ਪਨਬੱਸ ਮੁਲਾਜ਼ਮਾਂ ਵਲੋਂ ਮੋਗਾ 'ਚ ਦੂਜੇ ਦਿਨ ਵੀ ਚੱਕਾ ਜਾਮ

01/10/2019 2:16:49 AM

ਮੋਗਾ, (ਗੋਪੀ ਰਾਊਕੇ)- ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜ਼ਦੂਰ-ਮੁਲਾਜ਼ਮ ਵਿਰੋਧੀ ਨੀਤੀਆਂ ਤੇ ਲੰਬੇ ਸਮੇਂ ਤੋਂ ਭਖਦੀਆਂ ਮੰਗਾਂ ਨੂੰ ਲੈ ਕੇ ਇੰਟਕ ਸਮੇਤ ਦੇਸ਼ ਦੀਆਂ ਪ੍ਰਮੁੱਖ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਦੇਸ਼ ਭਰ ’ਚ 8 ਅਤੇ 9 ਜਨਵਰੀ ਨੂੰ ਹਡ਼ਤਾਲ ਕਰਨ ਦੀ ਕਾਲ ਦਿੱਤੀ ਸੀ। ਇਸ ਕਾਲ ’ਤੇ ਅੱਜ ਜ਼ਿਲਾ ਇੰਟਕ ਨਾਲ ਸਬੰਧਤ ਕਰੀਬ 50 ਤੋਂ ਵੱਧ ਵੱਖ-ਵੱਖ ਮਜ਼ਦੂਰ-ਮੁਲਾਜ਼ਮ ਜਥੇਬੰਦੀਆਂ ਦੇ ਹਜ਼ਾਰਾਂ ਦੀ ਗਿਣਤੀ ’ਚ ਵਰਕਰਾਂ ਨੇ ਜ਼ਿਲਾ ਪ੍ਰਧਾਨ ਵਿਜੇ ਧੀਰ ਐਡਵੋਕੇਟ, ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੌਡ਼ਾ ਅਤੇ ਪ੍ਰਵੀਨ ਕੁਮਾਰ ਸ਼ਰਮਾ ਜਨਰਲ ਸਕੱਤਰ ਯੂਥ ਇੰਟਕ ਪੰਜਾਬ ਦੀ ਅਗਵਾਈ ’ਚ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਰੋਸ ਮਾਰਚ ਕੱਢਿਆ, ਜੋ ਨੀਵਾਂ ਪੁਲ ਨੇਡ਼ਿਓਂ ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਦੇ ਅੱਡੇ ਤੋਂ ਸ਼ੁਰੂ ਹੋਇਆ। ਇਸ ਮੌਕੇ ਹਾਜ਼ਰ ਇੰਟਕ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਇੰਟਕ ਪ੍ਰ੍ਰਧਾਨ ਵਿਜੈ ਧੀਰ ਐਡਵੋਕੇਟ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਗਰੀਬ ਮਜ਼ਦੂਰ-ਮੁਲਾਜ਼ਮ ਤੇ ਕਿਸਾਨ ਵਿਰੋਧੀ ਹਨ। ਮੋਦੀ ਸਰਕਾਰ  ਦੇਸ਼ ਦੇ ਮੁੱਠੀਭਰ ਸਰਮਾਏਦਾਰ ਘਰਾਣਿਆਂ ਪੱਖੀ ਸਰਕਾਰ ਹੈ। 
ਅੱਜ ਦੇ ਇਸ ਰੋਸ ਮਾਰਚ ਵਿਚ ਇੰਟਕ ਵਰਕਰ ਸਕੂਟਰ-ਮੋਟਰਸਾਈਕਲਾਂ,  ਛੋਟੇ ਹਾਥੀ, ਸਕੂਲ ਬੱਸਾਂ, ਰਿਕਸ਼ਾ, ਈ-ਰਿਕਸ਼ਾ ਤੇ ਰੇਹਡ਼ੀਆਂ ਸਮੇਤ ਹੱਥਾਂ ’ਚ ਆਪਣੀ-ਆਪਣੀ ਯੂਨੀਅਨ ਦੇ ਬੈਨਰ ਤੇ ਇੰਟਕ ਦੇ ਤਿਰੰਗੇ ਝੰਡੇ ਫਡ਼ ਕੇ ਚਲ ਰਹੇ ਸਨ। 
