ਮੋਗਾ ''ਚ ਖਾਲਿਸਤਾਨੀ ਝੰਡਾ ਲਹਿਰਾਉਣ ਵਾਲਿਆਂ ''ਚੋਂ ਇੱਕ ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਕੀਤੇ ਵੱਡੇ ਖੁਲਾਸੇ

Friday, Aug 21, 2020 - 12:45 PM (IST)

ਮੋਗਾ ''ਚ ਖਾਲਿਸਤਾਨੀ ਝੰਡਾ ਲਹਿਰਾਉਣ ਵਾਲਿਆਂ ''ਚੋਂ ਇੱਕ ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਕੀਤੇ ਵੱਡੇ ਖੁਲਾਸੇ

ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ 14 ਅਗਸਤ ਨੂੰ ਤੜਕਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ’ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੇ ਮਾਮਲੇ 'ਚ ਤਿੰਨ ਦੋਸ਼ੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚੋਂ ਅਕਾਸ਼ਦੀਪ ਸਿੰਘ ਉਰਫ਼ ਮੁੰਨਾ (19) ਵਾਸੀ ਪਿੰਡ ਸਾਧੂਵਾਲਾ ਨੂੰ ਕਾਬੂ ਕਰ ਲਿਆ ਗਿਆ ਹੈ, ਜਦੋਂ ਕਿ ਉਸ ਦੇ ਦੋ ਸਾਥੀਆਂ ਜਸਪਾਲ ਸਿੰਘ ਉਰਫ਼ ਮਿੰਟਾ ਅਤੇ ਇੰਦਰਜੀਤ ਸਿੰਘ ਗਿੱਲ ਦੋਵੇਂ ਵਾਸੀ ਪਿੰਡ ਰੋਲੀ ਦੀ ਗ੍ਰਿਫ਼ਤਾਰੀ ਬਾਕੀ ਹੈ।

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਨੌਜਵਾਨ ਵਰਗ ਨੂੰ ਕਿਹਾ ਕਿ ਉਹ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸਮੇਂ-ਸਮੇਂ ਸਿਰ ਉਨ੍ਹਾਂ ਨੂੰ ਲਾਲਚ ਦੇਣ ਵਾਲੀਆਂ ਸੋਸ਼ਲ ਮੀਡੀਆ ’ਤੇ ਪਾਈਆਂ ਜਾ ਰਹੀਆਂ ਵੀਡੀਓਜ਼ ਤੋਂ ਸੁਚੇਤ ਰਹਿਣ। ਉਨ੍ਹਾਂ ਦੱਸਿਆ ਕਿ ਖਾਲਿਸਤਾਨੀ ਪੱਖੀ ਜੱਥੇਬੰਦੀ ਸਿੱਖਜ਼ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਦੇ ਉਸ ਬਿਆਨ ਤੋਂ ਬਾਅਦ ਕਿ ਸਰਕਾਰੀ ਇਮਾਰਤਾਂ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਿਆਂ ਨੂੰ 2500 ਡਾਲਰ ਦਿੱਤਾ ਜਾਵੇਗਾ, ਇਸੇ ਲਾਲਚ 'ਚ ਆ ਕੇ ਉਕਤ ਨੌਜਵਾਨਾਂ ਨੇ ਇਹ ਦੇਸ਼ ਵਿਰੋਧੀ ਕੰਮ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੋਸ਼ੀਆਂ ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਵੱਲੋਂ 13 ਅਗਸਤ ਨੂੰ ਦੁਪਹਿਰ 1.30 ਵਜੇ ਇਸ ਜਗ੍ਹਾ ਦੀ ਰੇਕੀ ਕੀਤੀ ਗਈ ਸੀ। ਸ਼ਾਮ ਨੂੰ ਜਸਪਾਲ ਅਤੇ ਇੰਦਰਜੀਤ ਨੇ ਵਟਸਐੱਪ ਕਾਲ ਰਾਹੀਂ ਅਕਾਸ਼ਦੀਪ ਨੂੰ ਇਸ ਸਾਜਿਸ਼ ਬਾਰੇ ਦੱਸਿਆ ਸੀ। 14 ਅਗਸਤ ਨੂੰ ਇਹ ਤਿੰਨੇ ਸਵੇਰੇ 8.00 ਵਜੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚੇ। ਜਸਪਾਲ ਅਤੇ ਇੰਦਰਜੀਤ ਨੇ ਨੈਸਲੇ ਦੇ ਗੇਟ 'ਤੇ ਅਕਾਸ਼ਦੀਪ ਨੂੰ ਉਤਾਰ ਕੇ ਉਸ ਨੂੰ ਝੰਡਾ ਲਗਾਉਣ ਦੀ ਵੀਡੀਓ ਰਿਕਾਰਡਿੰਗ ਕਰਨ ਲਈ ਕਿਹਾ।

