ਹਥਿਆਰਬੰਦ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦਿਆਂ ''ਤੇ ਚਲਾਈ ਗੋਲੀ, ਨਕਦੀ ਤੇ ਮੋਬਾਇਲ ਖੋਹਿਆ

12/18/2021 10:19:59 AM

ਮੋਗਾ (ਆਜ਼ਾਦ) : ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਨੱਥੋਕੇ ਵਿਚ ਸਥਿਤ ਜਗਦੰਬੇ ਕਿਸਾਨ ਸੇਵਾ ਪੈਟਰੋਲ ਪੰਪ ’ਤੇ ਤਿੰਨ ਅਣਪਛਾਤੇ ਮੋਟਰ ਸਾਈਕਲ ਸਵਾਰ ਲੁਟੇਰਿਆਂ ਵੱਲੋਂ ਪੰਪ ’ਤੇ ਕੰਮ ਕਰਨ ਵਾਲੇ ਦੋ ਕਰਿੰਦਿਆਂ ’ਤੇ ਗੋਲੀ ਚਲਾ ਕੇ 16 ਹਜ਼ਾਰ ਰੁਪਏ ਨਕਦ ਅਤੇ ਮੋਬਾਇਲ ਫੋਨ ਆਦਿ ਖੋਹ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੈਰ ਦੀ ਉਂਗਲੀ ਵਿਚ ਗੋਲੀ ਲੱਗਣ ਨਾਲ ਅੰਕਿਤ ਕੁਮਾਰ ਨਿਵਾਸੀ ਪਿੰਡ ਸਮਾਧ ਭਾਈ ਮਾਮੂਲੀ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਬਾਘਾ ਪੁਰਾਣਾ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ, ਸਹਾਇਕ ਥਾਣੇਦਾਰ ਕੁਲਵੰਤ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਉੱਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਕੇ ਨਿਰੀਖਣ ਕਰਨ ਦੇ ਬਾਅਦ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਚੈੱਕ ਕੀਤਾ।

ਪੁਲਸ ਸੂਤਰਾਂ ਅਨੁਸਾਰ ਅੰਕਿਤ ਕੁਮਾਰ ਨੇ ਕਿਹਾ ਕਿ ਜਦ ਉਹ ਆਪਣੇ ਸਾਥੀ ਦੀਪੇਸ਼ ਕੁਮਾਰ ਨਾਲ ਪੈਟਰੋਲ ਪੰਪ ’ਤੇ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਤਿੰਨ ਅਣਪਛਾਤੇ ਲੜਕੇ ਆਏ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਆਉਂਦਿਆਂ ਹੀ ਪਿਸਤੌਲ ਦੀ ਨੋਕ ’ਤੇ ਮੇਰੇ ਤੋਂ ਨਕਦੀ ਖੋਹਣ ਦਾ ਯਤਨ ਕੀਤਾ, ਜਿਸ ’ਤੇ ਮੈਂ ਵਿਰੋਧ ਕੀਤਾ ਤਾਂ ਇਕ ਲੜਕੇ ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ, ਜੋ ਮੇਰੇ ਪੈਰ ਦੀ ਉਂਗਲੀ ’ਤੇ ਲੱਗੀ। ਇਸ ਦੌਰਾਨ ਉਸ ਨੇ ਇਕ ਹੋਰ ਗੋਲੀ ਚਲਾ ਦਿੱਤੀ ਅਤੇ ਮੇਰੇ ਤੋਂ 10 ਹਜ਼ਾਰ ਰੁਪਏ ਨਕਦ ਅਤੇ ਮੇਰੇ ਸਾਥੀ ਦੀਪੇਸ਼ ਕੁਮਾਰ ਤੋਂ 6 ਹਜ਼ਾਰ ਰੁਪਏ ਨਕਦ ਦੇ ਇਲਾਵਾ ਇਕ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ, ਜਿਸ ’ਤੇ ਅਸੀਂ ਰੌਲਾ ਪਾਇਆ ਪਰ ਲੁਟੇਰੇ ਭੱਜਣ ਵਿਚ ਸਫ਼ਲ ਹੋ ਗਏ।

ਅਸੀਂ ਪੈਟਰੋਲ ਪੰਪ ਦੇ ਸੰਚਾਲਕਾਂ ਦੇ ਇਲਾਵਾ ਪੁਲਸ ਨੂੰ ਸੂਚਿਤ ਕੀਤਾ, ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਤਿੰਨ ਕਥਿਤ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਦੇ ਇਲਾਵਾ ਪੁਲਸ ਨੂੰ ਸੂਚਿਤ ਕੀਤਾ। ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਤਿੰਨ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਖ਼ਿਲਾਫ਼ ਥਾਣਾ ਬਾਘਾ ਪੁਰਾਣਾ ਵਿਚ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲ ਰਹੀ ਹੈ, ਜਲਦੀ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।
 


Babita

Content Editor

Related News