 ਮਿਊਂਸੀਪਲ ਫੈੱਡਰੇਸ਼ਨ ਵੱਲੋਂ ਨਗਰ ਨਿਗਮ ਮੋਗਾ ਦੇ ਬਾਹਰ ਮੰਗਾਂ ਨੂੰ ਮੰਨਵਾਉਣ ਨੂੰ ਲੈ ਕੇ ਗੇਟ ਰੈਲੀ ਕਰ ਕੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੋਬਡ਼ ਤੇ ਸੀਵਰੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਤਪਾਲ ਅੰਜਾਨ ਨੇ ਕਿਹਾ ਕਿ ਇਸ ਸਮੇਂ ਜੋ ਵੀ ਕੱਚੇ ਮੁਲਾਜ਼ਮ   ਹਨ (ਸਫਾਈ ਸੇਵਕ, ਸੀਵਰਮੈਨ, ਬੇਲਦਾਰ), ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਕਿਉਂਕਿ ਇਸ ਸਮੇਂ ਕੱਚੇ ਮੁਲਾਜ਼ਮਾਂ ਨੂੰ ਬਹੁਤ ਘੱਟ ਤਨਖਾਹ ਮਿਲਦੀ ਹੈ। ਇਸ ਮਹਿੰਗਾਈ ’ਚ ਪਰਿਵਾਰ ਦਾ ਗੁਜ਼ਾਰਾ ਕਰਨਾ  ਉਨ੍ਹਾਂ ਲਈ ਮੁਸ਼ਕਲ ਹੈ।  
ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਚੇਅਰਮੈਨ ਸਤਪਾਲ ਚਾਂਵਰੀਆ, ਜ਼ਿਲਾ ਪ੍ਰਧਾਨ ਰਜਿੰਦਰ ਬੋਹਤ, ਰਵੀ ਸਾਰਵਾਨ, ਸੇਵਕ ਰਾਮ ਫੌਜੀ, ਮਦਨ ਲਾਲ ਬੋਹਤ, ਹਰਬੰਸ ਸਾਗਰ, ਦਫਤਰੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿਪਨ, ਰਾਮ ਸਿੰਘ, ਰਾਹੁਲ ਉਜੀਨਵਾਲ, ਵਾਟਰ ਸਪਲਾਈ ਯੂਨੀਅਨ ਦੇ ਮੱਸਾ ਸਿੰਘ, ਸਰਬਜੀਤ ਸਿੰਘ, ਫਾਇਰ ਬ੍ਰਿਗੇਡ ਯੂਨੀਅਨ ਦੇ ਪ੍ਰਧਾਨ ਬਿੱਕਰ ਸਿੰਘ, ਨਵਨੀਤ ਕੁਮਾਰ, ਸੀਵਰੇਜ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਮੰਗਤ ਰਾਮ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਭਾਰਤ ਭੂਸ਼ਣ, ਲਾਲ ਚੰਦਰ, ਰਜਿੰਦਰ ਸਿੰਘ ਰਿਆਡ਼, ਲੈਕਚਰਾਰ ਸੁਖਮੰਦਰ ਸਿੰਘ ਗੱਜਣਵਾਲਾ, ਬਲਦੇਵ ਸਿੰਘ ਆਦਿ ਹਾਜ਼ਰ ਸਨ।

ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਦੇਸ਼ ਵਿਆਪੀ ਹਡ਼ਤਾਲ ਦੇ ਦੂਸਰੇ ਦਿਨ ਬੱਸ ਸਟੈਂਡ ਵਿਚ ਸਰਕਾਰ  ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪਨਬੱਸ ਦੇ ਡਿਪੂ ਪ੍ਰਧਾਨ ਲਖਵੀਰ ਸਿੰਘ, ਹੈੱਡ ਕੈਸ਼ੀਅਰ ਬਲਜਿੰਦਰ ਸਿੰਘ ਨੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ  ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਨਬੱਸ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਰੋਡਵੇਜ਼ ਵਿਚ ਪੱਕਾ ਕੀਤਾ ਜਾਵੇ, ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ 20 ਅਕਤੂਬਰ, 2016 ਨੂੰ ਲਾਗੂ ਕਰ ਕੇ ਤਨਖਾਹ ਵਿਚ ਵਾਧਾ ਕੀਤਾ ਜਾਵੇ, ਪਨਬੱਸ ’ਚ ਕੰਮ ਕਰਦੇ ਕਰਮਚਾਰੀਆਂ ’ਤੇ ਲਾਈ ਨਾਜਾਇਜ਼ ਕੰਡੀਸ਼ਨ ਹਟਾਈ ਜਾਵੇ, ਪਨਬੱਸ ਵਿਚ ਕੰਮ ਕਰਦੇ ਵਰਕਰਾਂ ਦੀ ਜੇਕਰ ਮੌਤ ਹੋ ਜਾਂਦੀ ਹੈ ਤਾਂ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਇਸ ਮੌਕੇ ਕਨਵੀਨਰ ਸੁਖਜਿੰਦਰ ਸਿੰਘ, ਚੇਅਰਮੈਨ ਗੁਰਪ੍ਰੀਤ ਸਿੰਘ, ਬਚਿੱਤਰ ਸਿੰਘ, ਸੁਖਦੇਵ ਸਿੰਘ, ਸਤਨਾਮ, ਸੁਖਪਾਲ ਸਿੰਘ, ਰਾਜਾ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
 ਇਸੇ ਤਰ੍ਹਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਬੱਸ ਸਟੈਂਡ ਮੋਗਾ ’ਚ ਰੋਸ ਪ੍ਰਦਰਸ਼ਨ ਕਰ ਕੇ ਕੇਂਦਰ ਤੇ ਪੰਜਾਬ ਸਰਕਾਰ  ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜਗਦੀਸ਼ ਸਿੰਘ ਚਾਹਲ, ਰਜਿੰਦਰ ਸਿੰਘ ਰਿਆਡ਼, ਸੁਰਿੰਦਰ ਸਿੰਘ ਬਰਾਡ਼, ਇੰਦਰਜੀਤ ਭਿੰਡਰ, ਕੁਲਵੀਰ ਸਿੰਘ ਢਿੱਲੋਂ, ਸਵਰਨ ਸਿੰਘ, ਗੁਰਜੀਤ ਮੱਲ੍ਹੀ,  ਸੱਤਿਅਮ ਪ੍ਰਸਾਦ, ਗੁਰਚਰਨ ਕੌਰ ਮੋਗਾ, ਚਮਨ ਲਾਲ ਸੰਗਲਾ, ਗੁਰਮੇਲ ਸਿੰਘ ਨਾਹਰ ਆਦਿ ਨੇ ਮੁਲਾਜ਼ਮਾਂ ਦੀਆਂ ਮੰਗਾਂ ਪੰਜਾਬ ਦੇ ਸਮੂਹ ਵਿਭਾਗਾਂ ਵਿਚ ਠੇਕੇਦਾਰੀ ਸਿਸਟਮ, ਕੰਟਰੈਕਟ ਸਿਸਟਮ, ਡੇਲੀਵੇਜਿਜ਼, ਆਊਟਸੋਰਸਿੰਗ ਦੀਆਂ ਵੱਖ-ਵੱਖ ਸਕੀਮਾਂ, ਸੋਸਾਇਟੀ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਬਿਨਾਂ ਦੇਰੀ ਰੈਗੂਲਰ ਕੀਤਾ ਜਾਵੇ, ਸਾਲ 2004 ਦੇ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੂਰੀ ਪੈਨਸ਼ਨ  ਦਿੱਤੀ ਜਾਵੇ, ਪੰਜਾਬ ਸਰਕਾਰ ਵੱਲੋਂ ਖਜ਼ਾਨਾ ਦਫਤਰਾਂ ’ਤੇ ਲਾਈ ਪਾਬੰਦੀ ਤੁਰੰਤ ਹਟਾਈ ਜਾਵੇ ਆਦਿ ਸਰਕਾਰ ਤੋਂ ਪੂਰੀਆਂ ਕਰਨ ਦੀ ਮੰਗ ਕੀਤੀ।