ਗਿੱਲ ਨੇ ਦੱਸਿਆ ਕਿ ਜਸਪਾਲ ਅਤੇ ਇੰਦਰਜੀਤ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਉਪਰ ਜਾ ਕੇ ਝੰਡਾ ਲਗਾ ਦਿੱਤਾ ਅਤੇ ਵਾਪਸੀ ਵੇਲੇ ਪਹਿਲਾਂ ਹੀ ਝੂਲ ਰਹੇ ਰਾਸ਼ਟਰੀ ਤਿਰੰਗੇ ਨੂੰ ਨੁਕਸਾਨ ਪਹੁੰਚਾਇਆ ਅਤੇ ਨਾਲ ਹੀ ਪਿੰਡ ਰੌਲੀ ਵੱਲ ਨੂੰ ਲੈ ਗਏ। ਤਿੰਨੋਂ ਜਣੇ ਪਿੰਡ ਰੌਲੀ ਵਿਖੇ ਇਕੱਠੇ ਹੋਏ, ਜਿਸ ਉਪਰੰਤ ਅਕਾਸ਼ਦੀਪ ਨੇ ਵੀਡੀਓਜਸਪਾਲ ਨੂੰ ਭੇਜ ਦਿੱਤੀ, ਉਪਰੰਤ ਜਸਪਾਲ ਨੇ ਉਸ ਵੀਡੀਓ ਨੂੰ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਵੀਡੀਓ 'ਚ ਦੱਸੇ ਨੰਬਰ 'ਤੇ ਭੇਜ ਦਿੱਤਾ। ਗਿੱਲ ਨੇ ਦੱਸਿਆ ਕਿ ਸੂਹ ਮਿਲਣ 'ਤੇ ਪੁਲਸ ਨੇ ਅਕਾਸ਼ਦੀਪ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਪੁੱਛ-ਗਿੱਛ ਦੌਰਾਨ ਅਕਾਸ਼ਦੀਪ ਨੇ ਮੰਨਿਆ ਕਿ ਉਹ ਯੂ-ਟਿਊਬ 'ਤੇ ਸਿੱਖਸ ਫਾਰ ਜਸਟਿਸ ਵੱਲੋਂ ਪਾਈਆਂ ਵੀਡੀਓਜ਼ ਤੋਂ ਪ੍ਰਭਾਵਿਤ ਹੋ ਕੇ ਰਾਤੋ-ਰਾਤ ਅਮੀਰ ਹੋਣ ਲਈ ਗੁੰਮਰਾਹ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਬਾਕੀ ਦੋ ਦੋਸ਼ੀਆਂ ਨੂੰ ਵੀ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ, ਜਿਨ੍ਹਾਂ ਨੂੰ ਵੀ ਜਲਦੀ ਹੀ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਪਰਵੇਂਸ਼ਨ ਆਫ ਇੰਸਲਟ ਤੋਂ ਨੈਸ਼ਨਲ ਆਨਰ ਐਕਟ ਦੀਆਂ ਧਾਰਾਵਾਂ ਤਹਿਤ ਸਿਟੀ ਪੁਲਸ ਸਟੇਸ਼ਨ ਮੋਗਾ ਵਿਖੇ ਦਰਜ ਕੀਤਾ ਗਿਆ ਹੈ। ਦੋਸ਼ੀ ਅਕਾਸ਼ਦੀਪ ਸਿੰਘ ਨੂੰ  ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਅਦਾਲਤ ਵਲੋਂ ਉਸ ਦਾ ਦਾ 22 ਅਗਸਤ ਤੱਕ ਪੁਲਸ ਰਿਮਾਂਡ ਦਿੱਤਾ ਗਿਆ।


author

Babita

Content Editor

Related News