ਕੁਝ ਦਿਨ ਪਹਿਲਾਂ ਮਿਲੀ ਖੁਸ਼ੀ ਮਾਤਮ 'ਚ ਬਦਲੀ, ਨਵ-ਜੰਮੇ ਬੱਚੇ ਦੀ ਹੋਈ ਮੌਤ

Sunday, Apr 26, 2020 - 06:14 PM (IST)

ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ): ਜ਼ਿਲੇ ਦੇ ਪਿੰਡ ਖੁਖਰਾਣਾ ਨਿਵਾਸੀ ਜਗਸੀਰ ਸਿੰਘ ਪੁੱਤਰ ਮੋਹਨ ਸਿੰਘ ਦੇ ਨਵ-ਜਨਮੇ ਬੱਚੇ ਦੀ ਲੁਧਿਆਣਾ ਦੇ ਅਪੋਲੋ ਹਸਪਤਾਲ 'ਚ ਮੌਤ ਹੋ ਗਈ। ਬੱਚੇ ਦੇ ਮਾਪਿਆਂ ਨੇ ਮੋਗਾ ਦੇ ਹੀ ਆਰਾ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ 'ਚ ਕੁੱਝ ਦਿਨ ਪਹਿਲਾਂ ਸਰਜਰੀ ਕਰਵਾਈ ਸੀ। ਪਰਿਵਾਰ ਵਾਲਿਆਂ ਨੇ ਥਾਣਾ ਮੁਖੀ ਕਰਮਜੀਤ ਸਿੰਘ ਗਰੇਵਾਲ ਨੂੰ ਇਸ ਮਾਮਲੇ 'ਚ ਉਕਤ ਹਸਪਤਾਲ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ, ਜਿਸ 'ਤੇ ਪੁਲਸ ਵੱਲੋਂ ਸਬੰਧਤ ਹਸਪਤਾਲ ਸੰਚਾਲਕਾਂ ਤੋਂ ਮਾਮਲੇ ਦੀ ਜਾਣਕਾਰੀ ਲਈ ਸੰਪਰਕ ਕਰਨ ਉਪਰੰਤ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਲਾਸ਼ ਘਰ 'ਚ ਪੋਸਟਮਾਰਟਮ ਲਈ ਪਹੁੰਚਾਇਆ। ਆਰੰਭਕ ਜਾਂਚ ਦੇ ਬਾਅਦ ਪੁਲਸ ਨੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੋਰਡ ਪੈਨਲ ਦਾ ਗਠਨ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸ੍ਰੀ ਹਜੂਰ ਸਾਹਿਬ ਤੋਂ ਸੰਗਤਾਂ ਦਾ ਪਹਿਲਾ ਜੱਥਾ ਪਰਤਿਆ ਪੰਜਾਬ

ਤਿੰਨ ਡਾਕਟਰਾਂ ਦੇ ਬੋਰਡ ਪੈਨਲ ਨੇ ਕੀਤਾ ਬੱਚੇ ਦਾ ਪੋਸਟਮਾਰਟਮ
ਐੱਸ. ਐੱਚ. ਓ. ਦੇ ਨਿਰਦੇਸ਼ਾਂ 'ਤੇ ਇਸ ਬੱਚੇ ਦਾ ਪੋਸਟਮਾਰਟਮ ਐਮਰਜੈਂਸੀ ਮੈਡੀਕਲ ਅਫਸਰ ਡਾ. ਮਨਪ੍ਰੀਤ, ਬੱਚਿਆਂ ਦੇ ਮਾਹਿਰ ਡਾ. ਦਲਬੀਰ ਗਾਬਾ, ਮਹਿਲਾ ਰੋਗ ਵਿਸ਼ੇਸ਼ ਮਾਹਿਰ ਡਾ. ਨਿਹਾਰਿਕਾ ਨੇ ਬੱਚੇ ਦਾ ਪੋਸਟਮਾਰਟਮ ਕਰਨ ਉਪਰੰਤ ਉਸਦੇ ਸਰੀਰ 'ਚੋਂ ਵਿਸਰੇ ਲੈ ਕੇ ਸਰਕਾਰੀ ਲੈਬ 'ਚ ਭੇਜੇ ਹਨ। ਡਾਕਟਰਾਂ ਨੇ ਕਿਹਾ ਕਿ ਅਜੇ ਉਹ ਇਸ ਸਬੰਧੀ ਕੁੱਝ ਪੁਸ਼ਟੀ ਨਹੀਂ ਕਰ ਸਕਦੇ। ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੀ ਬੱਚੇ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਏਅਰ ਕੰਡੀਸ਼ਨਰਾਂ ਦੀ ਵਰਤੋਂ ਕਰਨ ਸਬੰਧੀ ਜਾਰੀ ਕੀਤੀ ਇਹ ਐਡਵਾਇਜ਼ਰੀ