 ਸਮੁੂਹ ਡਾਕ ਕਰਮਚਾਰੀਆਂ ਵੱਲੋਂ ਮੁੱਖ ਡਾਕ ਘਰਾਂ ਦੇ ਬਾਹਰ ਕੇਂਦਰ ਅਤੇ ਪੰਜਾਬ ਸਰਕਾਰ  ਖਿਲਾਫ ਗੇਟ ਰੈਲੀਆਂ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਮਰੇਡ ਸੁਖਵਿੰਦਰ ਸਿੰਘ, ਯੂੁਨੀਅਨ ਪ੍ਰਧਾਨ ਮੋਹਣ ਸਿੰਘ, ਰਾਜ ਕੁਮਾਰ, ਤੇਜ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
 ਬੀਮਾ ਕਰਮਚਾਰੀਆਂ ਵੱਲੋਂ ਦੇਸ਼ ਵਿਆਪੀ ਹਡ਼ਤਾਲ ਦੇ ਤਹਿਤ ਆਪਣੀਆਂ ਲਟਕਦੀਆਂ ਮੰਗਾਂ ਨੂੰ ਮੰਨਵਾਉਣ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ  ਜਨਰਲ ਸਕੱਤਰ ਰਤਨ ਚੰਦ, ਬਲਦੇਵ ਸਿੰਘ ਰਾਜੇਆਣਾ, ਡਾ. ਜੈ ਰਾਮ ਕੱਕਡ਼, ਜਗਜੀਤ ਧੀਰ, ਜਸਕਰਨ ਸਿੰਘ, ਚਰਨਜੀਤ ਸਿੰਘ ਝੰਡੇਆਣਾ, ਕਾਮਰੇਡ ਵੇਦ ਪ੍ਰਕਾਸ਼, ਪ੍ਰਧਾਨ ਬਲਦੇਵ ਸਿੰਘ ਆਦਿ ਨੇ ਸੰਬੋਧਨ ਕੀਤਾ।
 ਬਿਲਾਸਪੁਰ, ਨਿਹਾਲ ਸਿੰਘ ਵਾਲਾ ਤੋਂ ਜਗਸੀਰ, ਬਾਵਾ : ਕੌਮੀ ਪੱਧਰ ਦੀਆਂ ਟ੍ਰੇਡ ਯੂਨੀਅਨਾਂ, ਫੈੱਡਰੇਸ਼ਨਾਂ, ਬਿਜਲੀ ਕਰਮਚਾਰੀਆਂ ਅਤੇ ਇੰਜੀਨੀਅਰਾਂ ਦੀ ਕੌਮੀ ਫੈੱਡਰੇਸ਼ਨ ’ਤੇ ਅਾਧਾਰਿਤ ਬਣੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਸਬ-ਡਵੀਜ਼ਨ ਬਿਲਾਸਪੁਰ ਦੇ ਸਮੂਹ ਕਰਮਚਾਰੀਆਂ ਵੱਲੋਂ ਦੂਸਰੇ ਦਿਨ ਵੀ  ਹਡ਼ਤਾਲ ਕੀਤੀ ਗਈ। ਕਰਮਚਾਰੀਆਂ ਵੱਲੋਂ 66 ਕੇ. ਵੀ. ਏ. ਸਬ-ਸਟੇਸ਼ਨ ਬਿਲਾਸਪੁਰ ਵਿਖੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਮੁਖਾਤਿਬ ਹੁੰਦਿਆਂ ਪਾਲ ਸਿੰਘ ਜ਼ੋਨ ਕਮੇਟੀ ਮੈਂਬਰ, ਜਸਵੰਤ ਸਿੰਘ ਡਵੀਜ਼ਨ ਆਗੂ, ਮਹਿੰਦਰ ਸਿੰਘ ਡਵੀਜ਼ਨ ਕੈਸ਼ੀਅਰ, ਸਰਬਜੀਤ ਸਿੰਘ ਅਤੇ ਨਾਇਬ ਸਿੰਘ ਨੇ ਮੰਗ ਕੀਤੀ ਕਿ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਹ ਸਾਰੇ ਵਰਗ ਪ੍ਰੇਸ਼ਾਨ ਹਨ। ਸਰਕਾਰ  ਸਾਰੇ ਲਟਕਦੇ ਮਸਲੇ ਤੁਰੰਤ ਹੱਲ ਕਰੇ।
