਦੇ ਪਿੰਡ ਆਲਮਗੀਰ ਵਿਖੇ ਮਸਜਿਦ 'ਚ ਜਮਾਤ ਲਾਉਣ ਆਏ ਮੁਸਲਿਮ ਬਰਾਦਰੀ ਦੇ 15 ਲੋਕਾਂ 'ਚੋਂ ਇਕ ਵਿਅਕਤੀ ਕੋਰੋਨਾ ਵਾਇਰਸ ਦਾ ਪਾਜ਼ੇਟਿਵ ਪਾਇਆ ਗਿਆ। ਤੁਰੰਤ ਹਰਕਤ 'ਚ ਆਏ ਸਿਹਤ ਵਿਭਾਗ ਅਤੇ ਪੁਲਸ ਦੀਆਂ ਟੀਮਾਂ ਨੇ ਪਿੰਡ 'ਚ ਪਹੁੰਚ ਕੇ ਪੂਰੇ ਪਿੰਡ ਨੂੰ ਸੀਲ ਕਰ ਕੇ ਲਗਭਗ 20 ਪਰਿਵਾਰਾਂ ਨੂੰ ਘਰਾਂ 'ਚ ਕੁਆਰੰਟਾਈਨ ਕਰ ਕੇ ਮਸਜਿਦ ਨੂੰ ਬੰਦ ਕਰ ਦਿੱਤਾ ਹੈ। ਪੂਰੇ ਪਿੰਡ ਦੇ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ।
ਸੀ. ਐੱਚ. ਸੀ. ਲਾਲੜੂ ਦੇ ਐੱਸ. ਐੱਮ. ਓ. ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਅੰਬਾਲਾ ਦੇ ਸਿਵਲ ਸਰਜਨ ਨੇ ਫੋਨ 'ਤੇ ਉਨ੍ਹਾਂ ਨੂੰ ਦੱਸਿਆ ਕਿ ਅੰਬਾਲਾ ਦਾ ਇਕ ਵਿਅਕਤੀ ਹਸਪਤਾਲ 'ਚ ਦਵਾਈ ਲੈਣ ਲਈ ਆਇਆ ਸੀ, ਜਿਸ ਦੀ ਜਾਂਚ ਕਰਨ ਉਪਰੰਤ ਉਸ ਵਿਚ ਕੋਰੋਨਾ ਦੇ ਲੱਛਣ ਵਿਖੇ ਅਤੇ ਰਿਪੋਰਟ ਪਾਜ਼ੇਟਿਵ ਆਈ। ਜਿਸ ਨੂੰ ਤੁੰਰਤ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ, ਜਿਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।।

ਪੜਤਾਲ ਦੌਰਾਨ ਪਤਾ ਲੱਗਾ ਕਿ ਪੀੜਤ ਲਾਲੜੂ ਨੇੜੇ ਪੈਂਦੇ ਪਿੰਡ ਆਲਮਗੀਰ ਵਿਖੇ 15 ਮੈਂਬਰਾਂ ਨਾਲ ਜਮਾਤ ਲਾਉਣ ਲਈ ਗਿਆ ਸੀ ਅਤੇ ਇਕ ਰਾਤ ਮਸਜਿਦ 'ਚ ਵਿਚ ਗੁਜ਼ਾਰੀ ਸੀ।। ਐੱਸ. ਐੱਮ. ਓ. ਲਾਲੜੂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਿਹਤ ਵਿਭਾਗ ਅਤੇ ਪੁਲਸ ਨੇ ਪਿੰਡ ਆਲਮਗੀਰ 'ਚ ਪਹੁੰਚ ਕੇ ਪੀੜਤ ਦੇ ਸੰਪਰਕ 'ਚ ਆਉਣ ਵਾਲੇ ਪਰਿਵਾਰਾਂ ਨੂੰ 15 ਦਿਨਾਂ ਲਈ ਹੋਮ ਕੁਆਰੰਟਾਈਨ ਕਰ ਦਿੱਤਾ ਹੈ ਅਤੇ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਬਾਹਰ ਜਾਣ 'ਤੇ ਮਨਾਹੀ ਕੀਤੀ ਹੈ। ਮਸਜਿਦ ਦੇ ਮੌਲਵੀ ਨੂੰ ਜਮਾਤ ਲਾਉਣ ਆਏ ਵਿਅਕਤੀਆਂ ਦੀ ਲਿਸਟ ਦੇਣ ਲਈ ਕਿਹਾ ਹੈ। ਪਿੰਡ ਆਲਮਗੀਰ ਦੇ ਨੰਬਰਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਮੁਸਲਮਾਨ 21 ਤਰੀਕ ਨੂੰ ਪਿੰਡ ਆਲਮਗੀਰ 'ਚ ਜਮਾਤ ਲਾਉਣ ਲਈ ਆਏ ਅਤੇ 23 ਤਰੀਕ ਨੂੰ ਵਾਪਸ ਚਲੇ ਗਏ। ਥਾਣਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ 'ਚ ਮੁਸਲਿਮ ਬਰਾਦਰੀ ਦੇ ਲਗਭਗ 60-70 ਪਰਿਵਾਰ ਰਹਿੰਦੇ ਹਨ, ਜਿਨ੍ਹਾਂ 'ਚੋਂ 18-20 ਪਰਿਵਾਰਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ, ਜਿਸ ਦੀ ਜ਼ਿੰਮੇਵਾਰੀ ਪਿੰਡ ਦੇ ਨੰਬਰਦਾਰ ਜਸਵੰਤ ਸਿੰਘ, ਕੌਂਸਲਰ ਰਘੁਵੀਰ ਜੁਨੇਜਾ ਨੂੰ ਸੌਂਪੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਪਿੰਡ 'ਚੋਂ ਦੋ ਵਿਅਕਤੀ ਜਮਾਤ ਲਈ ਗੁਜਰਾਤ ਵੀ ਗਏ ਹੋਏ ਹਨ। ਜ਼ਿਕਰਯੋਗ ਹੈ ਇਕ ਅਪ੍ਰੈਲ ਨੂੰ ਦੁਰਗਾ ਦੇਵੀ ਮੰਦਰ ਲਾਲੜੂ ਮੰਡੀ ਨੇੜੇ ਰਹਿਣ ਵਾਲੀ ਇਕ ਮਹਿਲਾ ਨੂੰ ਹੋਮ ਕੁਆਰੰਟਾਈਨ ਕਰ ਕੇ ਇਲਾਕਾ ਸੀਲ ਕੀਤਾ ਗਿਆ ਸੀ, ਜਿਸ ਦੇ ਸੈਂਪਲ ਭੇਜੇ ਗਏ ਹਨ ਅਤੇ ਸ਼ਨੀਵਾਰ ਰਿਪੋਰਟ ਆਵੇਗੀ।


Deepak Kumar

Content Editor

Related News