ਧੱਲੇਕੇ 'ਚ ਰੇਹੜੀ-ਫੜ੍ਹੀ ਵਾਲਿਆਂ ਤੋਂ 'ਗੁੰਡਾ ਟੈਕਸ' ਵਸੂਲਣ 'ਤੇ ਪਿਆ 'ਰੱਫੜ', ਚੱਲੀ ਗੋਲੀ
Friday, Aug 16, 2019 - 02:58 PM (IST)

ਮੋਗਾ (ਗੋਪੀ ਰਾਊਕੇ,ਆਜ਼ਾਦ)—ਪਿੰਡ ਧੱਲੇਕੇ 'ਚ ਰੇਹੜੀ-ਫੜ੍ਹੀ ਵਾਲਿਆਂ ਤੋਂ ਕਥਿਤ ਤੌਰ 'ਤੇ ਇਕ ਕਾਂਗਰਸੀ ਆਗੂ ਵੱਲੋਂ ਜਬਰੀ 'ਗੁੰਡਾ ਟੈਕਸ' ਵਸੂਲਣ ਦੇ ਮਾਮਲੇ 'ਤੇ ਅੱਜ ਤੜਕਸਾਰ ਉਦੋਂ 'ਰੱਫੜ' ਪੈ ਗਿਆ, ਜਦੋਂ ਪਿੰਡ ਦੀ ਪੰਚਾਇਤ ਰੇਹੜੀ-ਫੜ੍ਹੀ ਵਾਲਿਆਂ ਦੀ ਹਮਾਇਤ 'ਚ ਉਤਰ ਆਈ। ਇਸ ਦੌਰਾਨ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ ਅਤੇ ਪਿੰਡ ਦੀ ਪੰਚਾਇਤ 'ਚ 'ਤੂੰ-ਤੂੰ ਮੈਂ-ਮੈਂ' ਸ਼ੁਰੂ ਹੋ ਗਈ, ਜੋ ਦੇਖਦੇ ਹੀ ਦੇਖਦੇ ਲੜਾਈ-ਝਗੜੇ ਤੱਕ ਪਹੁੰਚ ਗਈ। ਇਸੇ ਦੌਰਾਨ ਕਾਂਗਰਸੀ ਆਗੂ ਠਾਣਾ ਨੇ ਗੋਲੀ ਚਲਾ ਦਿੱਤੀ, ਜਦਕਿ ਠਾਣਾ ਸਿੰਘ ਜੌਹਲ ਦਾ ਦੋਸ਼ ਹੈ ਕਿ ਉਸ ਦੀ ਪਿੰਡ ਦੀ ਪੰਚਾਇਤ ਨੇ ਕੁੱਟ-ਮਾਰ ਕੀਤੀ।
ਪਿੰਡ ਦੇ ਸਰਪੰਚ ਹਰਦੇਵ ਸਿੰਘ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੋਸ਼ ਲਾਇਆ ਕਿ ਠਾਣਾ ਸਿੰਘ ਜੌਹਲ, ਜੋ ਆਪਣੇ ਆਪ ਨੂੰ ਕਾਂਗਰਸੀ ਲੀਡਰ ਦੱਸਦਾ ਹੈ, ਉਹ ਪਿਛਲੇ ਕਈ ਦਿਨਾਂ ਤੋਂ ਪਿੰਡ 'ਚ ਸਾਮਾਨ ਵੇਚਣ ਆਉਂਦੇ ਰੇਹੜੀ-ਫੜ੍ਹੀ ਵਾਲਿਆਂ ਤੋਂ ਕਥਿਤ ਤੌਰ 'ਤੇ ਜਬਰੀ 100 ਰੁਪਏ ਦੇ ਹਿਸਾਬ ਨਾਲ ਪਰਚੀ ਕੱਟਕੇ ਨਾਜਾਇਜ਼ ਵਸੂਲੀ ਕਰਦਾ ਸੀ, ਜਿਸ ਦਾ ਪਿੰਡ ਵਾਸੀ ਵਿਰੋਧ ਕਰਦੇ ਸਨ। ਪੰਚਾਇਤ ਮੈਂਬਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ ਠਾਣਾ ਸਿੰਘ ਜੌਹਲ ਨੇ ਪਿੰਡ 'ਚ ਕੁਰਸੀਆਂ ਵੇਚਣ ਆਏ ਇਕ ਵਿਅਕਤੀ ਨੂੰ ਰੋਕ ਕੇ ਉਸ ਦੀ 100 ਰੁਪਏ ਦੀ ਪਰਚੀ ਕੱਟ ਦਿੱਤੀ ਅਤੇ ਉਸ ਨੇ ਬਾਅਦ 'ਚ ਇਕ ਰੇਹੜੀ ਵਾਲੇ ਦੀ ਵੀ ਪਰਚੀ ਕੱਟ ਦਿੱਤੀ ਤਾਂ ਇਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਅਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਲੋਕਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਦੇਖਦੇ ਹੀ ਦੇਖਦੇ ਉਸ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਦੋ ਹਵਾਈ ਫਾਇਰ ਕਰ ਦਿੱਤੇ, ਜਿਸ ਕਾਰਣ ਪਿੰਡ ਦੇ ਲੋਕ ਭੜਕ ਗਏ ਤਾਂ ਲੋਕਾਂ ਨੇ ਇਕੱਠੇ ਹੋ ਕੇ ਉਸ ਦੀ ਕੁੱਟ-ਮਾਰ ਕੀਤੀ, ਜਿਸ ਕਾਰਣ ਉਹ ਜ਼ਖ਼ਮੀ ਹੋ ਗਿਆ ਅਤੇ ਇਲਾਜ ਵਾਸਤੇ ਸਿਵਲ ਹਸਪਤਾਲ ਦਾਖਲ ਹੋ ਗਿਆ। ਜ਼ੇ
ਰੇ ਇਲਾਜ ਠਾਣਾ ਸਿੰਘ ਜੌਹਲ ਨੇ ਦੱਸਿਆ ਕਿ ਪਿੰਡ 'ਚ ਰੇਹੜੀਆਂ, ਗੱਡੀਆਂ 'ਤੇ ਸਪੀਕਰ ਲਾ ਕੇ ਸਬਜ਼ੀਆਂ ਅਤੇ ਹੋਰ ਸਾਮਾਨ ਵੇਚਣ ਲਈ ਆਉਣ ਵਾਲੇ ਲੋਕਾਂ ਦੀ ਉਹ 100 ਰੁਪਏ ਪ੍ਰਤੀ ਵ੍ਹੀਕਲ ਦੀ ਪਰਚੀ ਕੱਟਦਾ ਸੀ, ਜੋ ਪੈਸੇ ਇਕੱਠੇ ਹੁੰਦੇ ਸਨ ਉਹ ਪਿੰਡ 'ਚ ਬਣੇ ਸ਼ਹੀਦੀ ਅਸਥਾਨ ਜੌਹਲ ਜਠੇਰਿਆਂ ਦੀ ਜਗ੍ਹਾ 'ਤੇ ਖਰਚਾ ਕਰ ਦਿੰਦਾ ਸੀ ਪਰ ਪਿੰਡ ਦੇ ਲੋਕ ਅਤੇ ਪੰਚਾਇਤ ਮੈਂਬਰ ਇਸ ਦਾ ਵਿਰੋਧ ਕਰਦੇ ਸਨ। ਅੱਜ ਉਹ ਪਿੰਡ 'ਚ ਸਾਮਾਨ ਵੇਚਣ ਵਾਲੇ ਲੋਕਾਂ ਦੀਆਂ ਪਰਚੀਆਂ ਕੱਟ ਰਿਹਾ ਸੀ ਤਾਂ ਇਸ ਦੌਰਾਨ ਪਿੰਡ ਦੇ ਕੁੱਝ ਵਿਅਕਤੀ ਉਸ ਨਾਲ ਕੁੱਟ-ਮਾਰ ਕਰਨ ਲੱਗੇ, ਜਿਸ ਕਾਰਣ ਉਹ ਜ਼ਖ਼ਮੀ ਹੋ ਗਿਆ। ਉਸ ਨੇ ਆਪਣੇ ਬਚਾਅ ਵਾਸਤੇ ਪਿਸਤੌਲ ਨਾਲ ਹਵਾਈ ਫਾਇਰ ਕੀਤੇ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਦਰ ਦੇ ਮੁੱਖ ਅਫਸਰ ਇੰਸਪੈਕਟਰ ਮੁਖਤਿਆਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਪਿੰਡ ਵਾਸੀਆਂ ਤੋਂ ਘਟਨਾ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਅਤੇ ਠਾਣਾ ਸਿੰਘ ਜੌਹਲ ਦੇ ਘਰ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਪਿੰਡ ਦੇ ਮੌਜੂਦਾ ਸਰਪੰਚ ਹਰਦੇਵ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਉਕਤ ਠਾਣਾ ਸਿੰਘ ਜੌਹਲ ਖਿਲਾਫ ਥਾਣਾ ਸਦਰ ਮੋਗਾ 'ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।