ਮੋਗਾ 'ਚ ਕੱਪੜਾ ਵਪਾਰੀ ਦਾ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ

Tuesday, Jul 14, 2020 - 08:44 PM (IST)

ਮੋਗਾ 'ਚ ਕੱਪੜਾ ਵਪਾਰੀ ਦਾ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ

ਮੋਗਾ,(ਗੋਪੀ ਰਾਊਕੇ,ਅਜ਼ਾਦ)- ਅੱਜ ਦੇਰ ਸ਼ਾਮ ਗਲੀ ਨੰਬਰ-2 ਨਿਊ ਟਾਊਨ ’ਚ ਸਥਿਤ ਸੁਪਰ ਸਾਈਨ ਸ਼ੋਅਰੂਮ ਦੇ ਮਾਲਿਕ ਦਰਸ਼ਨ ਸਿੰਘ ਦੇ ਨੌਜਵਾਨ ਬੇਟੇ ਤੇਜਿੰਦਰ ਸਿੰਘ ਉਰਫ ਪਿੰਕਾ (40) ਦੀ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਲੜਕਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ, ਐੱਸ. ਪੀ. ਆਈ. ਹਰਿੰਦਰਪਾਲ ਸਿੰਘ ਪਰਮਾਰ, ਥਾਣਾ ਸਿਟੀ ਸਾਊਥ ਦੇ ਇੰਚਾਰਜ ਕਰਮਜੀਤ ਸਿੰਘ ਗਰੇਵਾਲ ਅਤੇ ਪੁਲਸ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ ਅਤੇ ਜਾਂਚ ਕੀਤੀ।

ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਦਰਸ਼ਨ ਸਿੰਘ ਦੇ ਵੱਡੇ ਬੇਟੇ ਧਰਮਿੰਦਰ ਉਰਫ ਬੋਬੀ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਦੋਸਤਾਂ ਨਾਲ ਉੱਪਰ ਬੈਠਾ ਹੋਇਆ ਸੀ, ਜਦਕਿ ਉਸ ਦਾ ਦੂਜਾ ਬੇਟਾ ਤੇਜਿੰਦਰ ਸਿੰਘ ਆਪਣੇ ਦੋਸਤਾਂ ਨਾਲ ਕਾਊਂਟਰ ’ਤੇ ਬੈਠਾ ਹੋਇਆ ਸੀ। ਇਸ ਦੌਰਨ ਮੋਟਰਸਾਈਕਲ ’ਤੇ 2 ਨੌਜਵਾਨ ਅਣਪਛਾਤੇ ਲੜਕੇ ਆਏ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਇਕ ਲੜਕਾ ਹੇਠਾਂ ਉੱਤਰ ਕੇ ਦੁਕਾਨ ’ਚ ਦਾਖਲ ਹੋਇਆ ਅਤੇ ਪਿੰਕਾ ’ਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ’ਤੇ ਉਹ ਲਹੂ-ਲੁਹਾਨ ਹੋ ਕੇ ਉਥੇ ਡਿੱਗ ਪਿਆ, ਜਿਸ ’ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਪਰ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ। ਇਸ ਦੌਰਾਨ ਹਮਲਾਵਰ ਲੜਕਾ ਬਾਹਰ ਨਿਕਲਿਆ ਅਤੇ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਬੈਠ ਕੇ ਫਰਾਰ ਹੋ ਗਿਆ।

ਇਸ ਦੌਰਾਨ ਕੁੱਝ ਲੜਕਿਆਂ ਨੇ ਹਮਲਾਵਰਾਂ ਦਾ ਪਿੱਛਾ ਕੀਤਾ ਪਰ ਉਹ ਭੱਜਣ ’ਚ ਸਫਲ ਹੋ ਗਏ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਸ ’ਤੇ ਕਿਹੜੇ ਲੋਕਾਂ ਨੇ ਕਿਸ ਕਾਰਣ ਗੋਲੀ ਚਲਾਈ ਹੈ, ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਸ-ਪਾਸ ਦੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਹੱਤਿਆ ਮਾਮਲੇ ਦਾ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ ਅਤੇ ਮ੍ਰਿਤਕ ਲੜਕੇ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ।


author

Bharat Thapa

Content Editor

Related News