ਸਰਕਾਰੀ ਹੁਕਮਾਂ ਤੋਂ 24 ਘੰਟੇ ਪਹਿਲਾਂ ਹੀ ਸੁੰਨਾ ਹੋਇਆ ਇਹ ਬੱਸ ਅੱਡਾ

Saturday, Mar 21, 2020 - 11:18 AM (IST)

ਮੋਗਾ (ਗੋਪੀ ਰਾਊਕੇ): ਦੁਨੀਆ 'ਚ ਮਨੁੱਖੀ ਜ਼ਿੰਦਗੀਆਂ ਨਿਗਲ ਰਹੇ ਕੋਰੋਨਾ ਵਾਇਰਸ ਦੇ ਖਤਰੇ ਕਰ ਕੇ ਜਿੱਥੇ ਪੰਜਾਬ ਸਰਕਾਰ ਨੇ ਸਖ਼ਤ ਫੈਸਲਾ ਲੈਂਦਿਆਂ ਅੱਜ ਰਾਤ 12 ਵਜੇ ਤੋਂ ਸੂਬੇ ਭਰ ਵਿਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਚੱਲਣ 'ਤੇ ਰੋਕ ਲਾ ਦਿੱਤੀ ਹੈ, ਉੱਥੇ ਹੀ ਇਸ ਫੈਸਲੇ ਨਾਲ ਜਿੱਥੇ ਸਰਕਾਰੀ ਬੱਸਾਂ ਬੰਦ ਹੋਣ ਨਾਲ ਸਰਕਾਰ ਦੇ ਖ਼ਜ਼ਾਨੇ ਨੂੰ ਖੋਰਾ ਲੱਗਣ ਦੀ ਸੰਭਾਵਨਾ ਹੈ। ਇਸ ਫੈਸਲੇ ਮਗਰੋਂ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਚਿਹਰੇ ਵੀ ਮੁਰਝਾਅ ਗਏ ਹਨ ਕਿਉਂਕਿ ਉਨ੍ਹਾਂ ਨੂੰ ਇਸ ਫੈਸਲੇ ਨਾਲ ਆਪਣਾ ਰੋਜ਼ਗਾਰ ਖੁੱਸਣ ਦਾ ਖ਼ਦਸ਼ਾ ਹੈ। ਇੱਥੇ ਹੀ ਬਸ ਨਹੀਂ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ 24 ਘੰਟੇ ਪਹਿਲਾਂ ਹੀ ਮੋਗਾ ਦੇ ਬੱਸ ਸਟੈਂਡ 'ਤੇ ਸਵਾਰੀਆਂ ਦੀ ਆਮਦ ਪਹਿਲਾਂ ਨਾਲੋਂ 60 ਫ਼ੀਸਦੀ ਘੱਟ ਦੇਖਣ ਨੂੰ ਮਿਲੀ।

'ਜਗ ਬਾਣੀ' ਵੱਲੋਂ ਅੱਜ ਤੜਕਸਾਰ ਜਿਉਂ ਹੀ ਬੱਸ ਅੱਡੇ ਦਾ ਦੌਰਾ ਕੀਤਾ ਗਿਆ ਤਾਂ ਕਿੱਧਰੇ ਵੀ ਸਵਾਰੀਆਂ ਦੀ ਚਹਿਲ-ਪਹਿਲ ਦੇਖਣ ਨੂੰ ਨਹੀਂ ਮਿਲੀ। ਬੱਸ ਅੱਡੇ 'ਤੇ ਜੋ ਵੀ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਆਪੋ-ਆਪਣੇ ਰੂਟਾਂ 'ਤੇ ਜਾ ਰਹੀਆਂ ਸਨ, ਉਨ੍ਹਾਂ 'ਚ ਵੀ ਸਵਾਰੀਆਂ ਨਾਮਾਤਰ ਸਨ। ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਮੋਗਾ ਦੇ ਬੱਸ ਅੱਡੇ ਤੋਂ ਵੱਖ-ਵੱਖ ਰੂਟਾਂ ਨੂੰ ਚੱਲਦੀਆਂ ਰੋਜ਼ਾਨਾ ਬੱਸਾਂ ਦੀ 50 ਲੱਖ ਤੋਂ ਵਧੇਰੇ ਸੇਲ ਹੈ ਅਤੇ ਹੁਣ ਬੱਸਾਂ ਬੰਦ ਹੋਣ ਨਾਲ ਰੋਜ਼ਾਨਾ 50 ਲੱਖ ਦੇ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਛੋਟੇ ਟਰਾਂਸਪੋਰਟਰਾਂ ਦੀ ਜਾਨ ਆਈ ਮੁੱਠੀ 'ਚ
ਪੰਜਾਬ ਭਰ ਦੇ ਨਾਮੀ ਕੁੱਝ ਵੱਡੇ ਘਰਾਣਿਆਂ ਦੇ ਟਰਾਂਸਪੋਰਟਰਾਂ ਨੂੰ ਤਾਂ ਇਸ ਮਨਾਹੀ ਦੇ ਹੁਕਮਾਂ ਦੀ ਕੋਈ ਜ਼ਿਆਦਾ ਪ੍ਰਵਾਹ ਨਹੀਂ ਹੈ ਪਰ ਦੇਖਣ ਵਿਚ ਆਇਆ ਹੈ ਕਿ ਇਸ ਫੈਸਲੇ ਨੇ ਛੋਟੇ ਟਰਾਂਸਪੋਰਟਰਾਂ ਦੀ ਜਾਨ ਜ਼ਰੂਰ ਮੁੱਠੀ 'ਚ ਲਿਆ ਦਿੱਤੀ ਹੈ। ਮਿੰਨੀ ਬੱਸਾਂ ਅਤੇ ਵੱਡੀਆਂ ਇਕ-ਦੋ ਬੱਸਾਂ ਦੇ ਮਾਲਕ ਛੋਟੇ ਟਰਾਂਸਪੋਰਟਰਾਂ ਨੂੰ ਕਾਰੋਬਾਰ ਬੰਦ ਹੋਣ ਨਾਲ ਕਿਸ਼ਤਾਂ ਸਿਰ ਟੁੱਟਣ ਦਾ ਖ਼ਦਸ਼ਾ ਵੀ ਹੈ। ਇਸ ਦੇ ਨਾਲ ਹੀ ਠੇਕੇ 'ਤੇ ਬੱਸਾਂ ਲੈ ਕੇ ਰੋਜ਼ਾਨਾ ਕਾਰੋਬਾਰ ਕਰਦੇ ਠੇਕੇਦਾਰਾਂ ਦੀ ਵੀ ਇਸ ਫੈਸਲੇ ਮਗਰੋਂ ਆਪਣੇ ਮਾਲਕਾਂ ਨਾਲ ਅਣ-ਬਣ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ।

