ਮੋਗਾ ''ਚ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 6 ਗ੍ਰਿਫ਼ਤਾਰ

08/07/2020 11:08:57 AM

ਮੋਗਾ (ਆਜ਼ਾਦ) : ਨਸ਼ੇ ਵਾਲੇ ਪਦਾਰਥਾਂ, ਨਕਲੀ ਸ਼ਰਾਬ ਬਣਾਉਣ ਅਤੇ ਵਿਕਰੀ ਕਰਨ ਵਾਲਿਆਂ ਖਿਲਾਫ਼ ਮੋਗਾ ਪੁਲਸ ਵੱਲੋਂ ਚਲਾਈ ਮੁਹਿੰਮ ਤਹਿਤ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਕੋਟ ਈਸੇ ਖਾਂ ਅਧੀਨ ਪੈਂਦੀ ਪੁਲਸ ਚੌਂਕੀ ਦੋਲੇਵਾਲਾ ਦੇ ਇੰਚਾਰਜ ਮੁਖਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਅਤੇ ਸਹਾਇਕ ਥਾਣੇਦਾਰ ਮੇਜਰ ਸਿੰਘ ਇਲਾਕੇ 'ਚ ਗਸ਼ਤ ਕਰਦੇ ਹੋਏ ਦੋਲੇਵਾਲਾ ਕੋਲ ਜਾ ਰਹੇ ਸੀ ਤਾਂ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਸਵਰਣ ਸਿੰਘ ਉਰਫ ਰਾਜੂ ਵਾਸੀ ਪਿੰਡ ਦੋਲੇਵਾਲਾ ਨੂੰ ਰੋਕਿਆ ਅਤੇ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਸ਼ੀ ਖਿਲਾਫ਼ ਥਾਣਾ ਕੋਟ ਈਸੇ ਖਾਂ 'ਚ ਮਾਮਲਾ ਦਰਜ ਕਰਨ ਦੇ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਸ ਨੂੰ 10 ਅਗਸਤ ਤੱਕ ਰਿਮਾਂਡ ਦਿੱਤਾ ਗਿਆ।
ਇਸ ਤਰ੍ਹਾਂ ਥਾਣਾ ਸਦਰ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਬੂਟਾ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਪਿੰਡ ਘੱਲ ਕਲਾਂ-ਰੱਤੀਆਂ ਕੋਲ ਜਾ ਰਹੇ ਸੀ ਤਾਂ ਪੁਲਸ ਪਾਰਟੀ ਨੇ ਇਕ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਲੈਣ ’ਤੇ 4 ਪੇਟੀਆਂ ਸ਼ਰਾਬ ਠੇਕਾ ਬਰਾਮਦ ਕਰਨ ਦੇ ਇਲਾਵਾ ਕਾਰ ਸਵਾਰ ਦਲਜੀਤ ਸਿੰਘ ਉਰਫ਼ ਸਿਕੰਦਰ ਵਾਸੀ ਮੋਗਾ ਵੀਰਪਾਲ ਸਿੰਘ ਉਰਫ਼ ਪਾਲਾ ਵਾਸੀ ਪਿੰਡ ਗਿੱਲ ਹਾਲ ਅਬਾਦ ਕੋਟਕਪੂਰਾ ਬਾਈਪਾਸ ਮੋਗਾ ਨੂੰ ਹਿਰਾਸਤ 'ਚ ਲੈ ਲਿਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਕਤ ਦੋਹਾਂ ਦਾ 9 ਅਗਸਤ ਤੱਕ ਦਾ ਰਿਮਾਂਡ ਦਿੱਤਾ ਹੈ।
ਇਸੇ ਤਰ੍ਹਾਂ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਨੇ ਦੱਸਿਆ ਜਦ ਉਹ ਪੁਲਸ ਪਾਰਟੀ ਸਮੇਤ ਐੱਮ. ਪੀ. ਬਸਤੀ ਲੰਢੇਕੇ 'ਚ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਨਰਿੰਦਰ ਸਿੰਘ ਉਰਫ਼ ਨਹਿਰੀ ਵਾਸੀ ਪਿੰਡ ਲੰਡੇਕੇ ਨੂੰ ਕਾਬੂ ਕਰ ਕੇ 13 ਬੋਤਲਾਂ ਸ਼ਰਾਬ ਠੇਕਾ ਬਰਾਮਦ ਕੀਤੀ। ਇਸ ਤਰ੍ਹਾਂ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਸਾਧਾਂਵਾਲੀ ਬਸਤੀ ਮੋਗਾ ਕੋਲ ਰਮਨਦੀਪ ਕੌਰ ਉਰਫ਼ ਨਾਨੀ ਵਾਸੀ ਵਿਸ਼ਵਕਰਮਾ ਨਗਰ ਮੋਗਾ ਨੂੰ ਕਾਬੂ ਕਰ ਕੇ 8 ਬੋਤਲਾਂ ਸ਼ਰਾਬ ਠੇਕਾ ਬਰਾਮਦ ਕੀਤੀ ਗਈ, ਜਦੋਂ ਕਿ ਹੌਲਦਾਰ ਜਸਵੰਤ ਸਿੰਘ ਨੇ ਇਕ ਮਹਿਲਾ ਜੱਟੀ ਵਾਸੀ ਸਾਧਾਂਵਾਲੀ ਬਸਤੀ ਨੂੰ ਕਾਬੂ ਕਰ ਕੇ 7 ਬੋਤਲਾਂ ਸ਼ਰਾਬ ਠੇਕਾ ਬਰਾਮਦ ਕੀਤੀਆਂ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।


Babita

Content Editor

Related News