ਮੋਹਾਲੀ : ਲਾਲੜੂ ''ਚ ਤੇਲ ਦੇ ਟੈਂਕਰ ''ਚ ਧਮਾਕਾ, 3 ਦੀ ਮੌਤ

Saturday, Nov 14, 2020 - 01:01 AM (IST)

ਮੋਹਾਲੀ : ਲਾਲੜੂ ''ਚ ਤੇਲ ਦੇ ਟੈਂਕਰ ''ਚ ਧਮਾਕਾ, 3 ਦੀ ਮੌਤ

ਲਾਲੜੂ,(ਗੁਰਪ੍ਰੀਤ)-ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਪਿੰਡ ਸਰਸੀਣੀ 'ਚ ਪੈਂਦੇ ਇਕ ਰਾਮਾ ਪੰਜਾਬੀ ਨਾਂ ਦੇ ਢਾਬੇ 'ਤੇ ਪੈਟਰੋਲ ਦੇ ਭਰੇ ਟੈਂਕਰ 'ਚੋਂ ਟੁਲੂ ਪੰਪ ਨਾਲ ਤੇਲ ਕੱਢਦੇ ਸਮੇ ਇਕ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਮੌਕੇ 'ਤੇ ਮੌਜੂਦ 3 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਢਾਈ ਵਜੇ ਦੇ ਲਗਭਗ ਵਾਪਰਿਆ। ਸੂਚਨਾ ਮਿਲਦਿਆਂ ਹੀ ਐੱਸ. ਐੱਸ. ਪੀ. ਮੌਕੇ 'ਤੇ ਪੁੱਜੇ। ਪੁਲਸ ਨੇ ਢਾਬਾ ਮਾਲਕ, ਟੈਂਕਰ ਚਾਲਕ ਖਿਲਾਫ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਆਪਣੇ ਆਪ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸਣ ਵਾਲੇ ਪਾਖੰਡੀ ਮਲਕੀਤ 'ਤੇ ਵੱਡੀ ਕਾਰਵਾਈ

ਇਕ ਚਸ਼ਮਦੀਦ ਕਾਦਿਰ ਨੇ ਦੱਸਿਆ ਕਿ ਰਾਮਾ ਪੰਜਾਬੀ ਢਾਬੇ 'ਤੇ 2.30 ਵਜੇ ਦੇ ਕਰੀਬ ਇਕ ਤੇਲ ਦੇ ਟੈਂਕਰ ਚੋਂ ਤੇਲ ਕੱਢਦੇ ਸਮੇਂ ਅੱਗ ਲੱਗ ਗਈ, ਇਸ ਦੌਰਾਨ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਤੇਲ ਵਾਲੇ ਟੈਂਕਰ ਤੋਂ ਟੁਲੂ ਪੰਪ ਰਾਹੀਂ ਢਾਬੇ ਦੀ ਬੇਸਮੈਂਟ 'ਚ ਰੱਖੇ ਡਰੰਮਾਂ ਅੰਦਰ ਤੇਲ ਭਰਨ ਸਮੇਂ ਸਪਾਰਕਿੰਗ ਹੋ ਜਾਣ ਕਾਰਨ ਬਲਾਸਟ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦੀਵਾਰਾਂ 'ਚ ਤਰੇੜਾਂ ਪੈ ਗਈਆਂ ਅਤੇ 4 ਵਿਅਕਤੀ ਬੇਸਮੈਂਟ 'ਚ ਹੀ ਫਸ ਗਏ, ਜਿਨ੍ਹਾਂ ਵਿੱਚੋਂ 3 ਦੀ ਸੜ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖਤ ਜਸਵਿੰਦਰ ਸਿੰਘ ਜੱਸੀ (35) ਪੁੱਤਰ ਕਰਨੈਲ ਸਿੰਘ ਵਾਸੀ ਜੌਲਾ ਕਲਾਂ, ਬਬਲੂ (30) ਵਾਸੀ ਤੋਫਾਂਪੁਰ, ਬਿਕਰਮ (20) ਵਾਸੀ ਯਮੁਨਾਨਗਰ ਹਰਿਆਣਾ ਵਜੋਂ ਹੋਈ ਹੈ। ਇਕ ਵਿਅਕਤੀ ਸੰਦੀਪ ਕੁਮਾਰ ਪੁੱਤਰ ਭਾਗ ਸਿੰਘ ਵਾਸੀ ਜੌਲਾ ਕਲਾਂ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਇਲਾਜ਼ ਲਈ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਦੀ ਪੁਲਸ ਲਾਈਨ 'ਚ ਫੈਲੀ ਸਨਸਨੀ, ਪੁਲਸ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ

ਪੁਲਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਡੇਰਾਬਸੀ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਇਸ ਦੌਰਾਨ ਬੇਸਮੈਂਟ ਵਿਚ ਫਸੇ ਵਿਅਕਤੀਆਂ ਨੂੰ ਕੱਢਦੇ ਸਮੇਂ ਫਾਈਰ ਸਟੇਸ਼ਨ ਅਫਸਰ ਡੇਰਾਬਸੀ ਪਰਦੀਪ ਕੁਮਾਰ ਰਾਣਾ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਡੇਰਾਬਸੀ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਆਪਣੇ ਹੱਥਾਂ ਨਾਲ 2 ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਮੌਕੇ ਫਾਇਰ ਮੁਲਾਜ਼ਮ ਗਗਨਦੀਪ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਬੇਸਮੇਂਟ ਵਿੱਚ ਸੀ। ਐੱਸ. ਐੱਸ. ਪੀ. ਮੋਹਾਲੀ ਸਤਿੰਦਰ ਸਿੰਘ ਨੇ ਦੱਸਿਆ ਕਿ ਢਾਬੇ ਦੇ ਮਾਲਕ ਤੇ ਫਰਾਰ ਟੈਂਕਰ ਚਾਲਕ ਖਿਲਾਫ ਧਾਰਾ 304 ਸਮੇਤ ਗੈਰ-ਕਾਨੂੰਨੀ ਤੌਰ 'ਤੇ ਜਲਣਸ਼ੀਲ ਪਦਾਰਥ ਰੱਖਣ ਦੇ ਜੁਰਮ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਹੋਰ ਟੈਂਕਰ ਚਾਲਕ ਜਿਹੜੇ ਇਸ ਢਾਬੇ 'ਤੇ ਡੀਜ਼ਲ-ਪੈਟਰੋਲ ਵੇਚਦੇ ਸਨ, ਦੀ ਵੀ ਭਾਲ ਕੀਤੀ ਜਾ ਰਹੀ ਹੈ। ਜਾਂਚ ਲਈ ਏ. ਡੀ. ਸੀ. ਮੋਹਾਲੀ ਆਸਿਕਾ ਜੈਨ ਤੇ ਐੱਸ. ਡੀ. ਐੱਮ. ਡੇਰਾਬਸੀ ਕੁਲਦੀਪ ਬਾਵਾ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ, ਜੋ ਮੁੱਖ ਮਾਰਗ 'ਤੇ ਸਥਿਤ ਸਾਰੇ ਢਾਬਿਆਂ ਦੀ ਜਾਂਚ ਕਰੇਗੀ ਤੇ ਗੈਰ-ਕਾਨੂੰਨੀ ਕੰਮ ਕਰਨ ਵਾਲੇ ਢਾਬਿਆਂ ਖਿਲਾਫ ਸਖਤ ਕਾਰਵਾਈ ਕਰਕੇ ਢਾਬੇ ਸੀਲ ਕੀਤੇ ਜਾਣਗੇ। ਹਾਦਸੇ ਵਾਲੇ ਢਾਬੇ ਨੂੰ ਵੀ ਸੀਲ ਕਰਵਾ ਦਿੱਤਾ ਗਿਆ ਹੈ। ਫੋਰੈਂਸਿਕ ਮਾਹਿਰਾਂ ਦੀ ਇਕ ਟੀਮ ਮੌਕੇ 'ਤੇ ਪਹੁੰਚ ਰਹੀ ਹੈ, ਜੋ ਫਿੰਗਰ ਪ੍ਰਿੰਟ ਲੈ ਕੇ ਆਪਣੀ ਰਿਪੋਰਟ ਦੇਵੇਗੀ। ਇਸ ਮੌਕੇ ਐੱਸ. ਪੀ. (ਦਿਹਾਤੀ) ਰਵਜੋਤ ਕੌਰ ਗਰੇਵਾਲ, ਡੀ. ਐੱਸ. ਪੀ. ਡੇਰਾਬੱਸੀ ਗੁਰਬਖਸੀਸ਼ ਸਿੰਘ, ਐੱਸ. ਐੱਚ. ਓ. ਲਾਲੜੂ ਯੋਗੇਸ਼ ਕੁਮਾਰ, ਨਾਇਬ ਤਹਿਸੀਲਦਾਰ ਜਸਵੀਰ ਕੌਰ ਵੀ ਮੌਜੂਦ ਸਨ।


author

Deepak Kumar

Content Editor

Related News