ਮਨੁੱਖੀ ਜ਼ਿੰਦਗੀ ਤੋਂ ਕੀਮਤੀ ਕੁੱਝ ਵੀ ਨਹੀਂ : ਸਰੀਨ
ਮੋਗਾ ਦੇ ਬੱਸ ਅੱਡੇ 'ਤੇ ਆਪਣਾ ਕਾਰੋਬਾਰ ਕਰਦੇ ਗਿਆਨੀ ਪ੍ਰਿਤਪਾਲ ਸਿੰਘ ਸਰੀਨ ਦਾ ਕਹਿਣਾ ਸੀ ਕਿ ਭਾਵੇਂ ਸਰਕਾਰ ਦੇ ਇਸ ਫੈਸਲੇ ਨਾਲ ਕਾਰੋਬਾਰ ਦਾ ਵੱਡਾ ਨੁਕਸਾਨ ਹੋਵੇਗਾ ਪਰ ਮਨੁੱਖੀ ਜ਼ਿੰਦਗੀ ਤੋਂ ਕੀਮਤੀ ਕੁੱਝ ਵੀ ਨਹੀਂ ਹੈ। ਵਿਕਸਤ ਮੁਲਕਾਂ 'ਚ ਮਨੁੱਖੀ ਜ਼ਿੰਦਗੀਆਂ ਨਿਗਲਣ ਵਾਲੇ ਇਸ ਵਾਇਰਸ ਤੋਂ ਬਚਾਅ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਦੇ ਸਾਵਧਾਨੀਆ ਵਾਲੇ ਹਰ ਫੈਸਲੇ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਹ ਵਾਇਰਸ ਅੱਗੇ ਨਾ ਵਧੇ। ਟਰਾਂਸਪੋਰਟਰ ਵੀ ਇਸ ਫੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ।

ਮਨੁੱਖਤਾ ਦੀ ਭਲਾਈ ਲਈ ਚੰਗਾ ਫੈਸਲਾ : ਖੋਸਾ
ਪੰਜਾਬ ਸਰਕਾਰ ਵੱਲੋਂ ਬੱਸਾਂ ਬੰਦ ਕਰਨ ਦੇ ਨਾਲ-ਨਾਲ ਆਈਲੈੱਟਸ ਸੈਂਟਰ ਅਤੇ ਸਕੂਲ ਵੀ ਬੰਦ ਕੀਤੇ ਗਏ ਹਨ। ਇਹ ਸਰਕਾਰ ਦਾ ਮਨੁੱਖਤਾ ਦੀ ਭਲਾਈ ਲਈ ਚੰਗਾ ਫੈਸਲਾ ਹੈ ਪਰ ਵਿਦਿਆਰਥੀਆਂ ਨੂੰ ਘਰ ਬੈਠੇ ਆਨ ਲਾਈਨ ਮਟੀਰੀਅਲ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ ਕਰਦਿਆਂ ਡੈਫੋਡਿਲਜ਼ ਮੋਗਾ ਦੇ ਡਾਇਰੈਕਟਰ ਮਨਦੀਪ ਖੋਸਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਘਰਾਂ 'ਚ ਪੜ੍ਹਨ ਲਈ ਮਟੀਰੀਅਲ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਲੋਕ ਸਰਕਾਰ ਦੇ ਫੈਸਲਿਆਂ ਦੀ ਪਾਲਣਾ ਕਰਨ : ਰਣੀਆਂ
ਰਣੀਆਂ ਟ੍ਰੈਵਲਜ਼ ਮੋਗਾ ਦੇ ਪ੍ਰਿਤਪਾਲ ਸਿੰਘ ਰਣੀਆਂ ਨੇ ਕਿਹਾ ਕਿ ਸਰਕਾਰ ਨੇ ਜੋ ਵੀ ਫੈਸਲੇ ਲਏ ਹਨ ਇਹ ਮਨੁੱਖਤਾ ਦੀ ਭਲਾਈ ਲਈ ਹਨ ਅਤੇ ਹਰ ਕਿਸੇ ਵਿਅਕਤੀ ਨੂੰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਾਵਧਾਨੀਆਂ ਵਰਤਣ ਲਈ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।


Shyna

Content Editor

Related News