 ਬਾਘਾਪੁਰਾਣਾ ਤੋਂ ਰਾਕੇਸ਼, ਅਜੈ, ਮੁਨੀਸ਼, ਚਟਾਨੀ : ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਬਿਜਲੀ ਕਾਮਿਆਂ ਅਤੇ ਹੋਰ ਕਿਰਤੀ ਲੋਕਾਂ ਉਪਰ ਸਾਮਰਾਜੀ, ਨਿੱਜੀਕਰਨ, ਨਿਗਮੀਕਰਨ ਦੀ ਨੀਤੀ ਤਹਿਤ ਲੁੱਟ ਅਤੇ ਜਬਰ ਦਾ ਹੱਲਾ ਵਿੱਢਿਆ ਹੋਇਆ ਹੈ। ਇਸ ਹੱਲੇ ਦੇ ਵਿਰੋਧ ਵਿਚ ਵੱਖ-ਵੱਖ ਜਥੇਬੰਦੀਆਂ ਅਤੇ ਫੈੱਡਰੇਸ਼ਨਾਂ ਦੀ ਅਗਵਾਈ ’ਚ ਦੂਸਰੇ ਦਿਨ ਵੀ ਮੁਕੰਮਲ ਹਡ਼ਤਾਲ ਕੀਤੀ ਗਈ।  ਟੈਕਨੀਕਲ ਸਰਵਿਸਿਜ਼ ਦੇ ਪ੍ਰਧਾਨ ਕਮਲੇਸ਼ ਕੁਮਾਰ ਨੇ ਕਿਹਾ ਕਿ ਮੋਦੀ ਸਰਕਾਰ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੇ ਲੋਕ ਦੋਖੀ ਹੱਲੇ ਨੂੰ ਬਡ਼ੀ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ।  ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਕੰਪਨੀਆਂ ਦੀ ਮੈਨੇਜਮੈਂਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਕਾਰਪੋਰੇਟ ਪੱਖੀ ਮਾਡਲ ਲਾਗੂ ਕਰਦਿਆਂ ਸਰਕਾਰੀ ਥਰਮਲ ਬੰਦ ਕੀਤੇ ਜਾ ਰਹੇ ਹਨ, ਕੱਚੇ ਕਾਮਿਆਂ ਦੀ ਛਾਂਟੀ ਅਤੇ ਬਿਜਲੀ ਮੁਲਾਜ਼ਮਾਂ ਦਾ ਉਜਾਡ਼ਾ ਕੀਤਾ ਜਾ ਰਿਹਾ ਹੈ। ਇਸ ਮੌਕੇ ਮੰਦਰ ਸਿੰਘ, ਗੁਰਪ੍ਰੀਤ ਸਿੰਘ, ਰਛਪਾਲ ਸਿੰਘ ਸਵਰਨ ਸਿੰਘ ਨੇ ਸੰਬੋਧਨ ਕੀਤਾ।
 ਇਸੇ ਤਰ੍ਹਾਂ ਬਾਘਾਪੁਰਾਣਾ ਦੇ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਮਿਡ-ਡੇ ਮੀਲ ਕੁੱਕ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਕਰਮਚੰਦ ਚਿਡਾਲੀਆ, ਸਫਾਈ ਸੇਵਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਮਾਤਾਦੀਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵਿਭਾਗਾਂ ਦਾ ਪੰਚਾਇਤੀਕਰਨ ਬੰਦ ਕਰੇ, ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਨਕਦ ਦਿੱਤੀਆਂ ਜਾਣ, ਮਹਿੰਗਾਈ ਭੱਤੇ ਦੇ 22 ਮਹੀਨੇ ਦੇ ਬਕਾਏ ਦਾ ਭੁਗਤਾਨ ਕਰੇੇ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰ ਕੇ ਤਨਖਾਹ, ਪੈਨਸ਼ਨਾਂ ਦੇ ਬਕਾਏ ਦਾ ਭੁਗਤਾਨ ਕੀਤਾ ਜਾਵੇ, ਆਸ਼ਾ ਵਰਕਰਾਂ, ਦਸੰਬਰ 2016 ਦੇ ਐਕਟ ਅਨੁਸਾਰ ਕੱਚੇ, ਆਊਟਸੋਰਸਿੰਗ, ਵੱਖ-ਵੱਖ ਸੋਸਾਇਟੀ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ’ਤੇ ਰੈਗੂਲਰ ਕੀਤਾ ਜਾਵੇ। ਇਸ ਮੌਕੇ ਰੇਸ਼ਮ ਸਿੰਘ, ਸੱਤਿਆ ਪ੍ਰਕਾਸ਼, ਰਾਜੂ ਸਿੰਘ, ਕਾਲਾ ਸਿੰਘ, ਚੰਦਰਦੇਵ, ਨਸੀਬ ਕੌਰ, ਬੇਅੰਤ ਕੌਰ, ਕੁਲਵੰਤ ਕੌਰ, ਜਗਤਾਰ ਕੌਰ, ਜਗਰੂਪ ਸਿੰਘ ਆਦਿ ਹਾਜ਼ਰ ਸਨ।
 ਬੱਧਨੀ ਕਲਾਂ ਤੋਂ ਬੱਬੀ : ਕੌਮੀ ਪੱਧਰ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਐਲਾਨੀ ਗਈ ਦੋ ਰੋਜ਼ਾ ਹਡ਼ਤਾਲ ਦੇ ਅੱਜ ਦੂਜੇ ਦਿਨ ਬਿਜਲੀ ਮੁਲਾਜ਼ਮਾਂ ਵੱਲੋਂ ਸਬ-ਡਵੀਜ਼ਨ ਬੱਧਨੀ ਕਲਾਂ ਵਿਖੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ’ਚ ਰੈਲੀ ਕੀਤੀ ਗਈ, ਇਸ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰੈਗੂਲੇਟਰੀ ਬਿੱਲ 2018 ਪਾਸ ਕਰ ਕੇ ਪੂਰੇ ਹਿੰਦੁਸਤਾਨ ਦੇ ਬਿਜਲੀ ਬੋਰਡਾਂ ਤੇ ਕਾਰਪੋਰੇਸ਼ਨਾਂ ਦਾ ਭੋਗ ਪਾਉਂਦਿਆਂ ਠੇਕੇਦਾਰਾਂ ਨੂੰ ਵੇਚਿਆ ਜਾ ਰਿਹਾ ਹੈ। ਸਰਕਾਰੀ ਅਦਾਰਿਆਂ ’ਚ ਇਸ ਕਡ਼ੀ ਤਹਿਤ ਇਹ ਠੇਕੇਦਾਰੀ ਸਿਸਟਮ ਲਾਗੂ ਵੀ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਬੰਦ ਕਰਕੇ ਕਰ ਕੇ ਧਡ਼ਾਧਡ਼ ਠੇਕੇ ’ਤੇ ਭਰਤੀ ਕੀਤੀ ਜਾ ਰਹੀ ਹੈ। ਅੱਜ ਦੀ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ  ਸਰਕਾਰ ਨੂੰ ਚਿਤਾਵਨੀ ਦਿੱਤੀ  ਕਿ ਜੇਕਰ ਸਰਕਾਰ ਨੇ ਸਾਡੀਅਾਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ’ਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
 ਇਸ ਮੌਕੇ ਟੀ. ਐੱਸ. ਯੂ. ਆਗੂ ਮੱਖਣ ਸਿੰਘ, ਮੁਖਤਿਆਰ ਸਿੰਘ, ਨਿਰੰਜਣ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਬੰਤਾ ਸਿੰਘ, ਕੌਰ ਚੰਦ, ਜਗਜੀਤ ਸਿੰਘ, ਸੇਵਕ ਸਿੰਘ, ਜਰਨੈਲ ਸਿੰਘ, ਜਗਦੀਸ਼ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ। 
