ਮੋਹਾਲੀ ਦੇ 3 ਹੋਰ ਮਰੀਜ਼ਾਂ ਨੇ ''ਕੋਰੋਨਾ'' ਵਿਰੁੱਧ ਜਿੱਤੀ ਜੰਗ

Tuesday, Apr 28, 2020 - 06:09 PM (IST)

ਮੋਹਾਲੀ,(ਰਾਣਾ) : ਜ਼ਿਲਾ ਮੋਹਾਲੀ ਦੇ 'ਕੋਰੋਨਾ ਵਾਇਰਸ' ਤੋਂ ਪੀੜਤ ਤਿੰਨ ਹੋਰ ਮਰੀਜ਼ ਮੰਗਲਵਾਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ। ਜ਼ਿਲੇ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ ਹੁਣ 30 ਹੋ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਠੀਕ ਹੋਏ ਤਿੰਨ ਮਰੀਜ਼ਾਂ ਵਿਚ ਪਿੰਡ ਜਵਾਹਰਪੁਰ ਦੇ ਮਲਕੀਤ ਸਿੰਘ ਤੇ ਅਮਨਪ੍ਰੀਤ ਕੌਰ ਅਤੇ ਮੋਹਾਲੀ ਦੇ ਸੈਕਟਰ 68 ਦਾ ਅਬਦੁਲ ਅਜ਼ੀਜ਼ ਸ਼ਾਮਲ ਹਨ। ਮਲਕੀਤ ਸਿੰਘ (43) ਪਿੰਡ ਜਵਾਹਰਪੁਰ ਜਿਥੇ ਜ਼ਿਲੇ ਵਿਚ ਸਭ ਤੋਂ ਵੱਧ ਕੇਸ ਸਾਹਮਣੇ ਆਏ ਸਨ, 'ਚ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਵਾਲਾ ਪਹਿਲਾ ਮਰੀਜ਼ ਸੀ। ਬਾਅਦ ਵਿਚ ਇਸ ਪਿੰਡ 'ਚੋਂ ਹੋਰ ਕਈ ਮਾਮਲੇ ਸਾਹਮਣੇ ਆਏ ਸਨ। ਠੀਕ ਹੋਣ ਵਾਲੇ ਬਾਕੀ ਦੋ ਮਰੀਜ਼ 17 ਸਾਲਾਂ ਅਮਨਪ੍ਰੀਤ ਅਤੇ 28 ਸਾਲਾਂ ਅਬਦੁਲ ਹਨ। ਅਮਨਪ੍ਰੀਤ ਕੌਰ ਮਲਕੀਤ ਸਿੰਘ ਦੀ ਬੇਟੀ ਹੈ। ਮਲਕੀਤ ਸਿੰਘ ਦਾ ਪੀ. ਜੀ. ਆਈ, ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ, ਜਦਕਿ ਬਾਕੀ ਦੋਵੇਂ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ 'ਚ ਬਣਾਏ ਗਏ 'ਕੋਵਿਡ ਕੇਅਰ ਸੈਂਟਰ' 'ਚ ਦਾਖ਼ਲ ਸਨ। ਇਕੱਲੇ ਜਵਾਹਰਪੁਰ ਨਾਲ ਸਬੰਧਤ
ਕੁੱਲ 17 ਮਰੀਜ਼ ਅੱਜ ਤਕ ਠੀਕ ਹੋ ਚੁੱਕੇ ਹਨ। ਮਲਕੀਤ ਸਿੰਘ ਅਤੇ ਅਮਨਪ੍ਰੀਤ ਕੌਰ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਸੈਕਟਰ 70 'ਚ ਬਣਾਏ ਗਏ ਜ਼ਿਲ੍ਹਾ ਪੱਧਰੀ 'ਇਕਾਂਤਵਾਸ ਕੇਂਦਰ' 'ਚ ਰੱਖਿਆ ਜਾਵੇਗਾ, ਜਦਕਿ ਅਜ਼ੀਜ਼ ਨੂੰ ਘਰ ਭੇਜ ਦਿਤਾ ਗਿਆ ਹੈ, ਜਿਥੇ ਉਸ ਨੂੰ 14 ਦਿਨਾਂ ਲਈ ਅਲੱਗ ਰਹਿਣ ਲਈ ਆਖਿਆ ਗਿਆ ਹੈ। ਸਿਹਤ ਟੀਮ ਉਸ ਦੀ ਸਿਹਤ ਦਾ ਲਗਾਤਾਰ ਮੁਆਇਨਾ ਕਰੇਗੀ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਬਾਕੀ ਸਾਰੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਸ ਮੌਕੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ।

ਇਸੇ ਦੌਰਾਨ ਜ਼ਿਲਾ ਸਿਹਤ ਵਿਭਾਗ ਦੀਆਂ ਸੈਂਪਲਿੰਗ ਟੀਮਾਂ ਨੇ ਮੰਗਲਵਾਰ ਨੂੰ ਕੁੱਲ 88 ਸੈਂਪਲ ਲਏ, ਇਨ੍ਹਾਂ 'ਚੋਂ 36 ਸੈਂਪਲ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਲਏ ਗਏ ਹਨ, ਜਿਨ੍ਹਾਂ 'ਚ ਬੱਸ ਦਾ ਡਰਾਇਵਰ ਤੇ ਕੰਡਕਟਰ ਵੀ ਸ਼ਾਮਲ ਹਨ, ਜਦਕਿ ਦੋ ਸੈਂਪਲ ਕੋਟਾ ਤੋਂ ਵਾਪਸ ਲਿਆਂਦੇ ਗਏ ਵਿਦਿਆਰਥੀਆਂ ਦੇ ਹਨ। ਇਨ੍ਹਾਂ ਸਾਰਿਆਂ ਨੂੰ ਜਿਲਾ ਪ੍ਰਸ਼ਾਸਨ ਨੇ ਵਾਪਸ ਲਿਆਂਦਾ ਹੈ। ਇਸ ਤੋਂ ਇਲਾਵਾ ਪਿੰਡ ਜਵਾਹਰਪੁਰ ਵਿਚ ਮੰਗਲਵਾਰ ਨੂੰ ਸਾਹਮਣੇ ਆਏ ਪਾਜ਼ੇਟਿਵ ਵਿਅਕਤੀ ਦੇ 25 ਕਰੀਬੀਆਂ ਦੇ ਸੈਂਪਲ ਲਏ ਗਏ ਹਨ। 20 ਸੈਂਪਲ ਜ਼ਿਲਾ ਹਸਪਤਾਲ 'ਚ ਜਾਂਚ ਕਰਵਾਉਣ ਆਏ ਮਰੀਜ਼ਾਂ ਦੇ ਲਏ ਗਏ ਹਨ, ਜਦਕਿ 5 ਸੈਂਪਲ ਖਰੜ ਦੇ ਹਸਪਤਾਲ ਵਿਚ ਲਏ ਗਏ। ਇਹ ਮਰੀਜ਼ ਹਸਪਤਾਲ ਵਿਚ ਬਣਾਏ ਗਏ ਫ਼ਲੂ ਕਾਰਨਰ ਵਿਚ ਖੰਘ, ਜ਼ੁਕਾਮ ਆਦਿ ਤਕਲੀਫ਼ਾਂ ਦੀ ਜਾਂਚ ਕਰਾਉਣ ਲਈ ਆਏ ਸਨ। ਜਿਨ੍ਹਾਂ ਦੇ ਸੈਂਪਲ ਅਹਿਤਿਆਤ ਵਜੋਂ ਲਏ ਗਏ ਹਨ।  


Deepak Kumar

Content Editor

Related News