ਦੋ ਬੱਚਿਆਂ ਦੀ ਮਾਂ ਨੂੰ ਪਹਿਲਾਂ ਫਸਾਇਆ ਪ੍ਰੇਮ ਜਾਲ 'ਚ ਫਿਰ ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜ਼ਾਮ
Friday, Jun 19, 2020 - 10:22 AM (IST)
ਮੋਗਾ (ਆਜ਼ਾਦ) : ਬਾਘਾਪੁਰਾਣਾ ਪੁਲਸ ਨੇ ਬੀਤੀ 28 ਜੁਲਾਈ 2019 ਨੂੰ ਲੰਗੇਆਣਾ ਨਵਾਂ ਨਿਵਾਸੀ ਹਰਪ੍ਰੀਤ ਕੌਰ ਦੀ ਹੱਤਿਆ ਮਾਮਲੇ ਦਾ ਪਰਦਾਫਾਸ਼ ਕਰਦੇ ਹੋਏ ਉਸਦੇ ਪ੍ਰੇਮੀ ਲਵਪ੍ਰੀਤ ਸਿੰਘ ਉਰਫ ਲਾਪੀ ਨੱਥੂਵਾਲਾ ਗਰਬੀ ਨੂੰ ਕਾਬੂ ਕੀਤਾ ਹੈ। ਥਾਣਾ ਬਾਘਾਪੁਰਾਣਾ ਦੇ ਡੀ. ਐੱਸ. ਪੀ. ਜਸਬਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਕੌਰ ਜੋ ਦੋ ਬੱਚਿਆਂ ਦੀ ਮਾਂ ਸੀ ਅਤੇ ਉਸਦਾ ਵਿਆਹ ਨੱਥੂਵਾਲਾ ਗਰਬੀ ਵਿਚ ਹੋਇਆ ਸੀ, ਪਰ ਘਰੇਲੂ ਵਿਵਾਦ ਕਾਰਨ ਇਕ ਮਹੀਨੇ ਤੋਂ ਆਪਣੇ ਪੇਕੇ ਘਰ ਲੰਗੇਆਣਾ ਨਵਾਂ ਰਹਿ ਰਹੀ ਸੀ, ਜਿਸ ਦੀ 28 ਜੁਲਾਈ 2019 ਨੂੰ ਰਹੱਸਮਈ ਹਾਲਾਤਾਂ 'ਚ ਪਿੰਡ ਲੰਗੇਆਣਾ ਦੇ ਸਰਕਾਰੀ ਹਸਪਤਾਲ ਦੀ ਬੇਅਬਾਦ ਪਈ ਜਗ੍ਹਾ ਦੇ ਕਮਰੇ 'ਚੋਂ ਮਿਲੀ ਸੀ।
ਇਹ ਵੀ ਪੜ੍ਹੋਂ : ਬੱਸਾਂ ਬੰਦ ਹੋਣ ਕਾਰਨ ਕੁੜੀ ਨੂੰ ਲਿਫ਼ਟ ਮੰਗਣੀ ਪਈ ਭਾਰੀ, ਇੱਜ਼ਤ ਹੋਈ ਤਾਰ-ਤਾਰ
ਇਸ ਸਬੰਧ 'ਚ ਮ੍ਰਿਤਕਾ ਦੀ ਮਾਤਾ ਬਲਜਿੰਦਰ ਕੌਰ ਪਤਨੀ ਚਰਨ ਸਿੰਘ ਨਿਵਾਸੀ ਲੰਗੇਆਣਾ ਨਵਾਂ ਦੇ ਬਿਆਨਾਂ 'ਤੇ ਬਾਘਾਪੁਰਾਣਾ ਪੁਲਸ ਵਲੋਂ ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਅਤੇ ਸੱਸ ਕੁਲਵੰਤ ਕੌਰ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ, ਕਿਉਂਕਿ ਪੁਲਸ ਨੂੰ ਸ਼ੱਕ ਸੀ ਕਿ ਇਹ ਖੁਦਕੁਸ਼ੀ ਦਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਮ੍ਰਿਤਕਾ ਹਰਪ੍ਰੀਤ ਕੌਰ ਦੇ ਮੋਬਾਇਲ ਫੋਨ ਦੇ ਸ਼ੱਕੀ ਨੰਬਰ ਟ੍ਰੇਸ ਕੀਤੇ ਗਏ ਤਾਂ ਅਤੇ ਡਾਕਟਰ ਵਲੋਂ ਪੋਸਟਮਾਰਟਮ ਦੀ ਰਿਪੋਰਟ ਉਪਰੰਤ ਲੱਗੀਆਂ ਸੱਟਾਂ ਸਬੰਧੀ ਵੀ ਰਾਇ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਮੌਤ ਦਾ ਕਾਰਨ ਖੁਦਕੁਸ਼ੀ ਨਹੀਂ ਬਲਕਿ ਉਸਦਾ ਕਤਲ ਹੋਇਆ ਹੈ। ਜਾਂਚ ਦੌਰਾਨ ਇਹ ਗੱਲ ਦਾ ਪਤਾ ਲੱਗਾ ਕਿ ਮ੍ਰਿਤਕਾ ਹਰਪ੍ਰੀਤ ਕੌਰ ਜੋ ਦੋ ਬੱਚਿਆਂ ਦੀ ਮਾਂ ਸੀ, ਦੇ ਲਵਪ੍ਰੀਤ ਸਿੰਘ ਉਰਫ ਲਾਪੀ ਨਾਲ ਵਿਆਹ ਤੋਂ ਬਾਅਦ ਨਾਜਾਇਜ਼ ਸਬੰਧ ਬਣ ਗਏ ਸੀ, ਜਿਸ ਕਾਰਨ ਸਹੁਰੇ ਘਰ ਵਿਚ ਕਲੇਸ਼ ਰਹਿੰਦਾ ਸੀ, ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਉਰਫ ਲਾਪੀ ਦੀ ਭੈਣ ਨੂੰ 2013 'ਚ ਪਿੰਡ ਦਾ ਹੀ ਲੜਕਾ ਭਜਾ ਕੇ ਲੈ ਗਿਆ ਸੀ ਅਤੇ ਲੋਕ ਲਵਪ੍ਰੀਤ ਸਿੰਘ ਉਰਫ ਲਾਪੀ ਨੂੰ ਤਾਹਨੇ-ਮਹਿਣੇ ਮਾਰਦੇ ਸੀ ਕਿ ਮ੍ਰਿਤਕਾ ਹਰਪ੍ਰੀਤ ਕੌਰ ਦਾ ਉਸਦੀ ਭੈਣ ਨੂੰ ਭਜਾਉਣ 'ਚ ਹੱਥ ਸੀ, ਜਿਸ 'ਤੇ ਲਵਪ੍ਰੀਤ ਸਿੰਘ ਉਰਫ ਲਾਪੀ ਨੇ ਮ੍ਰਿਤਕਾ ਹਰਪ੍ਰੀਤ ਕੌਰ ਨਾਲ ਪ੍ਰੇਮ ਸਬੰਧ ਬਣਾ ਲਏ ਤਾਂਕਿ ਉਹ ਬਦਲਾ ਲੈ ਸਕੇ। ਉਨ੍ਹਾਂ ਕਿਹਾ ਕਿ 27-28 ਜੁਲਾਈ 2019 ਦੀ ਰਾਤ ਨੂੰ ਮ੍ਰਿਤਕਾ ਦੇ ਕਥਿਤ ਪ੍ਰੇਮੀ ਲਵਪ੍ਰੀਤ ਸਿੰਘ ਉਰਫ ਲਾਪੀ ਨੇ ਉਸਦੇ ਸਿਰ 'ਚ ਰਾਡਾਂ ਮਾਰ ਕੇ ਹੱਤਿਆ ਕਰ ਦਿੱਤੀ।
ਇਹ ਵੀ ਪੜ੍ਹੋਂ : ਚੌਂਕੀ ਸਾਹਿਬ ਨੇ ਕੀਤੀ ਕੋਰੋਨਾ ਤੋਂ ਫ਼ਤਹਿ ਲਈ ਸਾਰੇ ਵਿਸ਼ਵ ਦੇ ਭਲੇ ਲਈ ਅਰਦਾਸ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰਪ੍ਰੀਤ ਕੌਰ ਜਦੋਂ ਘਰੋਂ ਨਿਕਲਦੀ ਤਾਂ ਉਹ ਆਪਣੀ ਮਾਂ ਤੇ ਭੈਣ ਨੂੰ ਨਸ਼ੇ ਵਾਲੀ ਦਵਾਈ ਖਾਣੇ ਵਿਚ ਪਾ ਕੇ ਦੇ ਦਿੰਦੀ ਸੀ, ਜੋ ਲਵਪ੍ਰੀਤ ਸਿੰਘ ਉਸ ਨੂੰ ਲਿਆ ਕੇ ਦਿੰਦਾ ਸੀ ਤੇ ਉਹ ਲਵਪ੍ਰੀਤ ਸਿੰਘ ਨਾਲ ਚਲੀ ਜਾਂਦੀ ਸੀ। ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਾਰਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।