 ਕੋਟ ਈਸੇ ਖਾਂ ਤੋਂ ਗਰੋਵਰ ਗਾਂਧੀ : ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ- ਡਵੀਜ਼ਨ ਕੋਟ ਈਸੇ ਖਾਂ ਦੇ ਸਮੂਹ ਸਾਥੀਆਂ ਵੱਲੋਂ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਕੌਮੀ ਫੈੱਡਰੇਸ਼ਨ ਦੇ ਸੱਦੇ ਉੱਪਰ ਹਡ਼ਤਾਲ ਕੀਤੀ ਗਈ ਹੈ ਅਤੇ ਸਮੂਹ ਕਰਮਚਾਰੀਆਂ ਵੱਲੋਂ ਸਬ-ਡਵੀਜ਼ਨ ਦੇ ਗੇਟ ਅੱਗੇ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਇੰਦਰਜੀਤ ਸਿੰਘ ਸਿਟੀ ਪ੍ਰਧਾਨ  ਮੰਡ ਮੋਗਾ, ਬਲਵਿੰਦਰ ਸਿੰਘ ਸਾਬਕਾ ਪ੍ਰਧਾਨ ਸਿਟੀ ਮੰਡਲ ਮੋਗਾ, ਕੇਸਰ ਸਿੰਘ ਪ੍ਰਧਾਨ ਸਬ-ਡਵੀਜ਼ਨ, ਪਰਦੀਪ ਕੁਮਾਰ ਸਕੱਤਰ, ਸੇਵਕ ਸਿੰਘ ਮੀਤ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਐਕਟ 2003 ਪਾਸ ਕਰ ਕੇ ਸਮੁੱਚੇ ਬਿਜਲੀ ਬੋਰਡ ਭੰਗ ਕਰ ਕੇ ਕੰਪਨੀਆਂ ਬਣਵਾਈਆਂ ਗਈਆਂ, ਜਿਸ ਦੇ ਤਹਿਤ ਪਾਵਰਕਾਮ ਦਾ ਸਮੁੱਚਾ ਕੰਮ ਆਊਟ ਸੋਰਸਿੰਗ ਰਾਹੀ ਠੇਕੇਦਾਰਾਂ ਕੋਲੋਂ ਕਰਵਾਇਆ ਜਾ ਰਿਹਾ। ਆਗੂਆਂ ਨੇ ਮੰਗ ਗੀਤੀ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਫੋਰਮ ਪੰਜਾਬ ਨਾਲ ਕੀਤੇ ਸਮਝੌਤੇ ਲਾਗੂ ਕੀਤੇ ਜਾਣ, ਜਿਵੇਂ ਕਿ ਪੇ ਬੈਂਡ ਲਾਗੂ ਕਰਨਾ, 23 ਸਾਲਾ ਤਰੱਕੀ ਬਿਨਾਂ ਸ਼ਰਤ ਹਰੇਕ ਮੁਲਾਜ਼ਮਾਂ ਨੂੰ, ਪੈਨਸ਼ਨਰ ਅਤੇ ਹੋਰ  ਮੰਗਾਂ ਨੂੰ ਲਾਗੂ ਕੀਤਾ ਜਾਵੇ।
 ਧਰਮਕੋਟ ਤੋਂ ਸਤੀਸ਼ : ਮੰਗਾਂ ਨੂੰ ਲੈ ਕੇ ਨਗਰ ਕੌਂਸਲ ਧਰਮਕੋਟ ਦੇ ਸਫਾਈ ਮੁਲਾਜ਼ਮਾਂ ਨੇ ਮੁਕੰਮਲ ਹਡ਼ਤਾਲ ਕੀਤੀ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਾਹੁਲ ਪ੍ਰਧਾਨ, ਚੰਦਰ ਜ਼ਿਲਾ ਪ੍ਰਧਾਨ, ਰਵੀ ਕੁਮਾਰ, ਸੋਨੂੰ ਕੁਮਾਰ, ਬੱਬੂ ਸਿੰਘ, ਰਮੇਸ਼ ਤੇ ਹੋਰ ਮੁਲਾਜ਼ਮ ਹਾਜ਼ਰ ਸਨ। ਮੁਲਾਜ਼ਮ ਮੰਗ ਕਰ ਰਹੇ ਸਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ। ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਡੀ.ਏ .ਦੀ ਕਿਸ਼ਤ ਜਾਰੀ ਕੀਤੀ ਜਾਵੇ।


Shyna

Content Editor

Related News