ਇਹ ਹੈ ਮਾਮਲਾ
ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਪੀੜ੍ਹਤ ਪਰਿਵਾਰ ਦੇ ਜਗਸੀਰ ਸਿੰਘ, ਉਸਦੀ ਪਤਨੀ ਪਰਮਜੀਤ ਕੌਰ ਨਿਵਾਸੀ ਪਿੰਡ ਖੁਖਰਾਣਾ (ਮੋਗਾ) ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪਹਿਲਾਂ ਬੱਚਾ ਸੀ। ਉਸਦੀ ਪਤਨੀ ਦੇ ਗਰਭਵਤੀ ਹੋਣ ਦੇ ਪਹਿਲੇ ਦਿਨ ਹੀ ਸਬੰਧਤ ਹਸਪਤਾਲ 'ਚ ਉਨ੍ਹਾਂ ਦੀ ਪਤਨੀ ਦੀ ਨਿਰੰਤਰ ਦੇਖਭਾਲ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ 14 ਅਪ੍ਰੈਲ ਨੂੰ ਉਨ੍ਹਾਂ ਵੱਲੋਂ ਪੀੜਾ ਦੇ ਚੱਲਦੇ ਪਰਮਜੀਤ ਕੌਰ ਨੂੰ ਇਸ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਸੀ ਅਤੇ 15 ਅਪ੍ਰੈਲ ਨੂੰ ਉਸ ਦੀ ਪਤਨੀ ਨੇ ਸਰਜਰੀ ਨਾਲ ਬੇਟੇ ਨੂੰ ਜਨਮ ਦਿੱਤਾ ਸੀ। ਘਰ ਲੈ ਕੇ ਜਾਂਦੇ ਹੀ ਬੱਚੇ ਦੀ ਤਬੀਅਤ ਵਿਗੜ ਗਈ, ਜਿਸ ਨੂੰ ਪਹਿਲਾਂ ਮੋਗਾ ਦੇ ਸ਼ਿਸ਼ੂ ਰੋਗ ਮਾਹਿਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਸ ਉਪਰੰਤ ਉਸ ਨੂੰ ਪਹਿਲਾਂ ਕੋਟਕਪੂਰਾ ਦੇ ਨਿੱਜੀ ਹਸਪਤਾਲ ਅਤੇ ਫਿਰ ਲੁਧਿਆਣਾ ਦੇ ਅਪੋਲੋ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਜਿੱਥੇ ਰਾਤ ਉਸਨੇ ਦਮ ਤੋੜ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਉਕਤ ਹਸਪਤਾਲ ਪ੍ਰਸ਼ਾਸਨ ਵੱਲੋਂ ਛੁੱਟੀ ਦਿੱਤੀ ਗਈ ਸੀ ਤਾਂ ਆਪਣੀ ਗਲਤੀ ਛੁਪਾÀਣ ਲਈ ਉਨ੍ਹਾਂ ਦੇ ਬੱਚੇ ਦੇ ਸਿਰ 'ਤੇ ਕੋਰੋਨਾ ਦਾ ਖਤਰਾ ਕਹਿੰਦੇ ਹੋਏ ਕੇਪ ਪਾਈ ਗਈ ਸੀ ਤਾਂਕਿ ਉਨ੍ਹਾਂ ਦਾ ਧਿਆਨ ਆਪਰੇਸ਼ਨ ਦੌਰਾਨ ਬੱਚੇ ਦੇ ਸਿਰ 'ਤੇ ਲੱਗੇ ਕੱਟ ਅਤੇ ਟਾਂਕਿਆਂ 'ਤੇ ਨਾ ਜਾ ਸਕੇ, ਉਥੇ ਮਾਹਰ ਡਾਕਟਰਾਂ ਨੇ ਬੱਚੇ ਦੀ ਮੌਤ ਦਾ ਕਾਰਨ ਵੀ ਇਸ ਕੱਟ ਦੇ ਕਾਰਨ ਹੋਈ ਬਲੀਡਿੰਗ ਦੱਸਿਆ ਹੈ।

ਇਹ ਵੀ ਪੜ੍ਹੋ: ਨਸ਼ਾ ਨਾ ਮਿਲਿਆ 'ਤੇ ਵਿਅਕਤੀ ਨੇ ਖਾਧਾ ਜ਼ਹਿਰ, ਮੌਤ

ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੋਵੇਗੀ ਕਾਰਵਾਈ : ਐੱਸ. ਐੱਚ. ਓ.
ਇਸ ਸਬੰਧੀ ਥਾਣਾ ਸਿਟੀ ਸਾਊਥ ਦੇ ਥਾਣਾ ਮੁਖੀ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮਾਮਲਾ ਗੰਭੀਰ ਹੈ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਤਿੰਨ ਡਾਕਟਰਾਂ ਦਾ ਬੋਰਡ ਪੈਨਲ ਬਣਾ ਕੇ ਪੋਸਟਮਾਰਟਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਉਸਦੇ ਆਧਾਰ 'ਤੇ ਹੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Shyna

Content Editor

Related News