ਮੋਗਾ ਹੱਤਿਆ ਕਾਂਡ : ਇਕ ਚਿਖਾ 'ਚ ਮਾਂ-ਧੀ ਤੇ ਦੂਸਰੀ ਚਿਖਾ 'ਚ ਪਤੀ ਪਤਨੀ ਦਾ ਹੋਇਆ ਸੰਸਕਾਰ
Tuesday, Feb 18, 2020 - 11:36 AM (IST)

ਮੋਗਾ (ਸੰਜੀਵ, ਇੰਟ): ਪਿੰਡ ਸੈਦ ਜਲਾਲਪੁਰ ਵਿਚ ਐਤਵਾਰ ਨੂੰ ਹੌਲਦਾਰ ਵਲੋਂ ਗੋਲੀਆਂ ਮਾਰ ਕੇ ਮਾਰੇ ਗਏ 4 ਲੋਕਾਂ ਦਾ ਸੋਮਵਾਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਮਗਰੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਂ-ਧੀ (ਹੌਲਦਾਰ ਦੀ ਪਤਨੀ ਅਤੇ ਸੱਸ) ਇਕ ਚਿਖਾ ਵਿਚ ਤੇ ਸਾਲੇ ਤੇ ਸਾਲੇਹਾਰ ਦਾ ਦੂਸਰੀ ਖਿਚਾ ਵਿਚ ਇਕੱਠਿਆਂ ਅੰਤਿਮ ਸੰਸਕਾਰ ਕੀਤਾ ਗਿਆ। ਮੁਲਜ਼ਮ ਕੁਲਵਿੰਦਰ ਸਿੰਘ ਵੀ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਇਆ। ਵਿਭਾਗ ਦੇ ਦੋ ਸਾਥੀ ਉਸ ਦੀ ਨਿਗਰਾਨੀ ਵਿਚ ਲੱਗੇ ਹੋਏ ਸਨ। ਪੋਸਟਮਾਰਟਮ ਲਈ 3 ਡਾਕਟਰਾਂ ਦਾ ਬੋਰਡ ਬਣਾਇਆ ਗਿਆ ਸੀ, ਜਿਸ ਵਿਚ ਡਾ. ਅਮਨ ਗਰਗ, ਡਾ. ਗਗਨਦੀਪ ਸਿੰਘ ਤੇ ਡਾ. ਮਨਪ੍ਰੀਤ ਕੌਰ ਸ਼ਾਮਲ ਸਨ।
ਗੋਲੀ ਲੱਗਣ ਨਾਲ ਜ਼ਖਮੀ ਜਸ਼ਨਪ੍ਰੀਤ ਕੌਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਗੋਲੀ ਲੱਗਣ ਨਾਲ ਜ਼ਖਮੀ ਹੋਈ ਮ੍ਰਿਤਕ ਜਸਕਰਣ ਸਿੰਘ ਤੇ ਇੰਦਰਜੀਤ ਕੌਰ ਦੀ 10 ਸਾਲਾ ਬੱਚੀ ਜਸ਼ਨਪ੍ਰੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਕਿਸੇ ਰਿਸ਼ਤੇਦਾਰ ਦੇ ਘਰ ਲਿਜਾਇਆ ਗਿਆ। ਜਸ਼ਨਪ੍ਰੀਤ ਕੌਰ ਘਟਨਾ ਤੋਂ ਬਿਲਕੁਲ ਅਣਜਾਣ ਹੁੰਦੀ ਹੋਈ ਰਿਸ਼ਤੇਦਾਰੀ ਵਿਚ ਲੱਗਦੀ ਵੱਡੀ ਭੈਣ ਤੇ ਇਕ ਹੋਰ ਦੇ ਨਾਲ ਚਾਚੇ ਦੇ ਮੋਬਾਇਲ 'ਤੇ ਫੋਟੋ ਦੇਖ ਰਹੀ ਸੀ। ਉਹ ਆਪਣੀਆਂ ਵੱਡੀਆਂ ਭੈਣਾਂ ਨਾਲ ਚਾਚੇ ਦੇ ਮੋਟਰਸਾਈਕਲ 'ਤੇ ਬੈਠ ਕੇ ਆਪਣੇ ਮਾਤਾ-ਪਿਤਾ ਕੋਲ ਜਾਣ ਦੀ ਗੱਲ ਕਹਿ ਰਹੀ ਸੀ।
ਵਾਰਦਾਤ 'ਚ ਵਰਤੀ ਏ. ਕੇ. 47, 3 ਖਾਲੀ ਮੈਗਜ਼ੀਨ, 59 ਕਾਰਤੂਸ, ਆਈ-20 ਕਾਰ ਬਰਾਮਦ
ਪੁਲਸ ਨੇ ਮੁਲਜ਼ਮ ਹੌਲਦਾਰ ਕੁਲਵਿੰਦਰ ਸਿੰਘ ਵਿਰੁੱਧ ਥਾਣਾ ਸਿਟੀ-1 ਵਿਚ ਅਸਲਾ ਚੋਰੀ ਦਾ ਕੇਸ ਦਰਜ ਕਰ ਕੇ ਉਸ ਦੇ ਕਬਜ਼ੇ ਵਿਚੋਂ ਏ. ਕੇ. 47, 3 ਖਾਲੀ ਮੈਗਜ਼ੀਨ, 59 ਕਾਰਤੂਸ ਅਤੇ ਇਕ ਆਈ-20 ਕਾਰ ਬਰਾਮਦ ਕੀਤੀ ਹੈ।